
ਸਪੇਸਕ੍ਰਾਫ਼ਟ ਅੰਤਰਰਾਸ਼ਟਰੀ ਸਪੇਸ ਸਟੇਸ਼ਨ ’ਤੇ ਪਹੁੰਚਿਆ
ਨਵੀਂ ਦਿੱਲੀ : ਪੁਲਾੜ ਵਿਚ ਫਸੇ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਨੂੰ ਵਾਪਸ ਲਿਆਉਣ ਲਈ ਲਾਂਚ ਕੀਤਾ ਗਿਆ ਸਪੇਸਕ੍ਰਾਫ਼ਟ ਅੰਤਰਰਾਸ਼ਟਰੀ ਸਪੇਸ ਸਟੇਸ਼ਨ ਵਿਚ ਦਾਖ਼ਲ ਹੋ ਚੁੱਕਾ ਹੈ। ਭਾਰਤੀ ਸਮੇਂ ਮੁਤਾਬਕ 16 ਮਾਰਚ ਨੂੰ ਰਾਤ 11:30 ਵਜੇ ਡਾਕਿੰਗ ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ। ਦੋਵੇਂ 19 ਮਾਰਚ ਨੂੰ ਧਰਤੀ ’ਤੇ ਵਾਪਸੀ ਕਰਨਗੇ।
ਸ਼ੁੱਕਰਵਾਰ (14 ਮਾਰਚ) ਨੂੰ ਸਪੇਸਐਕਸ ਨੇ ਇਹ ਮਿਸ਼ਨ ਲਾਂਚ ਕੀਤਾ ਸੀ। ਦਸਣਯੋਗ ਹੈ ਕਿ ਡਾਕਿੰਗ ਦੀ ਪ੍ਰਕਿਰਿਆ ਪੂਰੀ ਹੋਣ ਮਗਰੋਂ ਪੁਲਾੜ ਯਾਤਰੀ ਅਪਣੇ ਸਪੇਸਸੂਟ ਤੋਂ ਬਾਹਰ ਨਿਕਲਣਗੇ ਅਤੇ ਕਾਰਗੋ ਨੂੰ ਉਤਾਰਨ ਦੀ ਤਿਆਰੀ ਕਰਨਗੇ। ਇਸ ਤੋਂ ਬਾਅਦ ਹੈਚ ਨੂੰ ਖੋਲ੍ਹਣ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ। ਆਈ.ਐਸ.ਐਸ ਵਿਚ ਦਾਖ਼ਲ ਹੋਣ ਮਗਰੋਂ ਨਾਸਾ ਤੋਂ ਸਵਾਗਤ ਸਮਾਰੋਹ ਨੂੰ ਟੈਲੀਕਾਸਟ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਸੁਨੀਤਾ ਵਿਲੀਅਮਜ਼ ਦੀ ਵਾਪਸੀ ’ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਲਗਾਤਾਰ ਅਪਡੇਟ ਲੈ ਰਹੇ ਹਨ। ਉਨ੍ਹਾਂ ਟੈਸਲਾ ਦੇ ਮਾਲਕ ਐਲਨ ਮਸਕ ਨੂੰ ਬੇਨਤੀ ਕੀਤੀ ਸੀ ਕਿ ਸੁਨੀਤਾ ਵਿਲੀਅਮਜ਼ ਦੀ ਜਲਦੀ ਵਾਪਸੀ ਲਈ ਕਦਮ ਚੁੱਕੇ ਜਾਣ।