
ਕਈ ਸਾਲਾਂ ਤੋਂ ਤੁਰਕੀ 'ਚ ਰਹਿ ਰਹੇ ਸੀ ਜਾਹ, ਉੱਥੇ ਹੀ ਹੋਈ ਮੌਤ
ਹੈਦਰਾਬਾਦ - ਬੇਹਿਸਾਬ ਜ਼ਮੀਨ-ਜਾਇਦਾਦ ਅਤੇ ਹੀਰੇ-ਜਵਾਹਰਾਤ ਦੇ ਮਾਲਕ, ਹੈਦਰਾਬਾਦ ਦੇ ਆਖਰੀ ਨਿਜ਼ਾਮ ਨਵਾਬ ਮੀਰ ਬਰਕਤ ਅਲੀ ਖ਼ਾਨ ਵਾਲਾਸ਼ਨ ਮੁਕੱਰਮ ਜਾਹ ਬਹਾਦਰ ਨੂੰ ਬੁੱਧਵਾਰ ਨੂੰ ਇੱਥੇ ਸਪੁਰਦ-ਏ-ਖ਼ਾਕ ਕੀਤਾ ਜਾਵੇਗਾ ਅਤੇ ਇਸ ਦੇ ਨਾਲ ਹੀ ਉਨ੍ਹਾਂ ਦਾ ਜੀਵਨ ਅਤੇ ਵਿਰਾਸਤ 'ਚ ਮਿਲੀ ਦੌਲਤ ਦੇ ਅਣਸੁਲਝੇ ਸਵਾਲ ਦਫ਼ਨ ਹੋ ਜਾਣਗੇ।
ਉਨ੍ਹਾਂ ਦਾ ਸ਼ਨੀਵਾਰ ਨੂੰ ਤੁਰਕੀ ਵਿੱਚ ਦਿਹਾਂਤ ਹੋ ਗਿਆ, ਜਿੱਥੇ ਉਹ ਕਈ ਸਾਲਾਂ ਤੋਂ ਰਹਿ ਰਹੇ ਸੀ।
ਮੁਕੱਰਮ ਜਾਹ ਨੂੰ ਉਨ੍ਹਾਂ ਦੇ ਦਾਦਾ ਅਤੇ ਹੈਦਰਾਬਾਦ ਰਿਆਸਤ ਦੇ ਸੱਤਵੇਂ ਨਿਜ਼ਾਮ ਮੀਰ ਉਸਮਾਨ ਅਲੀ ਖਾਨ ਨੇ 1954 'ਚ ਆਪਣਾ ਉੱਤਰਾਧਿਕਾਰੀ ਘੋਸ਼ਿਤ ਕੀਤਾ ਸੀ। ਉਦੋਂ ਤੋਂ ਉਨ੍ਹਾਂ ਨੂੰ ਹੈਦਰਾਬਾਦ ਦਾ ਅੱਠਵਾਂ ਅਤੇ ਆਖਰੀ ਨਿਜ਼ਾਮ ਕਿਹਾ ਜਾਂਦਾ ਹੈ। ਉਨ੍ਹਾਂ ਦੇ ਦਾਦਾ ਜੀ ਕਦੇ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਸਨ।
ਮੁਕੱਰਮ ਜਾਹ ਦੇ ਬਾਰੇ 'ਚ 'ਦ ਲਾਸਟ ਨਿਜ਼ਾਮ: ਦ ਰਾਈਜ਼ ਐਂਡ ਫ਼ਾਲ ਆਫ਼ ਇੰਡੀਆਜ਼ ਗ੍ਰੇਟੈਸਟ ਪ੍ਰਿੰਸਲੀ ਸਟੇਟ' ਕਿਤਾਬ ਦੇ ਲੇਖਕ ਜੌਨ ਜ਼ੁਬਰਿਜ਼ਸਕੀ ਨੇ ਲਿਖਿਆ ਹੈ, "ਮੈਂ ਸਾਲਾਂ ਤੋਂ ਇੱਕ ਮੁਸਲਮਾਨ ਸੂਬੇ ਦੇ ਇੱਕ ਅਜੀਬ ਸ਼ਾਸਕ ਦੀਆਂ ਕਹਾਣੀਆਂ ਪੜ੍ਹੀਆਂ, ਜਿਸ ਕੋਲ ਕਿੱਲੋ ਦੇ ਹਿਸਾਬ ਨਾਲ ਹੀਰੇ, ਏਕੜਾਂ 'ਚ ਮੋਤੀ ਅਤੇ ਟਨਾਂ 'ਚ ਸੋਨੇ ਦੀਆਂ ਛੜਾਂ ਸਨ, ਪਰ ਫ਼ੇਰ ਵੀ ਉਹ ਐਨਾ ਕੰਜੂਸ ਸੀ ਕਿ ਕੱਪੜੇ ਧੋਣ ਦਾ ਖ਼ਰਚ ਬਚਾਉਣ ਲਈ ਕੱਪੜੇ ਪਾ ਕੇ ਹੀ ਨਹਾਉਂਦਾ ਸੀ।"
ਮੁਕੱਰਮ ਜਾਹ ਦਾ ਜਨਮ 1933 ਵਿੱਚ ਫ਼ਰਾਂਸ ਵਿੱਚ ਹੋਇਆ। ਉਨ੍ਹਾਂ ਦੀ ਮਾਂ ਰਾਜਕੁਮਾਰੀ ਦੁਰੂ ਸ਼ੇਵਰ ਤੁਰਕੀ ਦੇ ਆਖਰੀ ਸੁਲਤਾਨ ਅਬਦੁਲ ਮਜੀਦ ਦੂਜੇ ਦੀ ਧੀ ਸੀ।
ਸੀਨੀਅਰ ਪੱਤਰਕਾਰ ਅਤੇ ਹੈਦਰਾਬਾਦ ਦੇ ਸੱਭਿਆਚਾਰ ਅਤੇ ਵਿਰਾਸਤ ਦੇ ਮਾਹਰ, ਮੀਰ ਅਯੂਬ ਅਲੀ ਖਾਨ ਨੇ ਕਿਹਾ ਕਿ ਪ੍ਰਿੰਸ ਮੁਕੱਰਮ ਜਾਹ ਨੂੰ ਰਸਮੀ ਤੌਰ 'ਤੇ 1971 ਤੱਕ ਹੈਦਰਾਬਾਦ ਦਾ ਰਾਜਕੁਮਾਰ ਕਿਹਾ ਜਾਂਦਾ ਸੀ, ਜਦੋਂ ਤੱਕ ਕਿ ਸਰਕਾਰ ਨੇ ਉਪਾਧੀਆਂ ਖ਼ਤਮ ਨਹੀਂ ਕੀਤੀਆਂ ਸੀ।
ਖਾਨ ਨੇ ਕਿਹਾ ਕਿ ਸੱਤਵੇਂ ਨਿਜ਼ਾਮ ਨੇ ਆਪਣੇ ਪਹਿਲੇ ਪੁੱਤਰ ਸ਼ਹਿਜ਼ਾਦਾ ਆਜ਼ਮ ਜਾਹ ਬਹਾਦਰ ਦੀ ਬਜਾਏ ਆਪਣੇ ਪੋਤੇ ਨੂੰ ਆਪਣਾ ਉੱਤਰਾਧਿਕਾਰੀ ਬਣਾਇਆ ਸੀ। 1967 ਵਿੱਚ ਹੈਦਰਾਬਾਦ ਦੇ ਆਖਰੀ ਸਾਬਕਾ ਸ਼ਾਸਕ ਦੀ ਮੌਤ ਤੋਂ ਬਾਅਦ ਮੁਕੱਰਮ ਜਾਹ ਅੱਠਵੇਂ ਨਿਜ਼ਾਮ ਬਣੇ।
ਉਹ ਸ਼ੁਰੂ ਵਿੱਚ ਆਸਟਰੇਲੀਆ ਗਏ, ਪਰ ਬਾਅਦ ਵਿੱਚ ਤੁਰਕੀ ਵਿੱਚ ਰਹਿਣ ਲੱਗੇ।
ਜ਼ੁਬ੍ਰਿਜ਼ਸਕੀ ਨੇ ਤੁਰਕੀ ਵਿੱਚ ਮੁਕੱਰਮ ਜਾਹ ਦੇ ਦੋ ਕਮਰਿਆਂ ਵਾਲੇ ਫ਼ਲੈਟ ਵਿੱਚ ਉਸ ਨਾਲ ਹੋਈ ਆਪਣੀ ਮੁਲਾਕਾਤ ਬਾਰੇ ਲਿਖਿਆ, "ਮੈਂ ਆਸਟਰੇਲੀਆ ਦੇ ਮਾਰੂਥਲ ਵਿੱਚ ਇੱਕ ਅਦਾਲਤ ਦੀਆਂ ਅਦੁੱਤੀ ਕਹਾਣੀਆਂ ਸੁਣੀਆਂ ਸਨ, ਜਿੱਥੇ ਇੱਕ ਭਾਰਤੀ ਰਾਜਕੁਮਾਰ ਨੇ ਇੱਕ ਸਜਾਏ ਹੋਏ ਸੁੰਦਰ ਹਾਥੀ 'ਤੇ ਬੈਠਣ ਦੀ ਬਜਾਏ, ਡੀਜ਼ਲ ਨਾਲ ਚੱਲਣ ਵਾਲਾ ਬੁਲਡੋਜ਼ਰ ਚਲਾਉਣਾ ਚੁਣਿਆ। ਮੈਂ ਤੁਰਕੀ ਵਿੱਚ ਰਹਿਣ ਵਾਲੇ ਇੱਕ ਵੈਰਾਗੀ ਬਾਰੇ ਸੁਣਿਆ ਸੀ ਜੋ ਦੋ ਸੂਟਕੇਸ ਅਤੇ ਕਈ ਟੁੱਟੇ ਸੁਪਨੇ ਲੈ ਕੇ ਆਇਆ ਸੀ।"
ਮੁਕੱਰਮ ਜਾਹ ਜਾਂ ਉਨ੍ਹਾਂ ਦੇ ਦਾਦੇ ਨੂੰ ਵਿਰਸੇ ਵਿੱਚ ਮਿਲੀ ਬੇਸ਼ੁਮਾਰ ਦੌਲਤ ਵਿੱਚ ਗਿਰਾਵਟ ਦੇ ਵੇਰਵਿਆਂ ਦੀ ਘਾਟ ਹੈ, ਪਰ ਆਪਣੇ ਵਕਤ 'ਚ ਮੁਕੱਰਮ ਜਾਹ ਨੇ ਕਦੇ ਵੀ ਕਿਸੇ ਪ੍ਰਤੀ ਰਹਿਮਦਿਲੀ ਨਹੀਂ ਦਿਖਾਈ।
ਪੱਤਰਕਾਰ ਅਯੂਬ ਅਲੀ ਖਾਨ ਨੇ ਕਿਹਾ ਕਿ ਹੈਦਰਾਬਾਦ ਦੇ ਲੋਕਾਂ ਨੂੰ ਆਸ ਸੀ ਕਿ ਰਾਜਕੁਮਾਰ ਮੁਕੱਰਮ ਜਾਹ ਗ਼ਰੀਬਾਂ ਬਹੁਤ ਕੁਝ ਕਰਨਗੇ, ਕਿਉਂਕਿ ਉਨ੍ਹਾਂ ਨੂੰ ਆਪਣੇ ਦਾਦਾ ਜੀ ਤੋਂ ਅਥਾਹ ਧਨ-ਦੌਲਤ ਵਿਰਾਸਤ 'ਚ ਮਿਲੀ ਸੀ, ਜੋ ਕਦੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਸਨ। ਉਨ੍ਹਾਂ ਕਿਹਾ, "ਹਾਲਾਂਕਿ, ਅਜਿਹਾ ਨਹੀਂ ਹੋਇਆ।"
ਮੁਕੱਰਮ ਜਾਹ ਦਾ ਪਹਿਲਾ ਵਿਆਹ 1959 ਵਿੱਚ ਤੁਰਕੀ ਦੀ ਰਾਜਕੁਮਾਰੀ ਇਸਰਾ ਨਾਲ ਹੋਇਆ ਸੀ। ਯਾਉਂਦੀ ਡਾਟ ਕਾਮ 'ਤੇ ਪ੍ਰਕਾਸ਼ਿਤ ਇੱਕ ਇੰਟਰਵਿਊ ਵਿੱਚ ਰਾਜਕੁਮਾਰੀ ਇਸਰਾ ਨੇ ਹੈਦਰਾਬਾਦ ਵਿੱਚ ਆਪਣੇ ਵਿਆਹੁਤਾ ਜੀਵਨ ਬਾਰੇ ਗੱਲ ਕੀਤੀ ਅਤੇ ਦੱਸਿਆ ਕਿ ਕਿਵੇਂ ਵਿਰਾਸਤ ਵਿੱਚ ਮਿਲੀ ਜਾਇਦਾਦ ਅਤੇ ਪਰਿਵਾਰਕ ਮਹਿਲਾਂ ਨੂੰ ਸੁਰੱਖਿਅਤ ਰੱਖਣਾ ਉਨ੍ਹਾਂ ਦਾ ਜਨੂੰਨ ਬਣ ਗਿਆ।
ਉਨ੍ਹਾਂ ਕਿਹਾ, “ਮੈਂ ਹਮੇਸ਼ਾ ਸ਼ਹਿਰ ਲਈ ਕੁਝ ਕਰਨਾ ਚਾਹੁੰਦੀ ਸੀ ਪਰ ਇਹ ਥੋੜ੍ਹਾ ਮੁਸ਼ਕਿਲ ਸੀ ਕਿਉਂਕਿ ਜਦੋਂ ਮੇਰਾ ਵਿਆਹ ਹੋਇਆ ਤਾਂ ਮੇਰੇ ਪਤੀ ਦੇ ਦਾਦਾ ਜੀ ਜਿਉਂਦੇ ਸਨ, ਅਤੇ ਉਦੋਂ ਮੇਰੇ 'ਤੇ ਬਹੁਤ ਪਾਬੰਦੀਆਂ ਸਨ। ਹਾਲਾਂਕਿ ਉਨ੍ਹਾਂ ਦੀ ਮੌਤ ਤੋਂ ਬਾਅਦ, ਅਸੀਂ ਬਹੁਤ ਕੁਝ ਕਰ ਸਕਦੇ ਸੀ ਪਰ ਫਿਰ ਬਹੁਤ ਸਾਰੀਆਂ ਸਮੱਸਿਆਵਾਂ ਸਨ: ਟੈਕਸ 98 ਪ੍ਰਤੀਸ਼ਤ ਸੀ। ਫਿਰ ਸਾਡੇ ਵਿਸ਼ੇਸ਼ ਅਧਿਕਾਰ ਅਤੇ ਜ਼ਮੀਨਾਂ ਖੋਹ ਲਈਆਂ ਗਈਆਂ।"
ਰਾਜਕੁਮਾਰੀ ਇਸਰਾ ਨੇ ਕਿਹਾ, "ਬਾਅਦ ਵਿੱਚ, ਮੇਰਾ ਤਲਾਕ ਹੋ ਗਿਆ ਅਤੇ 20 ਸਾਲਾਂ ਬਾਅਦ ਮੁਕੱਰਮ ਜਾਹ ਨੇ ਮੈਨੂੰ ਵਾਪਸ ਆਉਣ ਅਤੇ ਉਸਦੀ ਮਦਦ ਕਰਨ ਲਈ ਕਿਹਾ ਸੀ ਕਿਉਂਕਿ ਉਹ ਕਈ ਸਮੱਸਿਆਵਾਂ ਨਾਲ ਘਿਰੇ ਹੋਏ ਸੀ। ਜਦੋਂ ਮੈਂ ਵਾਪਸ ਆਈ ਤਾਂ ਸਾਰਾ ਮਹਿਲ ਇੰਝ ਜਾਪਦਾ ਸੀ ਜਿਵੇਂ ਨਾਦਿਰ ਸ਼ਾਹ ਨੇ ਦਿੱਲੀ ਲੁੱਟ ਮਚਾਈ ਸੀ। ਕੁਝ ਵੀ ਨਹੀਂ ਬਚਿਆ ਸੀ, ਸਭ ਕੁਝ ਲੈ ਲਿਆ ਗਿਆ ਸੀ।"
ਚੌਮਹੱਲਾ ਪੈਲੇਸ ਅਤੇ ਫ਼ਲਕਨੁਮਾ ਪੈਲੇਸ ਦੀ ਮੁਰੰਮਤ ਲਈ ਆਪਣੀਆਂ ਕੋਸ਼ਿਸ਼ਾਂ ਦਾ ਵਰਣਨ ਕਰਦੇ ਹੋਏ, ਰਾਜਕੁਮਾਰੀ ਨੇ ਕਿਹਾ, "ਇਹ ਸਾਡਾ ਫਰਜ਼ ਸੀ।"
ਇਸ ਇੰਟਰਵਿਊ ਦੇ ਛਪਣ ਤੋਂ ਕਈ ਦਹਾਕਿਆਂ ਬਾਅਦ, ਮੁਕੱਰਮ ਜਾਹ ਦੀ ਮ੍ਰਿਤਕ ਦੇਹ ਨੂੰ ਸਭ ਤੋਂ ਪਹਿਲਾਂ ਉਸੇ ਚੌਮਹੱਲੇ ਪੈਲੇਸ ਵਿੱਚ ਲਿਜਾਇਆ ਜਾਵੇਗਾ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਜਹਾਜ਼ ਰਾਹੀਂ ਇੱਥੇ ਲਿਆਂਦਾ ਜਾ ਰਿਹਾ ਹੈ।
ਜਾਹ ਦੀ ਦੇਹ ਨੂੰ 18 ਜਨਵਰੀ ਨੂੰ ਸਵੇਰੇ 8 ਵਜੇ ਤੋਂ ਦੁਪਹਿਰ 1 ਵਜੇ ਤੱਕ ਖਿਲਵਤ ਪੈਲੇਸ ਵਿਖੇ ਰੱਖਿਆ ਜਾਵੇਗਾ, ਜਿੱਥੇ ਲੋਕ ਅੰਤਿਮ ਦਰਸ਼ਨ ਕਰ ਸਕਦੇ ਹਨ।
ਮੁਕੱਰਮ ਜਾਹ ਦੇ ਦਫ਼ਤਰ ਵੱਲੋਂ ਜਾਰੀ ਬਿਆਨ ਅਨੁਸਾਰ ਉਨ੍ਹਾਂ ਨੂੰ ਇੱਥੇ ਆਸਫ਼ ਜਾਹੀ ਕਬਰਿਸਤਾਨ ਵਿੱਚ ਸਪੁਰਦ-ਏ-ਖ਼ਾਕ ਕੀਤਾ ਜਾਵੇਗਾ।
ਬਿਆਨ ਮੁਤਾਬਕ ਭਾਰਤ 'ਚ ਦਫ਼ਨਾਉਣ ਦੀ ਇੱਛਾ ਅਨੁਸਾਰ ਉਨ੍ਹਾਂ ਦੇ ਬੱਚੇ ਦੇਹ ਨੂੰ ਹੈਦਰਾਬਾਦ ਲੈ ਕੇ ਆਉਣਗੇ।
ਰਾਜਕੁਮਾਰ ਮੁਕੱਰਮ ਜਾਹ ਦੇ ਦੇਹਾਂਤ 'ਤੇ ਸੋਗ ਪ੍ਰਗਟ ਕਰਦੇ ਹੋਏ ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਨਿਜ਼ਾਮ ਦੇ ਉੱਤਰਾਧਿਕਾਰੀ ਵਜੋਂ ਗ਼ਰੀਬਾਂ ਲਈ ਸਿੱਖਿਆ ਅਤੇ ਦਵਾਈ ਦੇ ਖੇਤਰਾਂ ਵਿੱਚ ਨਿਭਾਈ ਸਮਾਜ ਸੇਵਾ ਲਈ ਉਨ੍ਹਾਂ ਦਾ ਸਸਕਾਰ ਉੱਚ ਸਰਕਾਰੀ ਸਨਮਾਨਾਂ ਨਾਲ ਕਰਨ।