
1993 ਵਿੱਚ ਸ਼ੁਰੂ ਕੀਤਾ ਗਿਆ ਸੀ ਇਹ ਅਭਿਆਸ
ਨਵੀਂ ਦਿੱਲੀ - ਭਾਰਤ ਅਤੇ ਫ਼ਰਾਂਸ ਵਿਚਕਾਰ ਜਲ ਸੈਨਾ ਦਾ 21ਵਾਂ ਸਾਂਝਾ ਅਭਿਆਸ ਸੋਮਵਾਰ ਨੂੰ ਪੱਛਮੀ ਸਮੁੰਦਰੀ ਤੱਟ ‘ਤੇ ਸ਼ੁਰੂ ਹੋਇਆ। ਭਾਰਤੀ ਜਲ ਸੈਨਾ ਨੇ ਇੱਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ।
ਭਾਰਤ ਅਤੇ ਫ਼ਰਾਂਸ ਨੇ ਸੰਯੁਕਤ ਜਲ ਸੈਨਾ ਅਭਿਆਸ 1993 ਵਿੱਚ ਸ਼ੁਰੂ ਕੀਤਾ ਸੀ। 2001 ਵਿੱਚ ਇਸ ਅਭਿਆਸ ਨੂੰ ‘ਵਰੁਣ’ ਦਾ ਨਾਮ ਦਿੱਤਾ ਗਿਆ ਸੀ। ਇਹ ਅਭਿਆਸ 'ਭਾਰਤ ਅਤੇ ਫ਼ਰਾਂਸ ਵਿਚਕਾਰ ਦੁਵੱਲੇ ਰਣਨੀਤਕ ਸਬੰਧਾਂ ਦੀ ਪਛਾਣ' ਬਣ ਗਿਆ ਹੈ।
ਜਲ ਸੈਨਾ ਵੱਲੋਂ ਜਾਰੀ ਬਿਆਨ ਅਨੁਸਾਰ ਇਸ ਸਾਲ ਦੇ ਅਭਿਆਸ ਵਿੱਚ ਸਵਦੇਸ਼ੀ ਨਿਰਦੇਸ਼ਿਤ ਮਿਜ਼ਾਈਲ ਵਿਨਾਸ਼ਕ ਜਹਾਜ਼ ਆਈਐਨਐਸ ਚੇਨਈ, ਨਿਰਦੇਸ਼ਿਤ ਮਿਜ਼ਾਈਲ ਜਹਾਜ਼ ਆਈਐਨਐਸ ਤੇਗ, ਸਮੁੰਦਰੀ ਗਸ਼ਤੀ ਜਹਾਜ਼ ਪੀ-8ਆਈ ਅਤੇ ਡੌਰਨੀਅਰ, ਹੈਲੀਕਾਪਟਰ ਅਤੇ ਮਿਗ29ਕੇ ਲੜਾਕੂ ਜਹਾਜ਼ ਹਿੱਸਾ ਲੈਣਗੇ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਹਵਾਈ ਜਹਾਜ਼ਾਂ ਦੀ ਆਵਾਜਾਈ ਵਾਲਾ ਸਮੁੰਦਰੀ ਜਹਾਜ਼ ਚਾਰਲਸ ਡੀ ਗੌਲ, ਜੰਗੀ ਸਮੁੰਦਰੀ ਜਹਾਜ਼ ਐਫਐਸ ਫੋਰਬਿਨ ਅਤੇ ਪ੍ਰੋਵੈਂਸ, ਸਹਾਇਕ ਜਹਾਜ਼ ਐਫਐਸ ਮਾਰਨੇ ਅਤੇ ਸਮੁੰਦਰੀ ਗਸ਼ਤੀ ਜਹਾਜ਼ ਐਟਲਾਂਟਿਕ ਫ਼ਰਾਂਸੀਸੀ ਜਲ ਸੈਨਾ ਦੀ ਨੁਮਾਇੰਦਗੀ ਕਰਨਗੇ।
ਬਿਆਨ ਅਨੁਸਾਰ ਇਹ ਅਭਿਆਸ 16 ਜਨਵਰੀ ਤੋਂ 20 ਜਨਵਰੀ ਤੱਕ ਪੰਜ ਦਿਨ ਚੱਲੇਗਾ ਅਤੇ ਇਸ ਵਿੱਚ ਉੱਨਤ ਹਵਾਈ ਰੱਖਿਆ ਅਭਿਆਸ, ਰਣਨੀਤਕ ਅਭਿਆਸ, ਸਤ੍ਹਾ 'ਤੇ ਗੋਲੀਬਾਰੀ ਅਤੇ ਹੋਰ ਸਮੁੰਦਰੀ ਗਤੀਵਿਧੀਆਂ ਸ਼ਾਮਲ ਹੋਣਗੀਆਂ।
ਭਾਰਤੀ ਜਲ ਸੈਨਾ ਨੇ ਕਿਹਾ, "ਦੋਵੇਂ ਜਲ ਸੈਨਾ ਸਮੁੰਦਰੀ ਥੀਏਟਰ ਵਿੱਚ ਆਪਣੇ ਜੰਗੀ ਹੁਨਰ ਨੂੰ ਵਧਾਉਣ, ਸਮੁੰਦਰੀ ਖੇਤਰ ਵਿੱਚ ਬਹੁ-ਪੱਖੀ ਮਿਸ਼ਨ ਚਲਾਉਣ ਦੀ ਆਪਣੀ ਸਮਰੱਥਾ ਨੂੰ ਵਧਾਉਣ ਅਤੇ ਸ਼ਾਂਤੀ, ਸੁਰੱਖਿਆ ਤੇ ਸਥਿਰਤਾ ਨੂੰ ਉਤਸ਼ਾਹਿਤ ਕਰਨ ਲਈ ਇੱਕ ਏਕੀਕ੍ਰਿਤ ਬਲ ਦੇ ਰੂਪ ਵਿੱਚ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨਗੀਆਂ"
ਭਾਰਤੀ ਜਲ ਸੈਨਾ ਨੇ ਕਿਹਾ ਕਿ ਇਹ ਅਭਿਆਸ ਪਿਛਲੇ ਕੁਝ ਸਾਲਾਂ ਵਿੱਚ ਇਸ ਅਭਿਆਸ ਦਾ ਦਾਇਰਾ ਵਧਿਆ ਹੈ, ਜਿਸ ਨਾਲ ਦੋਵਾਂ ਦੇਸ਼ਾਂ ਦੀਆਂ ਜਲ ਸੈਨਾਵਾਂ ਨੂੰ ਇੱਕ ਦੂਜੇ ਦੇ ਵਧੀਆ ਅਭਿਆਸਾਂ ਤੋਂ ਸਿੱਖਣ ਦਾ ਮੌਕਾ ਮਿਲਦਾ ਹੈ।
ਜਲ ਸੈਨਾ ਦੇ ਅਨੁਸਾਰ, "ਇਹ ਅਭਿਆਸ ਸਮੁੰਦਰ ਵਿੱਚ ਚੰਗੀ ਵਿਵਸਥਾ ਲਈ ਆਪਸੀ ਸਹਿਯੋਗ ਨੂੰ ਉਤਸ਼ਾਹਤ ਕਰਨ ਲਈ ਦੋਵਾਂ ਜਲ ਸੈਨਾਵਾਂ ਦਰਮਿਆਨ ਸੰਚਾਲਨ ਪੱਧਰ ਦੀ ਗੱਲਬਾਤ ਦੀ ਸਹੂਲਤ ਦਿੰਦਾ ਹੈ। ਵਿਸ਼ਵ ਪੱਧਰੀ ਸਮੁੰਦਰੀ ਖੇਤਰ ਵਿੱਚ ਸ਼ਾਂਤੀ, ਸਥਿਰਤਾ, ਸੁਰੱਖਿਆ ਅਤੇ ਅਜ਼ਾਦੀ ਲਈ ਦੋਵਾਂ ਦੇਸ਼ਾਂ ਦੀ ਸਾਂਝੀ ਵਚਨਬੱਧਤਾ ਨੂੰ ਵੀ ਰੇਖਾਂਕਿਤ ਕਰਦਾ ਹੈ।"