
ਕਿਹਾ - ਪਾਕਿਸਤਾਨ ਨੇ ਬਗ਼ੈਰ ਕਿਸੇ ਨਿਗਰਾਨੀ ਤੋਂ ਰੱਖੇ ਹੋਏ ਨੇ ਪ੍ਰਮਾਣੂ ਹਥਿਆਰ
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਪਾਕਿਸਤਾਨ ਨੂੰ ਦੁਨੀਆ ਦਾ ਸਭ ਤੋਂ ਖ਼ਤਰਨਾਕ ਦੇਸ਼ ਕਰਾਰ ਦਿੱਤਾ ਹੈ। ਉਨ੍ਹਾਂ ਨੇ ਸ਼ਨੀਵਾਰ ਨੂੰ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸ਼ਾਇਦ ਦੁਨੀਆ ਦੇ ਸਭ ਤੋਂ ਖਤਰਨਾਕ ਦੇਸ਼ਾਂ 'ਚੋਂ ਇਕ ਪਾਕਿਸਤਾਨ ਹੈ। ਉਨ੍ਹਾਂ ਕੋਲ ਬਗ਼ੈਰ ਕਿਸੇ ਨਿਗਰਾਨੀ ਦੇ ਪ੍ਰਮਾਣੂ ਹਥਿਆਰ ਹਨ। ਰਿਪੋਰਟਾਂ ਮੁਤਾਬਕ ਪਾਕਿਸਤਾਨ ਕੋਲ 160 ਪ੍ਰਮਾਣੂ ਬੰਬ ਹੋਣ ਦਾ ਅੰਦਾਜ਼ਾ ਹੈ।
ਰਾਸ਼ਟਰਪਤੀ ਬਾਇਡਨ ਚੀਨ ਅਤੇ ਰੂਸ ਨੂੰ ਲੈ ਕੇ ਅਮਰੀਕੀ ਵਿਦੇਸ਼ ਨੀਤੀ 'ਤੇ ਚਰਚਾ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜਿਨਪਿੰਗ ਅਜਿਹੇ ਵਿਅਕਤੀ ਹਨ ਜੋ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਹਨ। ਅਸੀਂ (ਅਮਰੀਕਾ) ਇਸ ਨੂੰ ਕਿਵੇਂ ਸੰਭਾਲਦੇ ਹਾਂ। ਅਸੀਂ ਰੂਸ ਵਿੱਚ ਜੋ ਹੋ ਰਿਹਾ ਹੈ ਉਸ ਨਾਲ ਕਿਵੇਂ ਨਜਿੱਠਣਾ ਹੈ... ਮੈਨੂੰ ਲੱਗਦਾ ਹੈ ਕਿ ਸ਼ਾਇਦ ਦੁਨੀਆ ਦੇ ਸਭ ਤੋਂ ਖਤਰਨਾਕ ਦੇਸ਼ਾਂ ਵਿੱਚੋਂ ਇੱਕ ਪਾਕਿਸਤਾਨ ਹੈ।
8 ਸਤੰਬਰ ਨੂੰ ਅਮਰੀਕਾ ਨੇ ਐੱਫ-16 ਲੜਾਕੂ ਜਹਾਜ਼ਾਂ ਦੇ ਰੱਖ-ਰਖਾਅ ਲਈ ਪਾਕਿਸਤਾਨ ਨੂੰ 45 ਕਰੋੜ ਡਾਲਰ ਯਾਨੀ 3,581 ਮਿਲੀਅਨ ਦੀ ਮਨਜ਼ੂਰੀ ਦਿੱਤੀ ਸੀ। ਪਿਛਲੇ ਚਾਰ ਸਾਲਾਂ ਵਿੱਚ ਇਸਲਾਮਾਬਾਦ ਨੂੰ ਦਿੱਤੀ ਗਈ ਇਹ ਸਭ ਤੋਂ ਵੱਡੀ ਸੁਰੱਖਿਆ ਸਹਾਇਤਾ ਸੀ। ਇਸ ਦੇ ਬਾਵਜੂਦ ਰਾਸ਼ਟਰਪਤੀ ਜੋਅ ਬਾਇਡਨ ਦਾ ਪਾਕਿਸਤਾਨ ਨੂੰ ਸਭ ਤੋਂ ਖਤਰਨਾਕ ਦੇਸ਼ ਦੱਸਣ ਵਾਲਾ ਬਿਆਨ ਸਾਹਮਣੇ ਆਇਆ ਹੈ।
ਪਰਮਾਣੂ ਹਥਿਆਰਾਂ ਦੀ ਵਰਤੋਂ 'ਤੇ ਪਾਕਿਸਤਾਨ ਦੀ ਕੀ ਨੀਤੀ ਹੈ?
ਪਾਕਿਸਤਾਨ ਦੀ ਕੋਈ 'ਨੋ ਫਰਸਟ ਯੂਜ਼' ਪਰਮਾਣੂ ਨੀਤੀ ਨਹੀਂ ਹੈ। ਇਹ ਸਿਰਫ ਪਾਕਿਸਤਾਨ ਦੀ ਹਾਈਕਮਾਂਡ 'ਤੇ ਨਿਰਭਰ ਕਰਦਾ ਹੈ ਕਿ ਉਸ ਨੇ ਕਦੋਂ ਅਤੇ ਕਿਸ ਹਾਲਾਤ ਵਿਚ ਪ੍ਰਮਾਣੂ ਹਮਲਾ ਕਰਨਾ ਹੈ। 1999 ਵਿੱਚ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ 'ਨੋ ਫਰਸਟ ਯੂਜ਼' ਦੀ ਪ੍ਰਮਾਣੂ ਨੀਤੀ ਨੂੰ ਇਹ ਕਹਿ ਕੇ ਰੱਦ ਕਰ ਦਿੱਤਾ ਸੀ, 'ਅਸੀਂ ਆਪਣੇ ਦੇਸ਼ ਦੀ ਸੁਰੱਖਿਆ ਲਈ ਹਰ ਲੋੜੀਂਦੇ ਹਥਿਆਰ ਦੀ ਵਰਤੋਂ ਕਿਸੇ ਵੀ ਸਮੇਂ ਕਰ ਸਕਦੇ ਹਾਂ।' ਇਸ ਦੇ ਨਾਲ ਹੀ ਭਾਰਤ ਨੇ ਸਾਲ 1999 ਵਿੱਚ 'ਨੋ ਫਰਸਟ ਯੂਜ਼' ਦੀ ਆਪਣੀ ਪ੍ਰਮਾਣੂ ਨੀਤੀ ਦਾ ਐਲਾਨ ਕੀਤਾ ਸੀ। ਇਸ ਮੁਤਾਬਕ ਭਾਰਤ ਪਹਿਲਾਂ ਕਦੇ ਵੀ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਨਹੀਂ ਕਰੇਗਾ। ਪ੍ਰਮਾਣੂ ਹਮਲੇ ਦੀ ਸੂਰਤ ਵਿੱਚ ਹੀ ਭਾਰਤ ਆਪਣੇ ਪ੍ਰਮਾਣੂ ਹਥਿਆਰਾਂ ਦਾ ਸਹਾਰਾ ਲਵੇਗਾ।