
ਐਫ਼-35 ਜਹਾਜ਼ਾਂ ਦਾ ਸਮਝੌਤਾ ਰੱਦ ਕਰ ਸਕਦੈ ਕੈਨੇਡਾ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਲਗਾਏ ਗਏ 25 ਫ਼ੀ ਸਦੀ ਟੈਰਿਫ਼ ਵਿਚਕਾਰ ਕੈਨੇਡਾ ਹੁਣ ਅਮਰੀਕੀ ਐਫ਼-35 ਸਟੀਲਥ ਲੜਾਕੂ ਜਹਾਜ਼ਾਂ ਦਾ ਬਦਲ ਲੱਭ ਰਿਹਾ ਹੈ। ਕੈਨੇਡਾ ਦੇ ਰਖਿਆ ਮੰਤਰੀ ਬਿਲ ਬਲੇਅਰ ਨੇ ਕਿਹਾ ਕਿ ਦੇਸ਼ ਦੀ ਹਵਾਈ ਫ਼ੌਜ ਨੇ ਇਸ ਨੂੰ ਅਪਣਾਉਣ ਦੀ ਸਿਫ਼ਾਰਸ਼ ਕੀਤੀ ਸੀ ਪਰ ਉਹ ਹੋਰ ਬਦਲਾਂ ’ਤੇ ਵੀ ਵਿਚਾਰ ਕਰ ਰਹੇ ਹਨ। ਇਹ ਫ਼ੈਸਲਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਨਵੀਂ ਕੈਬਨਿਟ ਨੇ ਲਿਆ ਹੈ।
ਕੈਨੇਡਾ ਦਾ ਇਹ ਬਿਆਨ ਅਜਿਹੇ ਸਮੇਂ ’ਚ ਆਇਆ ਹੈ, ਜਦੋਂ ਹਾਲ ਹੀ ’ਚ ਪੁਰਤਗਾਲ ਨੇ ਸੰਕੇਤ ਦਿਤਾ ਹੈ ਕਿ ਉਹ ਐਫ਼-35 ਜੈੱਟ ਜਹਾਜ਼ਾਂ ਲਈ ਸੌਦਾ ਛੱਡ ਸਕਦਾ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਦੌਰਾਨ ਡੋਨਾਲਡ ਟਰੰਪ ਨੇ ਭਾਰਤ ਤੋਂ ਐਫ਼-35 ਸਟੀਲਥ ਲੜਾਕੂ ਜਹਾਜ਼ ਲਈ ਸੌਦੇ ਦਾ ਪ੍ਰਸਤਾਵ ਰਖਿਆ ਸੀ। ਹਾਲਾਂਕਿ ਭਾਰਤ ਦੇ ਪੱਖ ਤੋਂ ਇਹ ਸਪੱਸ਼ਟ ਨਹੀਂ ਹੈ ਕਿ ਇਸ ਲੜਾਕੂ ਜਹਾਜ਼ ’ਤੇ ਕੋਈ ਸੌਦਾ ਹੋਵੇਗਾ ਜਾਂ ਨਹੀਂ।
ਜ਼ਿਕਰਯੋਗ ਹੈ ਕਿ ਕਈ ਸਾਲਾਂ ਦੀ ਦੇਰੀ ਤੋਂ ਬਾਅਦ ਕੈਨੇਡਾ ਨੇ 2023 ’ਚ ਅਮਰੀਕਾ ਨਾਲ ਐਫ਼-35 ਸਟੀਲਥ ਲੜਾਕੂ ਜਹਾਜ਼ ਦਾ ਸੌਦਾ ਤੈਅ ਕੀਤਾ ਸੀ। ਉਸੇ ਸਾਲ ਜੂਨ ਵਿਚ ਕੈਨੇਡਾ ਨੇ 88 ਜੈੱਟਾਂ ਲਈ ਲਾਕਹੀਡ ਮਾਰਟਿਨ ਨਾਲ 19 ਬਿਲੀਅਨ ਡਾਰਰ ਦਾ ਸੌਦਾ ਕੀਤਾ ਸੀ। ਰਾਸ਼ਟਰਪਤੀ ਟਰੰਪ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਦਸਦੇ ਹਨ ਅਤੇ ਇਸ ਲੜਾਕੂ ਜਹਾਜ਼ ਲਈ ਇਹ ਸੌਦਾ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕਾਰਜਕਾਲ ਦੌਰਾਨ ਹੋਇਆ ਸੀ।
ਸਥਿਤੀ ਇਹ ਹੈ ਕਿ ਕੈਨੇਡਾ ਨੂੰ 2026 ਤੱਕ ਐਫ਼-35 ਲੜਾਕੂ ਜਹਾਜ਼ਾਂ ਦੀ ਪਹਿਲੀ ਖੇਪ ਪ੍ਰਾਪਤ ਹੋਣੀ ਸੀ ਅਤੇ 16 ਜੈੱਟਾਂ ਲਈ ਭੁਗਤਾਨ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ। ਕੈਨੇਡੀਅਨ ਰਖਿਆ ਮੰਤਰੀ ਬਿਲ ਬਲੇਅਰ ਨੇ ਕਿਹਾ ਕਿ ਉਹ ਪਹਿਲੇ ਬੈਚ ਨੂੰ ਸਵੀਕਾਰ ਕਰ ਸਕਦੇ ਹਨ ਅਤੇ ਬਾਕੀ ਲਈ ਸਵੀਡਿਸ਼ ਦੁਆਰਾ ਬਣਾਏ ਸਾਬ ਗ੍ਰਿਪੇਨ ਵਰਗੇ ਯੂਰਪੀਅਨ ਨਿਰਮਾਤਾਵਾਂ ਨੂੰ ਦੇਖ ਸਕਦੇ ਹਨ।