
22 ਮਹੀਨਿਆਂ ਲਈ ਗੱਡੀ ਚਲਾਉਣ 'ਤੇ ਪਾਬੰਦੀ
ਲੰਡਨ - ਬ੍ਰਿਟੇਨ ਦੀ ਇੱਕ ਅਦਾਲਤ ਨੇ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼ 'ਚ 25 ਸਾਲਾ ਸਿੱਖ ਵਿਅਕਤੀ 'ਤੇ ਜੁਰਮਾਨਾ ਲਗਾਇਆ ਹੈ ਅਤੇ 22 ਮਹੀਨਿਆਂ ਲਈ ਸੜਕ 'ਤੇ ਜਾਣ 'ਤੇ ਪਾਬੰਦੀ ਲਗਾ ਦਿੱਤੀ ਹੈ।
ਦ ਡਰਬੀਸ਼ਾਇਰ ਲਾਈਵ ਦੀ ਖ਼ਬਰ ਅਨੁਸਾਰ ਪਿਛਲੇ ਸਾਲ ਨਵੰਬਰ ਵਿੱਚ ਡਰਬੀਸ਼ਾਇਰ ਟਾਊਨ ਦੀਆਂ ਲੇਨਾਂ ਵਿੱਚ ਘੁੰਮਦੇ ਹੋਏ ਸੁਖਪ੍ਰੀਤ ਸਿੰਘ ਦੀ ਕਾਰ ਵਿੱਚੋਂ ਪੁਲਿਸ ਨੂੰ ਸ਼ਰਾਬ ਦੇ ਖੁੱਲ੍ਹੇ ਕੈਨ ਮਿਲੇ ਸਨ।
ਦੱਖਣੀ ਡਰਬੀਸ਼ਾਇਰ ਮੈਜਿਸਟ੍ਰੇਟ ਦੀ ਅਦਾਲਤ ਨੂੰ ਜਾਣਕਾਰੀ ਮਿਲੀ ਕਿ ਸਿੰਘ, ਜੋ ਕਿ ਪੀਜ਼ਾ ਹੱਟ ਦਾ ਕਰਮਚਾਰੀ ਹੈ ਅਤੇ ਹਾਇਰ ਅਲਬਰਟ ਸਟਰੀਟ ਚੈਸਟਰਫੀਲਡ ਦਾ ਰਹਿਣ ਵਾਲਾ ਹੈ, ਉਹ ਬਿਨਾਂ ਲਾਇਸੈਂਸ ਦੇ ਕਾਰ ਚਲਾ ਰਿਹਾ ਸੀ।
ਸਰਕਾਰੀ ਵਕੀਲ ਬੇਕੀ ਐਲਸੋਪ ਅਨੁਸਾਰ, ਇੱਕ ਗਵਾਹ ਨੇ ਦੱਸਿਆ ਕਿ ਸਿੰਘ ਦੀ ਕਾਰ ਸੜਕ ਦੇ ਵਿਚਕਾਰ ਜ਼ਿਗ-ਜ਼ੈਗ ਲਾਈਨਾਂ ਦੇ ਵਾਰ-ਵਾਰ ਅੰਦਰ-ਬਾਹਰ ਹੋ ਰਹੀ ਸੀ, ਅਤੇ ਉਲਟ ਦਿਸ਼ਾ ਵਿੱਚ ਜਾਣ ਵਾਲੇ ਵਾਹਨਾਂ ਨੂੰ ਉਸ ਵੱਲ ਆਪਣੀਆਂ ਲਾਈਟਾਂ ਜਗਾ ਕੇ ਸਿੰਘ ਨੂੰ ਚੌਕੰਨਾ ਕਰਨਾ ਪਿਆ।
ਮਾਮਲੇ ਦਾ ਗਵਾਹ ਇੱਕ ਡਰਾਈਵਰ ਸੀ, ਜੋ ਕਿ ਸਿੰਘ ਦੀ ਕਾਰ ਦਾ ਪਿੱਛਾ ਕਰ ਰਿਹਾ ਸੀ ਅਤੇ ਉਸੇ ਨੇ ਪੁਲਿਸ ਨੂੰ ਸੂਚਨਾ ਦਿੱਤੀ ਸੀ।
ਰਿਪੋਰਟ ਵਿੱਚ ਦਰਜ ਹੈ ਕਿ ਗਵਾਹ ਨੇ ਦੱਸਿਆ ਕਿ ਕਾਰ ਬਿਨਾਂ ਕਿਸੇ ਕਾਰਨ ਦੇ ਸੜਕ ਦੇ ਵਿਚਕਾਰ ਰੁਕ ਗਈ ਅਤੇ ਫਿਰ ਚੱਲ ਪਈ, ਪਰ ਚੱਲਦੀ ਹੋਈ ਵੀ ਸੜਕ ਦੇ ਇਧਰ-ਉੱਧਰ ਜਾਂਦੀ ਰਹੀ।
ਸਿੰਘ ਦੇ 100 ਮਿਲੀਲੀਟਰ ਦੇ ਬ੍ਰੈੱਥ ਟੈਸਟ 'ਚ ਵਿੱਚ 77 ਮਾਈਕ੍ਰੋਗ੍ਰਾਮ ਅਲਕੋਹਲ ਪਾਈ ਗਈ, ਜਦੋਂ ਕਿ ਕਨੂੰਨ ਦੀ ਸੀਮਾ 35 ਤੱਕ ਹੈ, ਅਤੇ ਇਸ ਉਸ ਤੋਂ ਲਗਭਗ ਦੁੱਗਣੀ ਸੀ।
ਅਦਾਲਤ ਨੇ ਸਿੰਘ ਨੂੰ 250 ਪਾਉਂਡ ਦਾ ਜੁਰਮਾਨਾ ਕੀਤਾ, ਉਸ ਨੂੰ 85 ਪੌਂਡ ਦੀ ਲਾਗਤ ਅਦਾ ਕਰਨ ਦੇ ਨਾਲ 100 ਪੌਂਡ ਪੀੜਤ ਸਰਚਾਰਜ ਦਾ ਭੁਗਤਾਨ ਕਰਨ ਦੇ ਹੁਕਮ ਦਿੱਤੇ। ਅਦਾਲਤੀ ਹੁਕਮਾਂ ਅਨੁਸਾਰ ਉਸ ਨੂੰ 22 ਮਹੀਨਿਆਂ ਲਈ ਗੱਡੀ ਚਲਾਉਣ ਤੋਂ ਅਯੋਗ ਕਰਾਰ ਦਿੱਤਾ ਗਿਆ।