
ਉੱਤਰ ਪ੍ਰਦੇਸ਼ ਦੇ ਔਰਈਆ ਜ਼ਿਲ੍ਹੇ ਵਿਚ ਅੱਜ ਸਨਿਚਰਵਾਰ ਤੜਕੇ ਹੋਏ ਭਿਆਨਕ ਹਾਦਸੇ ਵਿਚ 24 ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ। ਇਹ
ਔਰਈਆ, 16 ਮਈ: ਉੱਤਰ ਪ੍ਰਦੇਸ਼ ਦੇ ਔਰਈਆ ਜ਼ਿਲ੍ਹੇ ਵਿਚ ਅੱਜ ਸਨਿਚਰਵਾਰ ਤੜਕੇ ਹੋਏ ਭਿਆਨਕ ਹਾਦਸੇ ਵਿਚ 24 ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ। ਇਹ ਹਾਦਸਾ ਇਕ ਟਰੱਕ ਦੀ ਟਰਾਲੇ ਨਾਲ ਹੋਈ ਸਿੱਧੀ ਟੱਕਰ ਦੌਰਾਨ ਵਾਪਰਿਆ। ਦਿੱਲੀ–ਕਾਨਪੁਰ ਹਾਈਵੇ ਉਤੇ ਵਾਪਰੇ ਇਸ ਦਰਦਨਾਕ ਹਾਦਸੇ ਵਿਚ 36 ਹੋਰ ਮਜ਼ਦੂਰ ਜ਼ਖ਼ਮੀ ਹਨ, ਜਿਨਾਂ ’ਚੋਂ ਕਈਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਔਰਈਆ ਦੇ ਡੀ.ਐਮ. ਅਭਿਸ਼ੇਕ ਸਿੰਘ ਨੇ ਦਸਿਆ ਕਿ ਇਹ ਹਾਦਸਾ ਲਗਭਗ ਸਵੇਰੇ 3:30 ਵਜੇ ਵਾਪਰਿਆ। ਪ੍ਰਾਪਤ ਜਾਣਕਾਰੀ ਮੁਤਾਬਕ ਜ਼ਿਆਦਾਤਰ ਮਜ਼ਦੂਰ ਬਿਹਾਰ, ਝਾਰਖੰਡ ਤੇ ਪਛਮੀ ਬੰਗਾਲ ਦੇ ਰਹਿਣ ਵਾਲੇ ਸਨ ਅਤੇ ਰਾਜਸਥਾਨ ਤੋਂ ਪਰਤ ਰਹੇ ਸਨ। ਪ੍ਰਵਾਸੀ ਮਜ਼ਦੂਰਾਂ ਨਾਲ ਲੱਦੇ ਡੀ.ਸੀ.ਐਮ. ਵਿਚ ਟਰੱਕ ਨੇ ਟੱਕਰ ਮਾਰ ਦਿਤੀ। ਜ਼ਖ਼ਮੀਆਂ ਨੂੰ ਜ਼ਿਲ੍ਹਾ ਹਸਪਤਾਲ ਅਤੇ ਸੈਫ਼ਈ ਪੀ.ਜੀ.ਆਈ. ਭੇਜਿਆ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਦੇ ਲਗਭਗ ਸਾਰੇ ਅਧਿਕਾਰੀ ਮੌਕੇ ਉਤੇ ਮੌਜੂਦ ਹਨ।
File photo
ਚਸ਼ਮਦੀਦ ਗਵਾਹਾਂ ਮੁਤਾਬਕ ਡੀ.ਸੀ.ਐਮ. ਸੜਕ ਉੱਤੇ ਖੜ੍ਹਾ ਸੀ, ਤਦ ਹੀ ਟਰੱਕ ਨੇ ਉਸ ਵਿਚ ਟੱਕਰ ਮਾਰ ਦਿਤੀ। ਔਰਈਆ ਦੇ ਐਸ.ਪੀ. ਸੁਨੀਤੀ ਸਿੰਘ ਤੇ ਕਈ ਥਾਣਿਆਂ ਦੀ ਪੁਲਿਸ ਮੌਕੇ ਉਤੇ ਮੌਜੂਦ ਹੈ। ਪੁਲਿਸ ਰਾਹਤ ਉਤੇ ਬਚਾਅ ਕਾਰਜਾਂ ਵਿਚ ਜੁਟੀ ਹੋਈ ਹੈ। ਕੁੱਝ ਗੰਭੀਰ ਜ਼ਖ਼ਮੀਆਂ ਨੂੰ ਕਾਨਪੁਰ ਦੇ ਹੈਲਟ ਹਸਪਤਾਲ ਵਿਚ ਵੀ ਰੈਫ਼ਰ ਕੀਤਾ ਗਿਆ ਹੈ। ਇਸ ਘਟਨਾ ਵਿਚ ਮ੍ਰਿਤਕਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਇਸ ਤੋਂ ਪਹਿਲਾਂ ਕਲ ਪੈਦਲ ਘਰ ਜਾ ਰਹੇ ਮਜ਼ਦੂਰਾਂ ਨਾਲ ਉੱਤਰ ਪ੍ਰਦੇਸ਼ ਤੇ ਬਿਹਾਰ ਵਿਚ ਹਾਦਸੇ ਵਾਪਰ ਗਏ ਸਨ। ਪਹਿਲਾਂ ਹਾਦਸਾ ਉੱਤਰ ਪ੍ਰਦੇਸ਼ ਦੇ ਮੁਜ਼ੱਫ਼ਰਨਗਰ–ਸਹਾਰਨਪੁਰ ਸਟੇਟ ਹਾਈਵੇਅ ਉਤੇ ਬੁਧਵਾਰ ਰਾਤੀਂ ਲਗਭਗ ਇਕ ਵਜੇ ਵਾਪਰਿਆ ਸੀ। ਪੰਜਾਬ ਤੋਂ ਪਰਤ ਰਹੇ ਮਜ਼ਦੂਰਾਂ ਨੂੰ ਇਕ ਰੋਡਵੇਜ਼ ਬਸ ਨੇ ਕੁਚਲ ਦਿੱਤਾ ਸੀ। ਉੱਥੇ ਛੇ ਮਜ਼ਦੂਰਾਂ ਦੀ ਮੌਤ ਹੋ ਗਈ ਸੀ ਅਤੇ ਚਾਰ ਹੋਰ ਗੰਭੀਰ ਜ਼ਖ਼ਮੀ ਹੋ ਗਏ ਸਨ।
ਬਿਹਾਰ ਦੇ ਸਮੱਸਤੀਪੁਰ ਜ਼ਿਲ੍ਹੇ ਦੇ ਉਜਿਆਰਪੁਰ ਥਾਣਾ ਇਲਾਕੇ ਦੇ ਚਾਂਦਚਰ ਵਿਖੇ ਸ਼ੰਕਰ ਚੌਕ ਲਾਗੇ ਐਨ.ਐਚ. 28 ਉੱਤੇ ਬਸ ਅਤੇ ਟਰੱਕ ਦੀ ਟੱਕਰ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ। ਇਹ ਬਸ ਮੁਜ਼ੱਫ਼ਰਪੁਰ ਤੋਂ ਪ੍ਰਵਾਸੀਆਂ ਨੂੰ ਲੈ ਕੇ ਕਟਿਹਾਰ ਜਾ ਰਹੀ ਸੀ। (ਪੀਟੀਆਈ)