
ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਪੁਰਬ ਪਾਕਿਸਤਾਨ ਦੇ ਗੁਰਦਵਾਰਾ ਡੇਹਰਾ ਸਾਹਿਬ ਵਿਖੇ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ.....
ਲਾਹੌਰ: ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਪੁਰਬ ਪਾਕਿਸਤਾਨ ਦੇ ਗੁਰਦਵਾਰਾ ਡੇਹਰਾ ਸਾਹਿਬ ਵਿਖੇ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਮਨਾਇਆ ਗਿਆ। ਗੁਰੂ ਗ੍ਰੰਥ ਸਾਹਿਬ ਦੇ ਪਾਠ ਦੇ ਭੋਗ ਤੋਂ ਬਾਅਦ ਦੁਨੀਆਂ ਭਰ ਤੋਂ ਪੁੱਜੀਆਂ ਸਿੱਖ ਸੰਗਤਾਂ ਨੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਯਾਦ ਕੀਤਾ। ਰਾਗੀ ਜਥਿਆਂ ਨੇ ਗੁਰੂ ਸਾਹਿਬ ਦੀ ਬਾਣੀ ਵਿਚੋਂ ਸ਼ਬਦ ਗਾਇਨ ਕੀਤੇ। ਇਸ ਮੌਕੇ ਬੋਲਦਿਆਂ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਤਾਰਾ ਸਿੰਘ ਨੇ ਕਿਹਾ ਕਿ ਪਾਕਿਸਤਾਨ ਦੇ ਸਿੱਖਾਂ ਦੀ ਆਜ਼ਾਦ ਹਸਤੀ ਤੇ ਅਡਰੀ ਹੋਂਦ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਮੁਤਾਬਕ ਅਪਣੇ ਦਿਨ ਤਿਉਹਾਰ ਮਨਾਉਂਦੀ ਰਹੇਗੀ।
ਇਸ ਮੌਕੇ ਬੋਲਦਿਆਂ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਬਿਸ਼ਨ ਸਿੰਘ ਨੇ ਪਾਕਿਸਤਾਨ ਸਰਕਾਰ ਕੋਲੋਂ ਮੰਗ ਕੀਤੀ ਕਿ ਦੀਵਾਨ ਖ਼ਾਨਾ ਜਿਥੇ ਗੁਰੂ ਅਰਜਨ ਸਾਹਿਬ ਰੁਕੇ ਸਨ ਤੇ ਚੰਦੂ ਦੀ ਹਵੇਲੀ ਜਿਥੇ ਗੁਰੂ ਸਾਹਿਬ ਤੇ ਤਸ਼ੱਦਦ ਕੀਤਾ ਗਿਆ ਸੀ, ਸਿੱਖਾਂ ਨੂੰ ਸੌਂਪੇ ਜਾਣ। ਉਨ੍ਹਾਂ ਕਿਹਾ ਕਿ ਗੁਰੂ ਅਰਜਨ ਸਾਹਿਬ ਅਪਣੇ ਜੀਵਨ ਕਾਲ ਵਿਚ ਤਿੰਨ ਵਾਰੀ ਲਾਹੌਰ ਵਿਚ ਆਏ ਸਨ ਜਿਸ ਵਿਚ ਸੱਭ ਤੋਂ ਪਹਿਲਾਂ ਉਹ ਇਕ ਵਿਆਹ ਵਿਚ ਸ਼ਾਮਲ ਹੋਣ ਲਈ ਗੁਰੂ ਬਣਨ ਤੋਂ ਪਹਿਲਾਂ, ਦੂਜੀ ਵਾਰ ਜਦ ਲਾਹੌਰ ਸ਼ਹਿਰ ਵਿਚ ਬੀਮਾਰੀ ਫੈਲ ਗਈ ਸੀ
ਉਸ ਸਮੇਂ ਰੋਗੀਆਂ ਦੀ ਸੇਵਾ ਕਰਨ ਅਤੇ ਤੀਸਰੀ ਵਾਰ ਜਦ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ ਗਿਆ। ਇਸ ਮੌਕੇ ਔਕਾਫ਼ ਬੋਰਡ ਦੇ ਸਕੱਤਰ ਜਨਾਬ ਤਾਰਿਕ ਖ਼ਾਨ ਵਜ਼ੀਰ ਨੇ ਸਿੱਖ ਯਾਤਰੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਸਿੱਖਾਂ ਦੀਆਂ ਮੰਗਾਂ ਨੂੰ ਪਾਕਿ ਸਰਕਾਰ ਤਕ ਨਾ ਸਿਰਫ਼ ਪਹੁੰਚਉਣਗੇ ਬਲਕਿ ਜਲਦ ਤੋਂ ਜਲਦ ਇਨ੍ਹਾਂ ਮੰਗਾਂ ਨੂੰ ਪੂਰਾ ਵੀ ਕਰਵਾਉਣਗੇ।
ਉਨ੍ਹਾਂ ਕਿਹਾ ਕਿ ਦੁਨੀਆਂ ਭਰ ਤੋਂ ਸਿੱਖ ਜਦੋਂ ਚਾਹੁਣ ਪਾਕਿਸਤਾਨ ਆ ਕੇ ਅਪਣੇ ਗੁਰੂ ਸਾਹਿਬਾਨ ਨੂੰ ਸਜਦਾ ਕਰ ਸਕਦੇ ਹਨ। ਇਸ ਮੌਕੇ ਡਿਪਟੀ ਸੈਕਟਰੀ ਇਮਰਾਜ਼ ਹੁੰਦਲ, ਮਨਜੀਤ ਸਿੰਘ ਸਰਨਾ, ਮਾਨਿਦਰ ਸਿੰਘ ਧੁਨਾ, ਲਾਹੌਰ ਤੋਂ ਵਿਧਾਇਕ ਸ. ਰਮੇਸ਼ ਸਿੰਘ ਅਰੋੜਾ ਤੋਂ ਇਲਾਵਾ ਸਿੰਧ, ਸਵਾਤ, ਪੇਸ਼ਾਵਰ ਦੀ ਸੰਗਤ ਵੀ ਹਾਜ਼ਰ ਸੀ।