
ਏਅਰ ਇੰਡੀਆ ਦੇ ਕਰੋੜਾਂ ਰੁਪਏ ਬਚਾਏ
ਸ਼੍ਰੀਨਗਰ: ਬਾਲਾਕੋਟ ਏਅਰ ਸਟ੍ਰਾਈਕ ਦੇ 140 ਦਿਨਾਂ ਬਾਅਦ ਪਾਕਿਸਤਾਨ ਨੇ ਅਪਣੇ ਏਅਰ ਸਪੇਸ ਨੂੰ ਮੰਗਲਵਾਰ ਨੂੰ ਖੋਲ ਦਿੱਤਾ ਹੈ। ਪਾਕਿਸਤਾਨ ਸਿਵਲ ਏਵੀਏਸ਼ਨ ਅਥਾਰਟੀ ਵੱਲੋਂ ਜਾਰੀ ਨੋਟਿਸ ਵਿਚ ਕਿਹਾ ਗਿਆ ਕਿ ਤੁਰੰਤ ਪ੍ਰਭਾਵ ਨਾਲ ਪਾਕਿਸਤਾਨ ਏਅਰ ਸਪੇਸ ਨੂੰ ਹਰ ਤਰ੍ਹਾਂ ਦੀ ਨਾਗਰਿਕ ਆਵਾਜਾਈ ਲਈ ਖੋਲ ਦਿੱਤਾ ਹੈ। ਇਸ ਕਦਮ ਨਾਲ ਏਅਰ ਇੰਡੀਆ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਹੈ। ਪਾਕਿਸਤਾਨੀ ਏਅਰ ਸਪੇਸ ਬੰਦ ਹੋਣ ਨਾਲ ਏਅਰ ਇੰਡੀਆ ਨੂੰ 491 ਕਰੋੜ ਰੁਪਏ ਦੇ ਭਾਰੀ ਵਿੱਤੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ।
Pakistan airspace opens for airlines
ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ 14 ਫਰਵਰੀ ਨੂੰ ਆਤਮਘਾਤੀ ਬੰਬ ਧਮਾਕੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚ ਤਣਾਅ ਵਧਣ ਕਾਰਨ ਭਾਰਤੀ ਉਡਾਨਾਂ ਲਈ ਪਾਕਿਸਤਾਨ ਏਅਰ ਸਪੇਸ ਨੂੰ ਬੰਦ ਕਰ ਦਿੱਤਾ ਗਿਆ ਹੈ। ਨਵੀਂ ਦਿੱਲੀ ਤੋਂ ਉਡਾਨ ਭਰਨ ਵਾਲੇ ਜਹਾਜ਼ਾਂ ਦੀ ਉਡਾਨ ਸੀਮਾ ਵਧ ਜਾਣ ਨਾਲ ਏਅਰ ਇੰਡੀਆ ਨੂੰ ਵਾਧੂ ਉਰਜਾ ਦੀ ਖਪਤ ਅਤੇ ਕਰਮਚਾਰੀਆਂ ‘ਤੇ ਹੋਣ ਵਾਲੇ ਖਰਚੇ ਵਿਚ ਵਾਧਾ ਅਤੇ ਉਡਾਨਾਂ ਵਿਚ ਕਮੀ ਆਉਣ ਦੇ ਕਾਰਨ ਰੋਜ਼ਾਨਾ ਛੇ ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਸੀ।
Air strike
ਪਾਕਿਸਤਾਨੀ ਹਵਾਈ ਖੇਤਰ ‘ਤੇ ਰੋਕ ਕਾਰਨ ਏਅਰ ਇੰਡੀਆ ਦੀਆਂ ਉਡਾਨਾਂ ਨੂੰ ਨਵੀਂ ਦਿੱਲੀ ਤੋਂ ਅਮਰੀਕਾ ਜਾਣ ਵਿਚ ਹੁਣ ਦੋ-ਤਿੰਨ ਘੰਟੇ ਜ਼ਿਆਦਾ ਲੱਗਦੇ ਹਨ। ਉੱਥੇ ਹੀ ਯੂਰਪ ਉਡਾਨਾਂ ਨੂੰ ਕਰੀਬ ਦੋ ਘੰਟੇ ਜ਼ਿਆਦਾ ਲੱਗਦੇ ਹਨ, ਜਿਸ ਨਾਲ ਵਿੱਤੀ ਨੁਕਸਾਨ ਹੁੰਦਾ ਹੈ। ਭਾਰਤੀ ਹਵਾਈ ਫੌਜ ਵੱਲੋਂ ਪਾਕਿਸਤਾਨ ਦੇ ਬਾਲਾਕੋਟ ਸਥਿਤ ਜੈਸ਼ ਏ ਮੁਹੰਮਦ ਦੇ ਅਤਿਵਾਦੀ ਕੈਂਪਾਂ ‘ਤੇ 27 ਫਰਵਰੀ ਨੂੰ ਹਮਲਾ ਕਰਨ ਤੋਂ ਬਾਅਦ ਹੀ ਪਾਕਿਸਤਾਨ ਹਵਾਈ ਖੇਤਰਾਂ ਵਿਚ ਉਡਾਨ ਭਰਨ ‘ਤੇ ਰੋਕ ਲਗਾ ਦਿੱਤੀ ਗਈ ਸੀ, ਜਿਸ ਨਾਲ ਨਵੀਂ ਦਿੱਲੀ ਤੋਂ ਯੂਰਪ ਅਤੇ ਅਮਰੀਕਾ ਲਈ ਹਵਾਈ ਸੇਵਾਵਾਂ ਦੇਣ ਵਾਲੀਆਂ ਜ਼ਿਆਦਾਤਰ ਏਅਰ ਲਾਈਨਜ਼ ਪ੍ਰਭਾਵਿਤ ਹੋਈਆਂ ਸਨ।