ਰਾਜਧਾਨੀ ਬੀਜਿੰਗ 'ਤੇ ਛਾਏ ਕਰੋਨਾ ਫੈਲਣ ਦੇ ਬੱਦਲ
ਬੀਜਿੰਗ : ਚੀਨ ਤੋਂ ਸ਼ੁਰੂ ਹੋਇਆ ਕਰੋਨਾ ਵਾਇਰਸ ਜਿੱਥੇ ਪੂਰੀ ਦੁਨੀਆਂ 'ਚ ਪੈਰ ਪਸਾਰ ਚੁੱਕਾ ਹੈ, ਉਥੇ ਹੀ ਕਰੋਨਾ ਨੂੰ ਮਾਤ ਦੇਣ ਦਾ ਦਾਅਵਾ ਕਰਨ ਵਾਲਾ ਚੀਨ ਹੁਣ ਫਿਰ ਕਰੋਨਾ ਦੇ ਮੱਕੜਜਾਲ ਵਿਚ ਫਸਦਾ ਵਿਖਾਈ ਦੇ ਰਿਹਾ ਹੈ। ਹੁਣ ਰਾਜਧਾਨੀ ਬੀਜਿੰਗ 'ਚ ਕਰੋਨਾ ਦੇ ਹਾਟ ਸਪਾਟ ਵਜੋਂ ਵਿਕਸਤ ਹੁੰਦਾ ਜਾ ਰਿਹਾ ਹੈ। ਸ਼ਹਿਰ ਵਿਚ ਪੰਜ ਦਿਨਾਂ ਵਿਚ ਨਵੇਂ ਮਾਮਲਿਆਂ ਦੀ ਗਿਣਤੀ ਵੱਧ ਕੇ 106 ਹੋ ਗਈ ਹੈ।
ਇਨਫੈਕਸ਼ਨ ਨੂੰ ਰੋਕਣ ਦੇ ਯਤਨ ਵਿਚ ਬੀਜਿੰਗ ਅਤੇ ਆਸਪਾਸ ਦੇ ਸੂਬਿਆਂ ਵਿਚ ਆਵਾਜਾਈ 'ਤੇ ਮੰਗਲਵਾਰ ਨੂੰ ਰੋਕ ਲਗਾ ਦਿਤੀ ਗਈ ਹੈ। ਬੀਜਿੰਗ ਦੇ ਉਨ੍ਹਾਂ ਇਲਾਕਿਆਂ ਵਿਚ ਕਰੀਬ 90 ਹਜ਼ਾਰ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ ਜਿੱਥੇ ਕੋਰੋਨਾ ਦੇ ਨਵੇਂ ਮਾਮਲੇ ਪਾਏ ਜਾ ਰਹੇ ਹਨ।
ਦੱਖਣੀ-ਪੱਛਮੀ ਬੀਜਿੰਗ ਦੇ ਥੋਕ ਖਾਧ ਬਾਜ਼ਾਰ ਸ਼ਿਨਫੇਦੀ ਤੋਂ ਨਵੇਂ ਦੌਰ ਦੇ ਇਨਫੈਕਸ਼ਨ ਦੀ ਸ਼ੁਰੂਆਤ ਹੋਈ ਮੰਨੀ ਜਾ ਰਹੀ ਹੈ। ਇਸ ਬਾਜ਼ਾਰ ਨੂੰ ਬੰਦ ਕਰ ਦਿੱਤਾ ਗਿਆ ਹੈ। ਚੀਨ ਵਿਚ ਕੋਰੋਨਾ ਇਨਫੈਕਸ਼ਨ ਦੀ ਸ਼ੁਰੂਆਤ ਵੁਹਾਨ ਸ਼ਹਿਰ ਤੋਂ ਹੋਈ ਸੀ। ਇਸ ਸ਼ਹਿਰ ਦੀ ਸੀਫੂਡ ਮਾਰਕੀਟ ਵਿਚ ਪਿਛਲੇ ਸਾਲ ਦਸੰਬਰ ਵਿਚ ਕੋਰੋਨਾ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਉੱਥੋਂ ਇਹ ਖ਼ਤਰਨਾਕ ਵਾਇਰਸ ਪੂਰੀ ਦੁਨੀਆ ਵਿਚ ਫੈਲ ਗਿਆ।
ਹਾਲਾਂਕਿ ਪਿਛਲੇ ਅਪ੍ਰਰੈਲ ਵਿਚ ਇਨਫੈਕਸ਼ਨ 'ਤੇ ਕੰਟਰੋਲ ਪਾਉਣ ਪਿੱਛੋਂ ਵੁਹਾਨ ਸਣੇ ਪੂਰੇ ਚੀਨ ਵਿਚ ਪਾਬੰਦੀਆਂ ਹਟਾ ਦਿਤੀਆਂ ਗਈਆਂ ਸਨ। ਹੁਣ ਬੀਜਿੰਗ ਵਿਚ ਨਵੇਂ ਮਾਮਲੇ ਮਿਲਣ ਨਾਲ ਚੀਨ ਵਿਚ ਫਿਰ ਕੋਰੋਨਾ ਦੇ ਪੈਰ ਪਸਾਰਣ ਦੇ ਸ਼ੰਕੇ ਪੈਦਾ ਹੋ ਗਏ ਹਨ। ਇਸ ਖ਼ਤਰੇ ਤੋਂ ਬੱਚਣ ਲਈ ਸ਼ੰਘਾਈ ਨੇ ਬੀਜਿੰਗ ਤੋਂ ਆਉਣ ਵਾਲੇ ਲੋਕਾਂ ਨੂੰ ਦੋ ਹਫ਼ਤੇ ਲਈ ਕੁਆਰੰਟਾਈਨ ਵਿਚ ਰੱਖਣ ਦੀ ਮੰਗ ਕੀਤੀ ਹੈ ਜਦਕਿ ਬੀਜਿੰਗ ਵਿਚ ਜੋਖ਼ਮ ਵਾਲੇ 22 ਥਾਵਾਂ ਦੀ ਪਛਾਣ ਕੀਤੀ ਗਈ ਹੈ।
ਕੋਰੋਨਾ ਪ੍ਰਭਾਵਿਤ ਲੋਕਾਂ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਨੂੰ ਸ਼ਹਿਰ ਤੋਂ ਬਾਹਰ ਨਾ ਨਿਕਲਣ ਦਾ ਆਦੇਸ਼ ਦਿਤਾ ਗਿਆ ਹੈ। ਬੀਜਿੰਗ ਸਮੇਤ ਦੂਜੀਆਂ ਥਾਵਾਂ ਵਿਚਕਾਰ ਚੱਲਣ ਵਾਲੀਆਂ ਟੈਕਸੀਆਂ ਅਤੇ ਕਾਰ ਸੇਵਾਵਾਂ ਨੂੰ ਬੰਦ ਕਰ ਦਿਤਾ ਗਿਆ ਹੈ। ਬੀਜਿੰਗ ਅਤੇ ਨੇੜਲੇ ਹੁਬੇਈ ਅਤੇ ਸ਼ੇਡੋਂਗ ਸੂਬਿਆਂ ਵਿਚਕਾਰ ਬੱਸ ਸੇਵਾ ਵੀ ਰੋਕ ਦਿਤੀ ਗਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।