
ਮਾਲਾ ਅਡਿਗਾ ਜਿਲ ਬਾਈਡੇਨ ਦੀ ਨੀਤੀ ਨਿਦੇਸ਼ਕ ਅਤੇ ਗਰਿਮਾ ਵਰਮਾ ਨੂੰ ਉਨ੍ਹਾਂ ਦੇ ਦਫ਼ਤਰ ਦੀ ਡਿਜ਼ੀਟਲ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ।
ਵਾਸ਼ਿੰਗਟਨ : ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ. ਬਾਈਡਨ ਨੇ ਅਪਣੇ ਪ੍ਰਸ਼ਾਸਨ ਵਿਚ ਅਹਿਮ ਅਹੁਦਿਆਂ ’ਤੇ 13 ਔਰਤਾਂ ਸਮੇਤ ਘੱਟੋ-ਘੱਟ 20 ਭਾਰਤੀ-ਅਮਰੀਕੀਆਂ ਨੂੰ ਨਾਮਜ਼ਦ ਕੀਤਾ ਹੈ। ਇਨ੍ਹਾਂ 20 ਭਾਰਤੀ-ਅਮਰੀਕੀਆਂ ਵਿਚੋਂ ਘੱਟੋ-ਘੱਟ 17 ਲੋਕ ਸ਼ਕਤੀਸ਼ਾਲੀ ਵ੍ਹਾਈਟ ਹਾਊਸ ਵਿਚ ਮਹੱਤਵਪੂਰਨ ਅਹੁਦਾ ਸੰਭਾਲਣਗੇ। ਅਮਰੀਕਾ ਦੀ ਕੁੱਲ ਆਬਾਦੀ ਦਾ ਇਕ ਫ਼ੀ ਸਦੀ ਭਾਰਤੀ-ਅਮਰੀਕੀ ਹਨ ਅਤੇ ਇਸ ਛੋਟੇ ਭਾਈਚਾਰੇ ਵਿਚੋਂ ਕਿਸੇ ਪ੍ਰਸ਼ਾਸਨ ਵਿਚ ਪਹਿਲੀ ਵਾਰੀ ਇੰਨੀ ਵੱਧ ਗਿਣਤੀ ਵਿਚ ਲੋਕਾਂ ਨੂੰ ਨਿਯੁਕਤ ਕੀਤਾ ਜਾਵੇਗਾ।
trump bidenਬਾਈਡੇਨ 20 ਜਨਵਰੀ ਨੂੰ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਦੇ ਤੌਰ ’ਤੇ ਸਹੁੰ ਚੁੱਕਣਗੇ। ਇਸੇ ਦਿਨ ਕਮਲਾ ਹੈਰਿਸ ਸਹੁੰ ਚੁਕ ਕੇ ਦੇਸ਼ ਦੀ ਪਹਿਲੀ ਮਹਿਲਾ ਉਪ ਰਾਸ਼ਟਰਪਤੀ ਦੇ ਰੂਪ ਵਿਚ ਅਹੁਦਾ ਸੰਭਾਲੇਗੀ। ਹੈਰਿਸ ਅਮਰੀਕਾ ਵਿਚ ਭਾਰਤੀ ਮੂਲ ਦੀ ਪਹਿਲੀ ਉਪ ਰਾਸ਼ਟਰਪਤੀ ਹੋਵੇਗੀ। ਉਹ ਇਹ ਅਹੁਦਾ ਸੰਭਾਲਣ ਵਾਲੀ ਪਹਿਲੀ ਅਫ਼ਰੀਕੀ-ਅਮਰੀਕੀ ਵੀ ਹੋਵੇਗੀ। ਇਹ ਪਹਿਲੀ ਵਾਰ ਹੈ ਜਦੋਂ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਕਿਸੇ ਰਾਸ਼ਟਰਪਤੀ ਦੇ ਪ੍ਰਸ਼ਾਸਨ ਵਿਚ ਇੰਨੀ ਵੱਡੀ ਗਿਣਤੀ ਵਿਚ ਭਾਰਤੀ-ਅਮਰੀਕੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ।
Joe Bidenਬਾਈਡੇਨ ਦੇ ਪ੍ਰਸ਼ਾਸਨ ਵਿਚ ਹੁਣ ਵੀ ਕਈ ਅਹੁਦੇ ਖ਼ਾਲੀ ਹਨ। ਇਸ ਸੂਚੀ ਵਿਚ ਸੱਭ ਤੋਂ ਉੱਪਰ ਨੀਰਾ ਟੰਡਨ ਅਤੇ ਡਾਕਟਰ ਵਿਵੇਕ ਮੂਰਤੀ ਹਨ। ਬਾਈਡੇਨ ਪ੍ਰਸ਼ਾਸਨ ਵਿਚ ਵ੍ਹਾਈਟ ਹਾਊਸ ਦਫ਼ਤਰ ਦੇ ਪ੍ਰਬੰਧਨ ਤੇ ਬਜਟ ਦੇ ਡਾਇਰੈਕਟਰ ਦੇ ਤੌਰ ’ਤੇ ਟੰਡਨ ਅਤੇ ਅਮਰੀਕੀ ਸਰਜਨ ਜਨਰਲ ਦੇ ਤੌਰ ’ਤੇ ਡਾਕਟਰ ਵਿਵੇਕ ਮੂਰਤੀ ਨੂੰ ਨਾਮਜ਼ਦ ਕੀਤਾ ਗਿਆ ਹੈ।
bidenਮਾਲਾ ਅਡਿਗਾ ਜਿਲ ਬਾਈਡੇਨ ਦੀ ਨੀਤੀ ਨਿਦੇਸ਼ਕ ਅਤੇ ਗਰਿਮਾ ਵਰਮਾ ਨੂੰ ਉਨ੍ਹਾਂ ਦੇ ਦਫ਼ਤਰ ਦੀ ਡਿਜ਼ੀਟਲ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਜਦਕਿ ਸਬਰੀਨਾ ਸਿੰਘ ਨੂੰ ਉਨ੍ਹਾਂ ਦੀ ਡਿਪਟੀ ਪ੍ਰੈੱਸ ਮੰਤਰੀ ਨਿਯੁਕਤ ਕੀਤਾ ਗਿਆ ਹੈ। ਵ੍ਹਾਈਟ ਹਾਊਸ ਵਿਚ ਪਹਿਲੀ ਵਾਰ ਅਜਿਹੇ ਦੋ ਭਾਰਤੀ-ਅਮਰੀਕੀਆਂ ਨੂੰ ਜਗ੍ਹਾ ਦਿੱਤੀ ਗਈ ਹੈ ਜੋ ਮੂਲ ਰੂਪ ਨਾਲ ਕਸ਼ਮੀਰ ਨਾਲ ਸਬੰਧ ਰਖਦੇ ਹਨ। ਇਨ੍ਹਾਂ ਵਿਚ ਆਯਸ਼ਾ ਸ਼ਾਹ ਨੂੰ ਵ੍ਹਾਈਟ ਹਾਊਸ ਦਫ਼ਤਰ ਦੀ ਡਿਜੀਟਲ ਰਣਨੀਤੀ ਦੀ ਪਾਰਟਨਰਸ਼ਿਪ ਮੈਨੇਜਰ ਅਤੇ ਸਮੀਰਾ ਫ਼ਾਜ਼ਲੀ ਨੂੰ ਵ੍ਹਾਈਟ ਹਾਊਸ ਵਿਚ ਅਮਰੀਕੀ ਰਾਸ਼ਟਰੀ ਆਰਥਕ ਪ੍ਰੀਸ਼ਦ ਦੀ ਡਿਪਟੀ ਡਾਇਰੈਕਟਰ ਨਾਮਜ਼ਦ ਕੀਤਾ ਗਿਆ ਹੈ। ਵ੍ਹਾਈਟ ਹਾਊਸ ਰਾਸ਼ਟਰੀ ਆਰਥਿਕ ਪਰੀਸ਼ਦ ਵਿਚ ਇਕ ਹੋਰ ਭਾਰਤੀ ਅਮਰੀਕੀ ਭਾਰਤ ਰਾਮਮੂਰਤੀ ਨੂੰ ਡਿਪਟੀ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ।