
1964 'ਚ ਇੰਗਲੈਂਡ ਖਿਲਾਫ਼ ਟੈਸਟ ਮੈਚ ਵਿਚ ਖੇਡੀ ਸੀ 311 ਦੌੜਾਂ ਦੀ ਪਾਰੀ
ਨਵੀਂ ਦਿੱਲੀ : ਆਸਟਰੇਲੀਆ ਦੇ ਮਹਾਨ ਕ੍ਰਿਕਟ ਖਿਡਾਰੀ, ਕਪਤਾਨ ਅਤੇ ਬੱਲੇਬਾਜ਼ ਬੌਬ ਸਿੰਪਸਨ ਦਾ ਅੱਜ ਸ਼ਨੀਵਾਰ ਨੂੰ ਸਿਡਨੀ ਵਿੱਚ ਦਿਹਾਂਤ ਹੋ ਗਿਆ। ਉਨ੍ਹਾਂ ਨੇ 89 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ। ਇੱਕ ਮਹਾਨ ਕ੍ਰਿਕਟ ਖਿਡਾਰੀ ਹੋਣ ਦੇ ਨਾਲ-ਨਾਲ ਉਹ ਟੀਮ ਦੇ ਕੋਚ ਵੀ ਰਹੇ।
ਸਿੰਪਸਨ ਆਸਟਰੇਲੀਆਈ ਕ੍ਰਿਕਟ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਹਸਤੀਆਂ ਵਿੱਚੋਂ ਇੱਕ ਸਨ। ਉਨ੍ਹਾਂ ਨੇ 1957 ਤੋਂ 1978 ਤੱਕ ਆਪਣੇ ਦੇਸ਼ ਲਈ 62 ਟੈਸਟ ਮੈਚ ਖੇਡੇ ਅਤੇ 71 ਵਿਕਟਾਂ ਵੀ ਲਈਆਂ। ਉਨ੍ਹਾਂ ਨੂੰ ਸਭ ਤੋਂ ਵਧੀਆ ਸਲਿੱਪ ਫੀਲਡਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਸੀ। 16 ਸਾਲ ਦੀ ਉਮਰ ’ਚ ਉਨ੍ਹਾਂ ਫਸਟ ਕਲਾਸ ਕ੍ਰਿਕਟ ’ਚ ਡੈਬਿਊ ਕੀਤਾ ਅਤੇ ਆਪਣੇ ਪੂਰੇ ਕੈਰੀਅਰ ਵਿੱਚੇ ਕੁੱਲ 21,029 ਦੌੜਾਂ ਬਣਾਈਆਂ ਅਤੇ 349 ਵਿਕਟਾਂ ਵੀ ਲਈਆਂ।
50 ਟੈਸਟ ਮੈਚ ਖੇਡਣ ਤੋਂ ਬਾਅਦ ਉਨ੍ਹਾਂ ਨੇ 1968 ਵਿੱਚ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ। ਪਰ ਜਦੋਂ ਆਸਟ੍ਰੇਲੀਆਈ ਟੀਮ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੀ ਸੀ, ਤਾਂ ਉਨ੍ਹਾਂ ਨੂੰ ਆਪਣੇ ਸੰਨਿਆਸ ਦਾ ਫੈਸਲਾ ਵਾਪਸ ਲੈ ਲਿਆ ਅਤੇ ਟੀਮ ਦੀ ਕਪਤਾਨੀ ਸੰਭਾਲ ਲਈ। ਉਨ੍ਹਾਂ ਆਪਣੇ ਕ੍ਰਿਕਟ ਕੈਰੀਅਰ ’ਚ 10 ਸੈਂਕੜੇ ਲਗਾਏ ਅਤੇ ਇਹ ਸਾਰੇ ਸੈਂਕੜੇ ਕਪਤਾਨ ਰਹਿੰਦੇ ਹੋਏ ਲਗਾਏ ਗਏ ਸਨ। ਉਨ੍ਹਾਂ 1964 ’ਚ ਇੰਗਲੈਂਡ ਵਿਰੁੱਧ ਮੈਨਚੈਸਟਰ ਵਿੱਚ ਆਪਣੇ ਕੈਰੀਅਰ ਦੀ ਸਭ ਤੋਂ ਵਧੀਆ ਪਾਰੀ ਖੇਡੀ। ਇਸ ਪਾਰੀ ’ਚ ਉਨ੍ਹਾਂ 311 ਦੌੜਾਂ ਬਣਾਈਆਂ। ਇਹ ਟੈਸਟ ਵਿੱਚ ਉਨ੍ਹਾਂ ਦਾ ਸਭ ਤੋਂ ਵੱਧ ਸਕੋਰ ਸੀ। ਇਸ ਪਾਰੀ ਦੌਰਾਨ ਬੌਬ ਨੇ 13 ਘੰਟੇ ਲਗਾਤਾਰ ਬੱਲੇਬਾਜ਼ੀ ਕੀਤੀ। ਬੌਬ ਅਤੇ ਬਿਲ ਲਾਰੀ ਦੀ ਜੋੜੀ ਨੂੰ ਆਸਟਰੇਲੀਆ ਦੀਆਂ ਸਭ ਤੋਂ ਸਫਲ ਓਪਨਿੰਗ ਜੋੜੀਆਂ ’ਚੋਂ ਇੱਕ ਮੰਨਿਆ ਜਾਂਦਾ ਸੀ।