
'ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ'
Diwali Special Article 2025: ਰਾਗੀ ਸਿੰਘ ਦੀਵਾਲੀ ਵਾਲੇ ਦਿਨ ਸਾਰਾ ਦਿਨ ਹੀ ਭਾਈ ਗੁਰਦਾਸ ਜੀ ਦੀ ਇਹ ਵਾਰ ਗਾਉਂਦੇ ਰਹਿੰਦੇ ਹਨ, ‘ਦੀਵਾਲੀ ਦੀ ਰਾਤ ਦੀਵੇ ਬਾਲੀਅਨ।’ ਕਈ ਸੌ ਸਾਲਾਂ ਤੋਂ ਸੁਣਦੇ-ਸੁਣਦੇ ਇਹ ਸੱਚ ਹੀ ਲੱਗਣ ਲੱਗ ਗਿਆ ਹੈ ਕਿ ਦੀਵਾਲੀ ਵਾਲੇ ਦਿਨ ਦੀਵੇ ਬਾਲਣੇ ਹੀ ਹੁੰਦੇ ਹਨ। ਚਲੋ ਹੁਣ ਇਤਿਹਾਸ ਵਲ ਨਜ਼ਰ ਮਾਰਦੇ ਹਾਂ ਕਿ ਕੀ ਪੁਰਾਤਨ ਖ਼ਾਲਸਾ ਰਾਜ ਸਮੇਂ ਜਾਂ ਗੁਰੂ ਕਾਲ ਸਮੇਂ ਵੀ ਦੀਵਾਲੀ ਇਸੇ ਤਰ੍ਹਾਂ ਮਨਾਈ ਜਾਦੀ ਸੀ, ਜਿਵੇਂ ਅੱਜ ਦਰਬਾਰ ਸਾਹਿਬ, ਅੰਮ੍ਰਿਤਸਰ ਸਾਹਿਬ ਵਿਖੇ ਮਨਾਈ ਜਾਦੀ ਹੈ?
ਪ੍ਰਿਸੀਪਲ ਸੁਰਜੀਤ ਸਿੰਘ ਜੀ (ਦਿੱਲੀ ਵਾਲੇ) ਅਪਣੀ ਛੋਟੀ ਜਿਹੀ ਪੁਸਤਕ ‘ਦੀਵਾਲੀ ਅਤੇ ਸਿੱਖ’ ਵਿਚ ਦਸਦੇ ਹਨ ਕਿ ਖ਼ਾਲਸਾ ਰਾਜ ਸਮੇਂ ਸਿੱਖ ਭਾਰੀ ਗਿਣਤੀ ਵਿਚ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਕੱਠੇ ਹੁੰਦੇ ਸਨ ਜਿਸ ਨੂੰ ‘ਸਰਬੱਤ ਖ਼ਾਲਸਾ’ ਕਿਹਾ ਜਾਂਦਾ ਸੀ। ਇਹ ਇਕੱਠ ਸਿੱਖ ਜਥੇਬੰਦੀਆਂ ਦੁਆਰਾ ਖ਼ਾਲਸੇ ਦੀ ਚੜ੍ਹਦੀ ਕਲਾ ਲਈ, ਸਿੱਖ ਸਿਆਸਤ ਦੀ ਚੜ੍ਹਦੀ ਕਲਾ ਲਈ ਤੇ ਸਿੱਖ ਰਾਜ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਲਈ ਕੀਤਾ ਜਾਂਦਾ ਸੀ ਪਰ ਅੱਜ ਦੀਵਾਲੀ ਦਾ ਇਕੱਠ ਗੁਰੂਘਰਾਂ ਵਿਚ ਮੋਮਬੱਤੀਆਂ ਫੂਕਣ ਲਈ, ਪਟਾਕੇ ਫੂਕਣ ਲਈ ਕੀਤਾ ਜਾਂਦਾ ਹੈ। ਚੇਤੇ ਰਹੇ ਕਿ ਸਿੱਖ ਧਰਮ ਵਿਚ, ਦੀਵਾਲੀ ਦਾ ਇਕੱਠ ਕਿਸੇ ਬ੍ਰਾਹਮਣੀ ਤਿਉਹਾਰ ਵਜੋਂ ਕਦੇ ਵੀ ਨਹੀਂ ਸੀ ਮਨਾਇਆ ਜਾਂਦਾ। ਅੱਜ ਅਸੀ ਸਰਬੱਤ ਖ਼ਾਲਸਾ ਦੇ ਉਦੇਸ਼ ਨੂੰ ਭੁਲ ਕੇ ਮੋਮਬੱਤੀਆਂ, ਪਟਾਕਿਆਂ, ਮਠਿਆਈਆਂ ਵਿਚ ਉਲਝ ਕੇ ਰਹਿ ਗਏ ਹਾਂ। ਸਾਡੇ ਪੁਜਾਰੀ, ਗੁਰਦੁਆਰਿਆਂ ਦੇ ਪ੍ਰਬੰਧਕ, ਰਾਗੀ ਇਹ ਸਾਰੇ ਹੀ ਇਤਿਹਾਸ ਨੂੰ ਮਲੀਆਮੇਟ ਕਰਨ ਵਿਚ ਪੂਰਾ ਯੋਗਦਾਨ ਪਾ ਰਹੇ ਹਨ। ਇਨ੍ਹਾਂ ਨੂੰ ਗੁਰੂ ਇਤਿਹਾਸ ਨਾਲ, ਖੋਜ ਕਰਨ ਨਾਲ, ਗੁਰਬਾਣੀ ਸਮਝਣ ਨਾਲ ਕੋਈ ਮਤਲਬ ਨਹੀਂ ਹੈ, ਇਨ੍ਹਾਂ ਨੂੰ ਕੇਵਲ ਤੇ ਕੇਵਲ ਗੋਲਕ ਪਿਆਰੀ ਹੁੰਦੀ ਹੈ। ਇਸ ਇਕੱਠ ਵਿਚ ਖ਼ਾਲਸਾ ਅਪਣੀ ਰਣਨੀਤੀ ਤਿਆਰ ਕਰਦਾ ਸੀ ਕਿ ਆਉਣ ਵਾਲੇ ਸਮੇਂ ਵਿਚ ਕਰਨਾ ਕੀ ਹੈ। ਮੂਲ ਰੂਪ ਵਿਚ ਦੀਵਾਲੀ ਇਕ ਬ੍ਰਾਹਮਣੀ ਤਿਉਹਾਰ ਹੈ, ਇਸ ਦਾ ਸਿੱਖਾਂ ਨਾਲ ਕੋਈ ਦੂਰ-ਦੁਰਾਡੇ ਦਾ ਵੀ ਸਬੰਧ ਨਹੀਂ ।