ਪਿਓ-ਪੁੱਤ ਸਨ ਗੋਲੀਆਂ ਚਲਾਉਣ ਵਾਲੇ ਹਮਲਾਵਰ, ਸਾਜਿਦ ਅਕਰਮ ਤੇ ਨਵੀਦ ਅਕਰਮ ਵਜੋਂ ਹੋਈ ਪਛਾਣ
ਸਿਡਨੀ/ਸ਼ਾਹ : ਆਸਟਰੇਲੀਆ ਦੇ ਸਿਡਨੀ ਵਿਚ ਐਤਵਾਰ ਨੂੰ ਬਾਂਡੀ ਬੀਚ ’ਤੇ ਹੋਏ ਅੱਤਵਾਦੀ ਹਮਲੇ ਦਾ ਕੁਨੈਕਸ਼ਨ ਪਾਕਿਸਤਾਨ ਦੇ ਨਾਲ ਜੁੜਦਾ ਦਿਖਾਈ ਦੇ ਰਿਹਾ ਏ ਕਿਉਂਕਿ ਪੁਲਿਸ ਨੂੰ ਸ਼ੱਕ ਐ ਕਿ ਗੋਲੀਆਂ ਚਲਾਉਣ ਵਾਲੇ ਹਮਲਾਵਰ ਪਿਓ-ਪੁੱਤ ਪਾਕਿਸਤਾਨੀ ਮੂਲ ਦੇ ਨੇ। ਇਸ ਹਮਲੇ ਦੌਰਾਨ 50 ਸਾਲਾ ਹਮਲਾਵਰ ਸਾਜਿਦ ਅਕਰਮ ਦੀ ਮੌਕੇ ’ਤੇ ਹੀ ਪੁਲਿਸ ਦੀ ਗੋਲੀ ਨਾਲ ਮੌਤ ਹੋ ਗਈ ਸੀ ਜਦਕਿ ਉਸ ਦੇ 24 ਸਾਲਾ ਬੇਟੇ ਨਵੀਦ ਅਕਰਮ ਨੂੰ ਜ਼ਖ਼ਮੀ ਹਾਲਤ ਵਿਚ ਗ੍ਰਿਫ਼ਤਾਰ ਕਰ ਲਿਆ ਸੀ ਜੋ ਹਸਪਤਾਲ ਵਿਚ ਦਾਖ਼ਲ ਹੈ।
ਆਸਟਰੇਲੀਆ ਦੇ ਗ੍ਰਹਿ ਮੰਤਰੀ ਟੋਨੀ ਬਰਕ ਨੇ ਖ਼ੁਲਾਸਾ ਕੀਤਾ ਕਿ ਸਾਜਿਦ ਅਕਰਮ 1998 ਵਿਚ ਸਟੂਡੈਂਟ ਵੀਜ਼ੇ ’ਤੇ ਆਸਟਰੇਲੀਆ ਆਇਆ ਸੀ, ਉਸ ਨੇ ਵੇਰੇਨਾ ਨਾਂਅ ਦੀ ਆਸਟਰੇਲੀਅਨ ਔਰਤ ਦੇ ਨਾਲ ਵਿਆਹ ਕੀਤਾ ਅਤੇ ਆਪਣਾ ਵੀਜ਼ਾ ਪਾਰਟਨਰ ਵੀਜ਼ੇ ਵਿਚ ਬਦਲ ਲਿਆ। ਉਦੋਂ ਤੋਂ ਹੀ ਉਹ ਰੈਜੀਡੈਂਟ ਰਿਟਰਨ ਵੀਜ਼ੇ ’ਤੇ ਸੀ, ਯਾਨੀ ਸਾਜਿਦ ਅਕਰਮ ਦੇ ਕੋਲ ਆਸਟਰੇਲੀਆ ਦੀ ਨਾਗਰਿਕਤਾ ਨਹੀਂ ਸੀ। ਬਰਕ ਨੇ ਇਹ ਨਹੀਂ ਦੱਸਿਆ ਕਿ ਅਕਰਮ ਆਸਟਰੇਲੀਆ ਵਿਚ ਕਿੱਥੋਂ ਆ ਕੇ ਵਸਿਆ ਸੀ, ਹਾਲਾਂਕਿ ਉਨ੍ਹਾਂ ਆਖਿਆ ਕਿ ਅਜਿਹੀਆਂ ਖ਼ਬਰਾਂ ਨੇ ਕਿ ਉਹ ਪਾਕਿਸਤਾਨ ਤੋਂ ਆਇਆ ਸੀ,, ਪਰ ਅਕਰਮ ਦਾ ਬੇਟਾ ਨਵੀਦ 2001 ਵਿਚ ਆਸਟ੍ਰੇਲੀਆ ਵਿਚ ਪੈਦਾ ਹੋਇਆ ਅਤੇ ਉਹ ਇਕ ਆਸਟਰੇਲੀਆਈ ਨਾਗਰਿਕ ਹੈ।
ਜਾਣਕਾਰੀ ਅਨੁਸਾਰ ਨਵੀਦ ਅਕਤੂਬਰ 2019 ਵਿਚ ਆਸਟਰੇਲੀਆ ਸੁਰੱਖਿਆ ਖ਼ੁਫ਼ੀਆ ਸੰਗਠਨ ਦੇ ਜਾਂਚ ਘੇਰੇ ਵਿਚ ਆਇਆ ਸੀ। ਹਾਲਾਂਕਿ ਉਸ ਸਮੇਂ ਉਸ ਦੇ ਖ਼ਿਲਾਫ਼ ਹਿੰਸਾ ਵਿਚ ਸ਼ਾਮਲ ਹੋਣ ਜਾਂ ਕਿਸੇ ਵੀ ਤਰ੍ਹਾਂ ਦੇ ਖ਼ਤਰੇ ਦਾ ਕੋਈ ਸੰਕੇਤ ਨਹੀਂ ਮਿਲਿਆ ਸੀ। ਹਮਲੇ ਨੂੰ ਲੈ ਕੇ ਵੇਰੇਨਾ ਨੇ ਮੀਡੀਆ ਨੂੰ ਦੱਸਿਆ ਕਿ ਮੈਨੂੰ ਯਕੀਨ ਨਹੀਂ ਹੋ ਰਿਹਾ ਕਿ ਉਸ ਨੇ ਕੋਈ ਅੱਤਵਾਦੀ ਹਮਲਾ ਕੀਤਾ ਏ। ਉਸ ਨੇ ਕਿਹਾ ਕਿ ਉਸ ਦਾ ਬੇਟਾ ਬਹੁਤ ਚੰਗਾ ਏ ਅਤੇ ਉਹ ਕਦੇ ਗ਼ਲਤ ਸੰਗਤ ਵਿਚ ਵੀ ਨਹੀਂ ਰਿਹਾ।
ਪੁਲਿਸ ਮੁਤਾਬਕ ਸਾਜਿਦ ਅਕਰਮ ਦੇ ਕੋਲ ਲਾਇਸੈਂਸੀ ਰਾਈਫ਼ਲ ਸੀ, ਜਿਸ ਨਾਲ ਉਹ ਸ਼ਿਕਾਰ ਕਰਦੇ ਸੀ। ਪੁਲਿਸ ਕਮਿਸ਼ਨਰ ਮਲ ਲੈਨਯਨ ਨੇ ਆਖਿਆ ਕਿ ਸਾਜਿਦ ਅਕਰਮ ਇਕ ਗੰਨ ਕਲੱਬ ਦਾ ਮੈਂਬਰ ਸੀ ਅਤੇ ਰਾਜ ਦੇ ਕਾਨੂੰਨ ਤਹਿਤ ਉਸ ਦੇ ਕੋਲ ਕਾਨੂੰਨੀ ਤੌਰ ’ਤੇ 6 ਰਾਈਫ਼ਲਾਂ ਸਨ। ਹਮਲਾ ਕਰਨ ਤੋਂ ਪਹਿਲਾਂ ਉਹ ਮੱਛੀਆਂ ਫੜਨ ਦੀ ਗੱਲ ਆਖ ਕੇ ਘਰੋਂ ਗਏ ਸੀ। ਇਕ ਰਿਪੋਰਟ ਮੁਤਾਬਕ ਸਾਜਿਦ ਅਕਰਮ ਕਿਰਾਏ ਦੇ ਮਕਾਨ ਵਿਚ ਰਹਿੰਦਾ ਸੀ ਅਤੇ ਉਸ ਨੇ ਫ਼ਲਾਂ ਦੀ ਦੁਕਾਨ ਕੀਤੀ ਹੋਈ ਸੀ।
ਉਧਰ ਇਜ਼ਰਾਇਲੀ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਆਸਟਰੇਆਈ ਸਰਕਾਰ ਦੀਆਂ ਨੀਤੀਆਂ ਨੂੰ ਹਮਲੇ ਦੇ ਲਈ ਜ਼ਿੰਮੇਵਾਰ ਦੱਸਿਆ। ਉਨ੍ਹਾਂ ਮੁਤਾਬਕ ਸਰਕਾਰ ਦੀਆਂ ਨੀਤੀਆਂ ਨੇ ਅੱਗ ਵਿਚ ਘੀ ਪਾਉਣ ਦਾ ਕੰਮ ਕੀਤਾ ਏ। ਨੇਤਨਯਾਹੂ ਨੇ ਆਖਿਆ ਕਿ ਉਨ੍ਹਾਂ ਵੱਲੋਂ ਪਹਿਲਾਂ ਹੀ ਆਸਟਰੇਲੀਆ ਸਰਕਾਰ ਨੂੰ ਚਿਤਾਵਨੀ ਜਾਰੀ ਕੀਤੀ ਗਈ ਸੀ ਪਰ ਇਸ ਦੇ ਬਾਵਜੂਦ ਸਰਕਾਰ ਨੇ ਕੁੱਝ ਨਹੀਂ ਕੀਤਾ, ਜਿਸ ਦੇ ਨਤੀਜੇ ਵਜੋਂ ਇਹ ਭਿਆਨਕ ਹਮਲਾ ਹੋ ਗਿਆ।
ਦੱਸ ਦਈਏ ਕਿ ਇਸ ਹਮਲੇ ਦੌਰਾਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 16 ਹੋ ਗਈ ਐ, ਜਿਨ੍ਹਾਂ ਵਿਚ ਇਕ 10 ਸਾਲਾ ਬੱਚੀ ਅਤੇ ਇਕ ਇਜ਼ਾਰਾਇਲੀ ਨਾਗਰਿਕ ਵੀ ਸ਼ਾਮਲ ਐ ਜਦਕਿ 45 ਲੋਕ ਜ਼ਖ਼ਮੀ ਨੇ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
