
ਇਟਲੀ ਦੇ ਗ੍ਰਹਿ ਮੰਤਰਾਲੇ ਵੱਲੋਂ ਜਨਤਕ ਅੰਕੜਿਆਂ ਦੇ ਅਨੁਸਾਰ ਇਹ ਰਿਪੋਰਟ ਸਿਰਫ 14 ਦਸੰਬਰ 2024 ਤੋਂ 13 ਜਨਵਰੀ 2025 ਤੱਕ ਦੀ ਹੈ।
ਮਿਲਾਨ (ਦਲਜੀਤ ਮੱਕੜ) : ਇਟਲੀ ਵਿੱਚ ਸੜਕ ਹਾਦਸਿਆਂ ਦੀ ਵੱਧ ਰਹੀ ਗਿਣਤੀ ਨੂੰ ਠੱਲ ਪਾਉਣ ਲਈ ਇਟਲੀ ਦੇ ਉਪ-ਪ੍ਰਧਾਨ ਮੰਤਰੀ ਤੇ ਕੇਂਦਰੀ ਆਵਾਜਾਈ ਮੰਤਰੀ ਮੈਤਿਓ ਸਲਵੀਨੀ ਜਿਸ ਸਿੱਦਤ ਤੇ ਸੰਜੀਦਗੀ ਨਾਲ ਕਾਰਵਾਈ ਨੂੰ ਅੰਜਾਮ ਦੇ ਰਹੇ ਹਨ ਉਸ ਨਾਲ ਹੁਣ ਉਹ ਲੋਕ ਬਾਹਲੇ ਔਖੇ ਦੇਖੇ ਜਾ ਰਹੇ ਹਨ ਜਿਹੜੇ ਕਿ ਟ੍ਰੈਫਿਕ ਨਿਯਮਾਂ ਦੀ ਪਹਿਲਾਂ ਕਦੇ ਵੀ ਜਿੰਮੇਵਾਰੀ ਨਾਲ ਪਾਲਣਾ ਨਹੀਂ ਸਨ ਕਰਦੇ।
ਜਦੋਂ ਦਾ ਇਟਲੀ ਸਰਕਾਰ ਨੇ ਹਾਈਵੇ ਕੋਡ ਕਾਨੂੰਨ 14 ਦਸੰਬਰ 2024 ਤੋਂ ਸਖਤੀ ਨਾਲ ਲਾਗੂ ਕਰ ਦਿੱਤਾ ਹੈ ਤਾਂ ਪਹਿਲੇ ਮਹੀਨੇ ਵਿੱਚ 66145 ਵਾਹਨ ਚਾਲਕਾਂ ਨੂੰ ਸ਼ੱਕ ਦੇ ਆਧਾਰ ਤੇ ਚੈੱਕ ਕੀਤਾ ਗਿਆ ਜਿਹਨਾਂ ਵਿੱਚੋਂ 1146 ਚਲਾਨ ਸਰਾਬ ਪੀਕੇ ਗੱਡੀ ਚਲਾਉਣ ਵਾਲਿਆਂ ਨੂੰ ਤੇ 138 ਚਲਾਨ ਨਸੀਲੇ ਪਦਾਰਥਾਂ ਦੇ ਪ੍ਰਭਾਵ ਵਿੱਚ ਗੱਡੀ ਚਲਾਉਣ ਵਾਲਿਆਂ ਦੇ ਕੱਟਟ ਗਏ।
ਦੇਸ ਭਰ ਵਿੱਚ ਕਾਰਬਿਨੇਰੀ ਪੁਲਸ ਤੇ ਲੋਕਲ ਪੁਲਸ ਵੱਲੋਂ 5058 ਲੋਕਾਂ ਦੇ ਡਰਾਈਵਿੰਗ ਲਾਇਸੰਸ ਜਬਤ ਕੀਤੇ ਗਏ ਜਿਹਨਾਂ ਵਿੱਚੋਂ 2499 ਲੋਕਾਂ ਦੇ ਲਾਇਸੰਸ ਇਸ ਕਾਰਨ ਜਬਤ ਕੀਤੇ ਗਏ ਕਿਉਂਕਿ ਉਹ ਗੱਡੀ ਚਲਾਉਂਦੇ ਸਮੇਂ ਮੋਬਾਇਲ ਫੋਨ ਦੀ ਵਰਤੋਂ ਕਰ ਰਹੇ ਹਨ।ਇਹ ਸਭ ਲੋਕਾਂ ਦੇ ਡਰਾਈਵਿੰਗ ਲਾਇਸੰਸਾਂ ਵਿੱਚੋਂ 168.094 ਪੁਨਤੀਆਂ ਕੱਟੀਆਂ ਗਈਆਂ। ਇਟਲੀ ਦੇ ਗ੍ਰਹਿ ਮੰਤਰਾਲੇ ਵੱਲੋਂ ਜਨਤਕ ਅੰਕੜਿਆਂ ਦੇ ਅਨੁਸਾਰ ਇਹ ਰਿਪੋਰਟ ਸਿਰਫ 14 ਦਸੰਬਰ 2024 ਤੋਂ 13 ਜਨਵਰੀ 2025 ਤੱਕ ਦੀ ਹੈ।
ਇਟਲੀ ਪੁਲਸ ਅਨੁਸਾਰ ਇਸ ਇੱਕ ਮਹੀਨੇ ਵਿੱਚ ਮੁੱਖ ਸੜਕਾਂ ਉਪੱਰ ਹੋ ਰਹੇ ਸੜਕ ਹਾਦਸਿਆਂ ਵਿੱਚ 34 ਫੀਸਦੀ ਗਿਰਾਵਟ ਆਈ ਹੈ ਜਦੋਂ ਕਿ ਦੇਸ ਭਰ ਵਿੱਚ ਸਮੁੱਚੇ ਸੜਕ ਹਾਦਸਿਆਂ ਵਿੱਚ 8.6 ਪ੍ਰਤੀਸਤ ਦੀ ਕਮੀ ਦਰਜ ਕੀਤੀ ਗਈ। ਦੇਸ਼ ਭਰ ਵਿੱਚ 78 ਘਾਤਕ ਹਾਦਸੇ ਹੋਏ ਜੋ ਪਿਛਲੇ ਸਾਲ ਦੇ 113 ਦੇ ਮੁਕਾਬਲੇ 31 ਫੀਸਦੀ ਘੱਟ ਹਨ।ਮੌਤਾਂ ਵੀ ਇਸ ਸਮੇਂ ਦੌਰਾਨ 84 ਹੋਈਆਂ ਜੋ ਕਿ ਪਿਛਲੇ ਸਾਲ 127 ਸਨ।ਜਖਮੀਆਂ ਦੀ ਗਿਣਤੀ ਵਿੱਚ ਵੀ 12.7 ਫੀਸਦੀ ਗਿਰਾਵਟ ਦਰਜ ਕੀਤੀ ਗਈ ਹੈ।
ਦੇਸ਼ ਦੇ ਉਪ-ਪ੍ਰਧਾਨ ਮੰਤਰੀ ਤੇ ਆਵਾਜਾਈ ਮੰਤਰੀ ਮੈਤਿਓ ਸਲਵੀਨੀ ਦੀਆਂ ਕੀਤੀਆਂ ਟ੍ਰੈਫਿਕ ਨਿਯਮਾਂ ਵਿੱਚ ਸਲਾਂਘਾਯੋਗ ਕਾਰਵਾਈਆਂ ਨੂੰ ਪਏ ਬੂਰ ਨੇ ਸਲਵੀਨੀ ਦੇ ਹੌਸਲੇ ਬੁਲੰਦ ਕੀਤੇ ਹਨ ਜਿਸ ਤੇ ਉਹਨਾਂ ਸੋਸਲ ਮੀਡੀਏ ਰਾਹੀ ਲੋਕਾਂ ਨਾਲ ਇੱਕ ਮਹੀਨੇ ਦੀ ਰਿਪੋਰਟ ਸਾਂਝੀ ਕਰਦਿਆਂ ਹੋਰ ਸਹਿਯੋਗ ਦੇਣ ਦੀ ਗੱਲ ਕੀਤੀ ਹੈ।