
Pakistan News : 150 ਤੋਂ ਵੱਧ ਲੋਕ ਜ਼ਖ਼ਮੀ
Pakistan rain News in punjabi : ਪਾਕਿਸਤਾਨ ਦੇ ਪੰਜਾਬ ਸੂਬੇ ’ਚ ਪਿਛਲੇ 24 ਘੰਟਿਆਂ ਅੰਦਰ ਮੀਂਹ ਨਾਲ ਜੁੜੀਆਂ ਘਟਨਾਵਾਂ ’ਚ ਘੱਟੋ-ਘੱਟ 24 ਲੋਕਾਂ ਦੀ ਮੌਤ ਹੋ ਗਈ ਅਤੇ 150 ਤੋਂ ਵੱਧ ਲੋਕ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦਸਿਆ ਕਿ ਲਾਹੌਰ ਅਤੇ ਪੰਜਾਬ ਦੇ ਕਈ ਹੋਰ ਜ਼ਿਲ੍ਹਿਆਂ ’ਚ ਰਾਤ ਭਰ ਰੁਕ-ਰੁਕ ਕੇ ਮੀਂਹ ਪੈਂਦਾ ਰਿਹਾ ਅਤੇ ਮੌਜੂਦਾ ਦੌਰ ਵੀਰਵਾਰ ਤਕ ਜਾਰੀ ਰਹਿਣ ਦੀ ਉਮੀਦ ਹੈ।
ਲਾਹੌਰ ’ਚ ਰਾਤ ਦੇ ਸਮੇਂ ਤੂਫਾਨ ਕਾਰਨ ਛੱਤ ਡਿੱਗਣ ਦੀਆਂ ਤਿੰਨ ਘਟਨਾਵਾਂ ’ਚ 12 ਲੋਕਾਂ ਦੀ ਮੌਤ ਹੋ ਗਈ। ਇਕ ਬੁਲਾਰੇ ਨੇ ਦਸਿਆ ਕਿ ਸ਼ਹਿਰ ਦੇ ਥੋਕਰ ਨਿਆਜ਼ ਬੇਗ ਇਲਾਕੇ ਵਿਚ ਇਕੋ ਪਰਵਾਰ ਦੇ ਪੰਜ ਮੈਂਬਰ ਸ਼ਾਮਲ ਸਨ, ਜਿਨ੍ਹਾਂ ਵਿਚ ਛੋਟੀਆਂ ਕੁੜੀਆਂ ਵੀ ਸ਼ਾਮਲ ਸਨ। ਫੈਸਲਾਬਾਦ ’ਚ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਪਾਕਪਟਨ ’ਚ ਇਕ ਔਰਤ ਅਤੇ ਦੋ ਬੱਚਿਆਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਛੱਤ ਡਿੱਗਣ ਕਾਰਨ ਸ਼ੇਖੂਪੁਰਾ, ਭਾਕਰ, ਬਹਾਵਲਨਗਰ ਅਤੇ ਸ਼ਾਹਕੋਟ ਵਿਚ ਇਕ-ਇਕ ਮੌਤ ਹੋਈ ਜਦਕਿ ਓਕਾਰਾ ਵਿਚ ਦੋ ਨੌਜੁਆਨਾਂ ਦੀ ਮੌਤ ਹੋ ਗਈ।
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਕੌਮੀ ਆਫ਼ਤ ਪ੍ਰਬੰਧਨ ਅਥਾਰਟੀ (ਐਨਡੀਐਮਏ) ਨੇ ਕਿਹਾ ਸੀ ਕਿ 26 ਜੂਨ ਤੋਂ ਲੈ ਕੇ ਹੁਣ ਤਕ ਅਜਿਹੀਆਂ ਘਟਨਾਵਾਂ ’ਚ ਕੁਲ 116 ਲੋਕਾਂ ਦੀ ਮੌਤ ਹੋ ਚੁਕੀ ਹੈ। ਐਨ.ਡੀ.ਐਮ.ਏ. ਮੁਤਾਬਕ 116 ਮੌਤਾਂ ਵਿਚੋਂ 44 ਮੌਤਾਂ ਪੰਜਾਬ ਵਿਚ, 37 ਖੈਬਰ ਪਖਤੂਨਖਵਾ ਵਿਚ, 18 ਸਿੰਧ ਵਿਚ, 16 ਬਲੋਚਿਸਤਾਨ ਵਿਚ ਅਤੇ ਇਕ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿਚ ਹੋਈਆਂ ਹਨ। ਇਸ ਦੌਰਾਨ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਮੀਂਹ ਨਾਲ ਸਬੰਧਤ ਘਟਨਾਵਾਂ ਵਿਚ ਹੋਏ ਜਾਨੀ ਨੁਕਸਾਨ ਉਤੇ ਦੁੱਖ ਜ਼ਾਹਰ ਕੀਤਾ ਅਤੇ ਅਧਿਕਾਰੀਆਂ ਨੂੰ ਉਚਿਤ ਬਚਾਅ ਕਾਰਜਾਂ ਵਿਚ ਸਹਾਇਤਾ ਕਰਨ ਦੇ ਹੁਕਮ ਦਿਤੇ।
"(For more news apart from “ Pakistan rain News in punjabi , ” stay tuned to Rozana Spokesman.)