
ਵਿਗਿਆਨੀਆਂ ਨੇ ਮਿਆਂਮਾਰ ਵਿਚ ਚਮਗਿੱਦੜਾਂ ਅੰਦਰ ਛੇ ਨਵੇਂ ਕੋਰੋਨਾ ਜੀਵਾਣੂ ਲੱਭੇ ਹਨ। ਦੁਨੀਆਂ ਵਿਚ ਇਹ ਪਹਿਲੀ ਵਾਰ ਹੈ ਜਦ ਕਿਤੇ ਇਹ ਵਾਇਰਸ ਮਿਲੇ
ਵਾਸ਼ਿੰਗਟਨ, 15 ਅਪ੍ਰੈਲ : ਵਿਗਿਆਨੀਆਂ ਨੇ ਮਿਆਂਮਾਰ ਵਿਚ ਚਮਗਿੱਦੜਾਂ ਅੰਦਰ ਛੇ ਨਵੇਂ ਕੋਰੋਨਾ ਜੀਵਾਣੂ ਲੱਭੇ ਹਨ। ਦੁਨੀਆਂ ਵਿਚ ਇਹ ਪਹਿਲੀ ਵਾਰ ਹੈ ਜਦ ਕਿਤੇ ਇਹ ਵਾਇਰਸ ਮਿਲੇ ਹਨ। ਰਸਾਲੇ 'ਪੀਐਲਓਐਸ ਵਨ' ਵਿਚ ਛਪੀ ਖੋਜ ਰੀਪੋਰਟ ਚਮਗਿੱਦੜਾਂ ਵਿਚ ਕੋਰਨਾ ਜੀਵਾਣੂਆਂ ਦੀ ਵੰਨ-ਸੁਵੰਨਤਾ ਨੂੰ ਸਮਝਣ ਅਤੇ ਕੋਵਿਡ-19 ਮਹਾਮਾਰੀ ਕਾਰਨ ਲਾਗ ਦੇ ਰੋਗ ਦਾ ਪਤਾ ਲਾਉਣ, ਇਸ ਨੂੰ ਰੋਕਣ ਅਤੇ ਇਸ ਦਾ ਇਲਾਜ ਲੱਭਣ ਦੇ ਯਤਨਾਂ ਵਿਚ ਮਦਦ ਕਰੇਗੀ। ਸਿਮਥਸੋਨੀਐਂਸ ਨੈਸ਼ਨਲ ਜ਼ੂ ਅਤੇ ਅਮਰੀਕਾ ਦੀ ਕੰਜ਼ਰਵੇਸ਼ਨ ਬਾਇਉਲੋਜੀ ਇੰਸਟੀਚਿਊਟ ਦੇ ਖੋਜਕਾਰਾਂ ਦਾ ਇਹ ਅਧਿਐਨ ਮਨੁੱਖੀ ਸਿਹਤ ਪ੍ਰਤੀ ਜੋਖਮ ਨੂੰ ਬਿਹਤਰ ਰੂਪ ਵਿਚ ਸਮਝਣ ਲਈ ਤਮਾਮ ਨਸਲਾਂ ਵਿਚ ਪਸਾਰ ਦੀ ਸੰਭਾਵਨਾ ਦੇ ਵਿਸ਼ਲੇਸ਼ਣ ਵਿਚ ਸਹਾਇਤਾ ਕਰੇਗਾ।
ਖੋਜਕਾਰਾਂ ਨੇ ਕਿਹਾ ਕਿ ਖੋਜੇ ਗਏ ਕੋਰੋਨਾ ਵਾਇਰਸ ਸਾਰਸ ਕੋਵ-1, ਮਿਡਲ ਈਸਟ ਰੈਸਪੀਰੇਟਰੀ ਸਿੰਡਰਮ ਯਾਨੀ ਐਮਈਆਰਐਸ ਅਤੇ ਸਾਰਸ ਕੋਵ 2 ਸਬੰਧੀ ਕੋਰੋਨਾ ਜੀਵਾਣੂਆਂ ਦੇ ਕਰੀਬੀ ਸਬੰਧੀ ਨਹੀਂ ਹਨ। ਸੰਸਥਾ ਦੇ ਮਾਰਕ ਵੈਲੇਟੁਟੋ ਨੇ ਕਿਹਾ, 'ਵਿਸ਼ਾਣੂਆਂ ਤੋਂ ਪੈਦਾ ਹੋਣ ਵਾਲੀ ਮਹਾਮਾਰੀ ਸਾਨੂੰ ਯਾਦ ਕਰਾਉਂਦੀ ਹੈ ਕਿ ਇਨਸਾਨੀ ਸਿਹਤ ਕਿੰਨੀ ਨੇੜਿਉਂ ਜਾਨਵਰਾਂ ਦੀ ਸਿਹਤ ਅਤੇ ਵਾਤਾਰਵਣ ਨਾਲ ਜੁੜੀ ਹੋਈ ਹੈ। ਖੋਜਕਾਰਾਂ ਨੂੰ ਇਨ੍ਹਾਂ ਜੀਵਾਣੂਆਂ ਬਾਰੇ ਉਦੋਂ ਪਤਾ ਲੱਗਾ ਜਦ ਉਹ ਬੀਮਾਰੀ ਦੀਆਂ ਹਾਲਤਾਂ ਨੂੰ ਬਿਹਤਰ ਢੰਗ ਨਾਲ ਸਮਝਣ ਲਈ ਮਨੁੱਖ ਅਤੇ ਜਾਨਵਰਾਂ ਨਾਲ ਸਬੰਧਤ ਨਿਗਰਾਨੀ ਕਾਰਜ ਕਰ ਰਹੇ ਸਨ।
File photo
ਵਿਗਿਆਨੀਆਂ ਦੀ ਟੀਮ ਨੇ ਅਪਣੀ ਖੋਜ ਉਨ੍ਹਾਂ ਖੇਤਰਾਂ 'ਤੇ ਕੇਂਦਰਤ ਕੀਤੀ ਜਿਥੇ ਜ਼ਮੀਨ ਵਰਤੋਂ ਵਿਚ ਤਬਦੀਲੀ ਅਤੇ ਵਿਕਾਸ ਕਾਰਨ ਮਨੁੱਖਾਂ ਦੇ ਸਥਾਨਕ ਵਣ ਜੀਵਾਂ ਦੇ ਸੰਪਰਕ ਵਿਚ ਆਉਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ। ਮਈ 2016 ਤੋਂ ਅਗੱਸਤ 2018 ਤਕ ਇਨ੍ਹਾਂ ਜੰਗਲੀ ਖੇਤਰਾਂ ਵਿਚ ਚਮਗਿੱਦੜਾਂ ਦੀ ਲਾਰ ਅਤੇ ਮਲ ਦੇ 750 ਤੋਂ ਵੱਧ ਨਮੂਨੇ ਲਏ ਗਏ। ਮਾਹਰਾਂ ਦਾ ਮੰਨਣਾ ਹੈ ਕਿ ਚਮਗਿੱਦੜਾਂ ਅੰਦਰ ਹਜ਼ਾਰਾਂ ਤਰ੍ਹਾਂ ਦੇ ਕੋਰੋਨਾ ਵਾਇਰਸ ਹੁੰਦੇ ਹਨ ਜਿਨ੍ਹਾਂ ਵਿਚੋਂ ਕਈਆਂ ਦੀ ਖੋਜ ਹੋਣੀ ਹਾਲੇ ਬਾਕੀ ਹੈ। ਪਹਿਲੀ ਵਾਰ ਛੇ ਨਵੇਂ ਕੋਰੋਨਾ ਵਾਇਰਸ ਦੀ ਪਛਾਣ ਕੀਤੀ ਗਈ ਹੈ। (ਏਜੰਸੀ)
ਚਮਗਿੱਦੜ ਤੋਂ ਮਨੁੱਖ ਵਿਚ ਕੋਰੋਨਾ ਵਾਇਰਸ ਆਉਣ ਦੀ ਘਟਨਾ ਹਜ਼ਾਰ ਸਾਲ ਵਿਚ ਇਕ-ਅੱਧੀ ਵਾਰ, ਵੱਡੀ ਗੱਲ ਨਹੀਂ : ਆਈਸੀਐਮਆਰ
ਨਵੀਂ ਦਿੱਲੀ, 15 ਅਪ੍ਰੈਲ : ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਦੇ ਵਿਗਿਆਨੀ ਰਮਨ ਗੰਗਾਖੇੜਕਰ ਨੇ ਦਸਿਆ ਕਿ ਚੀਨ ਵਿਚ ਹੋਏ ਅਧਿਐਨ ਵਿਚ ਵੇਖਿਆ ਗਿਆ ਹੈ ਕਿ ਕੋਰੋਨਾ ਵਾਇਰਸ ਚਮਗਿੱਦੜਾਂ ਵਿਚ ਮਿਲਦਾ ਹੈ ਪਰ ਇਹ ਚਮਗਿੱਦੜਾਂ ਦਾ ਹੀ ਵਾਇਰਸ ਹੁੰਦਾ ਹੈ, ਇਨਸਾਨਾਂ ਵਿਚ ਨਹੀਂ ਆ ਸਕਦਾ। ਚਮਗਿੱਦੜ ਤੋਂ ਇਹ ਪੈਂਗੁਲਿਨ ਵਿਚ ਜਾ ਸਕਦਾ ਸੀ। ਪੈਗੁਲਿਨ ਤੋਂ ਇਹ ਮਨੁੱਖਾਂ ਵਿਚ ਤਬਦੀਲ ਹੋਇਆ ਹੋਵੇਗਾ।
File photo
ਉਨ੍ਹਾਂ ਕਿਹਾ ਕਿ ਉਨ੍ਹਾਂ ਨਿਗਰਾਨੀ ਕੀਤੀ ਹੈ ਜਿਸ ਵਿਚ ਵੇਖਿਆ ਕਿ ਚਮਗਿੱਦੜ ਦੋ ਤਰ੍ਹਾਂ ਦੇ ਹੁੰਦੇ ਹਨ ਜਿਨ੍ਹਾਂ ਵਿਚ ਕੋਰੋਨਾ ਵਾਇਰਸ ਮਿਲਦਾ ਹੈ ਪਰ ਇਹ ਮਨੁੱਖਾਂ ਨੂੰ ਪ੍ਰਭਾਵਤ ਕਰਨ ਦੇ ਸਮਰੱਥ ਨਹੀਂ ਹੁੰਦੇ ਸਨ। ਇਹ ਇਨਸਾਨ ਵਿਚ ਨਹੀਂ ਆ ਸਕਦਾ। ਇਹ ਦੁਰਲੱਭ ਹੈ। ਚਮਗਿੱਦੜਾਂ ਤੋਂÎ ਇਨਸਾਨ ਵਿਚ ਕੋਰੋਨਾ ਵਾਇਰਸ ਆਉਣ ਦੀ ਘਟਨਾ ਹਜ਼ਾਰ ਸਾਲ ਵਿਚ ਇਕ-ਅੱਧੀ ਵਾਰ ਹੋ ਜਾਵੇ ਤਾਂ ਇਹ ਬਹੁਤ ਵੱਡੀ ਗੱਲ ਨਹੀਂ। ਆਈਸੀਐਮਆਰ ਨੇ ਦਸਿਆ ਕਿ ਚਮਗਿੱਦੜ ਦੇ ਵਾਇਰਸ ਵਿਚ ਅਜਿਹੀ ਤਬਦੀਲੀ ਹੋਈ ਜਿਸ ਨਾਲ ਉਸ ਅੰਦਰ ਇਨਸਾਨ ਵਿਚ ਜਾਣ ਦੀ ਸਮਰੱਥਾ ਪੈਦਾ ਹੋਈ। ਇਹ ਅਜਿਹਾ ਵਿਸ਼ਾਣੂ ਬਣ ਗਿਆ ਹੋਵੇਗਾ ਜਿਹੜਾ ਇਨਸਾਨਾਂ ਵਿਚ ਆ ਕੇ ਬੀਮਾਰੀ ਕਰਨ ਦੇ ਸਮਰੱਥ ਹੋ ਗਿਆ ਸੀ। (ਏਜੰਸੀ)