
ਟਰੰਪ ਨੇ ਅਮਰੀਕਾ ਆਉਣ ’ਤੇ ਲਗਾਈ ਪਾਬੰਦੀ, ਬਾਈਡੇਨ ਨੇ ਸ਼ਰਨ ਦੇਣ ਦਾ ਕੀਤਾ ਸੀ ਵਾਅਦਾ
Pakistan News: ਅਮਰੀਕਾ ਜਾਣ ਵਾਲੇ ਅਫ਼ਗ਼ਾਨ ਲੋਕ ਹੁਣ ਅਫ਼ਗ਼ਾਨਿਸਤਾਨ ਵਿਚ ਤਾਲਿਬਾਨ ਦੇ ਰਾਜ ਦੇ ਡਰ ਕਾਰਨ ਪਾਕਿਸਤਾਨ ਵਿਚ ਫਸ ਗਏ ਹਨ। ਕਾਰਨ ਹੈ ਸ਼ਰਨਾਰਥੀਆਂ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਾਰਜਕਾਰੀ ਆਦੇਸ਼ ਜਾਰੀ ਹੋਇਆ ਹੈ। ਇਸ ਹੁਕਮ ਤਹਿਤ ਅਗਲੇ 90 ਦਿਨਾਂ ਤਕ ਕਿਸੇ ਵੀ ਦੇਸ਼ ਦੇ ਸ਼ਰਨਾਰਥੀ ਅਮਰੀਕਾ ਨਹੀਂ ਆ ਸਕਦੇ ਹਨ।
ਪਾਕਿਸਤਾਨ ਵਿਚ 15 ਹਜ਼ਾਰ ਤੋਂ ਵੱਧ ਸ਼ਰਨਾਰਥੀ ਹਨ ਜਿਨ੍ਹਾਂ ਨੂੰ ਬਾਈਡੇਨ ਪ੍ਰਸ਼ਾਸਨ ਨੇ ਅਪਣੇ ਦੇਸ਼ ਵਿਚ ਆਉਣ ਦੀ ਇਜਾਜ਼ਤ ਦਿਤੀ ਸੀ। ਜ਼ਿਕਰਯੋਗ ਹੈ ਕਿ ਅਮਰੀਕਾ ਨੇ 2021 ਵਿਚ ਅਫ਼ਗ਼ਾਨਿਸਤਾਨ ਛੱਡਣ ਤੋਂ ਪਹਿਲਾਂ ਹਜ਼ਾਰਾਂ ਸ਼ਰਨਾਰਥੀਆਂ ਨੂੰ ਦੇਸ਼ ਵਿਚ ਰਹਿਣ ਦਾ ਵਾਅਦਾ ਕੀਤਾ ਸੀ।
ਪਰ ਟਰੰਪ ਦੇ ਹੁਕਮਾਂ ਕਾਰਨ ਇਨ੍ਹਾਂ ਸਾਰੇ ਸ਼ਰਨਾਰਥੀਆਂ ਦਾ ਭਵਿੱਖ ਹੁਣ ਸੰਤੁਲਨ ਵਿਚ ਲਟਕ ਗਿਆ ਹੈ। ਉਨ੍ਹਾਂ ਨੂੰ ਡਰ ਹੈ ਕਿ ਜੇਕਰ ਉਹ ਵਾਪਸ ਆਏ ਤਾਂ ਤਾਲਿਬਾਨ ਸ਼ਾਸਨ ਉਨ੍ਹਾਂ ਨੂੰ ਜ਼ਿੰਦਾ ਨਹੀਂ ਛੱਡ ਦੇਵੇਗਾ।
ਅਫ਼ਗ਼ਾਨਿਸਤਾਨ ਦੇ ਲੋਕ ਇਨ੍ਹੀਂ ਦਿਨੀਂ ਇਸਲਾਮਾਬਾਦ-ਰਾਵਲਪਿੰਡੀ ’ਚ ਸੜਕਾਂ ’ਤੇ ਹਨ। ਉਨ੍ਹਾਂ ਦੀ ਮੰਗ ਹੈ ਕਿ ਟਰੰਪ ਇਸ ਫ਼ੈਸਲੇ ਨੂੰ ਵਾਪਸ ਲਵੇ ਨਹੀਂ ਤਾਂ ਉਨ੍ਹਾਂ ਨੂੰ ਸੰਕਟ ਦਾ ਸਾਹਮਣਾ ਕਰਨਾ ਪਵੇਗਾ।
ਇਸ ਦੌਰਾਨ ਪਾਕਿਸਤਾਨ ਸਰਕਾਰ ਨੇ ਅਫ਼ਗ਼ਾਨਿਸਤਾਨ ਤੋਂ ਆਏ ਸ਼ਰਨਾਰਥੀਆਂ ਨੂੰ ਦੇਸ਼ ਛੱਡਣ ਦੇ ਹੁਕਮ ਦਿਤੇ ਹਨ। ਪਾਕਿਸਤਾਨੀ ਸਰਕਾਰ ਦਾ ਕਹਿਣਾ ਹੈ ਕਿ ਜਿਹੜੇ ਅਫ਼ਗ਼ਾਨ ਸ਼ਰਨਾਰਥੀ ਕਿਸੇ ਤੀਜੇ ਦੇਸ਼ ’ਚ ਨਹੀਂ ਜਾ ਸਕਦੇ, ਉਨ੍ਹਾਂ ਨੂੰ 31 ਮਾਰਚ 2025 ਤੋਂ ਬਾਅਦ ਪਾਕਿਸਤਾਨ ਛੱਡਣਾ ਹੋਵੇਗਾ।