
ਇਮਰਾਨ ਖ਼ਾਨ ਨੇ ਅਸਦ ਉਮਰ ਨੂੰ ਵਿੱਤ ਮੰਤਰੀ ਦੇ ਅਹੁਦੇ ਤੋਂ ਹਟਾ ਕੇ ਊਰਜਾ ਮੰਤਰੀ ਬਣਾਉਣ ਦੀ ਪੇਸ਼ਕਸ਼ ਕੀਤੀ
ਇਸਲਾਮਾਬਾਦ : ਵਿੱਤੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਦੇ ਕੇਂਦਰੀ ਵਿੱਤ ਮੰਤਰੀ ਅਸਦ ਉਮਰ ਨੇ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਹੈ। ਇਸ 'ਤੇ ਅੰਤਮ ਫ਼ੈਸਲਾ ਇਮਰਾਨ ਖ਼ਾਨ ਲੈਣਗੇ। ਜਾਣਕਾਰੀ ਮੁਤਾਬਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਅਸਦ ਉਮਰ ਨੂੰ ਵਿੱਤ ਮੰਤਰੀ ਦੇ ਅਹੁਦੇ ਤੋਂ ਹਟਾ ਕੇ ਊਰਜਾ ਮੰਤਰੀ ਬਣਾਉਣ ਦੀ ਪੇਸ਼ਕਸ਼ ਕੀਤੀ ਹੈ, ਜਿਸ ਤੋਂ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਅਤੇ ਵਿੱਤ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੇ ਪੇਸ਼ਕਸ਼ ਕੀਤੀ।
Asad Umar
ਹਾਲਾਂਕਿ ਅਸਦ ਉਮਰ ਨੇ ਕਿਹਾ ਕਿ ਉਹ ਪਾਰਟੀ 'ਚ ਬਣੇ ਰਹਿਣਗੇ। ਇਕ ਸਮਾਂ ਅਜਿਹਾ ਵੀ ਸੀ ਜਦੋਂ ਅਸਦ ਉਮਰ ਨੂੰ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦਾ ਪੋਸਟਰ ਬੁਆਏ ਮੰਨਿਆ ਜਾਂਦਾ ਸੀ। ਆਮ ਚੋਣਾਂ ਦੌਰਾਨ ਇਮਰਾਨ ਖ਼ਾਨ ਪੂਰੇ ਪਾਕਿਸਤਾਨ 'ਚ ਅਸਦ ਉਮਰ ਨੂੰ ਨਾਲ ਲੈ ਕੇ ਘੁੰਮਦੇ ਸਨ ਅਤੇ ਲੋਕਾਂ ਨੂੰ ਦੱਸਦੇ ਸਨ ਕਿ ਇਹੀ ਉਹ ਵਿਅਕਤੀ ਹੈ, ਜੋ ਦੇਸ਼ ਦੀ ਆਰਥਿਕ ਹਾਲਤ ਨੂੰ ਸੁਧਾਰੇਗਾ। ਪਰ ਅਸਦ ਵਿੱਤ ਮੰਤਰੀ ਦੇ ਅਹੁਦੇ 'ਤੇ 8 ਮਹੀਨੇ ਵੀ ਨਹੀਂ ਰਹਿ ਸਕੇ ਅਤੇ ਉਨ੍ਹਾਂ ਨੂੰ ਅਸਤੀਫ਼ਾ ਦੇਣਾ ਪਿਆ।
Imran Khan
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਪਾਕਿ ਵਿੱਤ ਮੰਤਰੀ ਅਸਦ ਉਮਰ ਨੇ ਕਿਹਾ ਸੀ ਕਿ ਪਾਕਿਸਤਾਨ ਦਾ ਕਰਜ਼ਾ ਇੰਨੀ ਖ਼ਤਰਨਾਕ ਹਾਲਤ 'ਚ ਪਹੁੰਚ ਗਿਆ ਹੈ ਕਿ ਦੇਸ਼ ਦਿਵਾਲੀਆ ਹੋਣ ਦੇ ਕੰਢੇ 'ਤੇ ਆ ਗਿਆ ਹੈ। ਉਮਰ ਦਾ ਅਸਤੀਫ਼ਾ ਅਜਿਹੇ ਸਮੇਂ ਆਇਆ ਹੈ, ਜਦੋਂ ਪਾਕਿਸਤਾਨ ਦਾ ਆਈ.ਐਮ.ਐਫ. ਤੋਂ 6-8 ਬਿਲੀਅਨ ਡਾਲਰ ਦਾ ਸਮਝੌਤਾ ਹੋਣ ਵਾਲਾ ਸੀ ਅਤੇ 19 ਅਪ੍ਰੈਲ ਨੂੰ ਪਾਕਿਸਤਾਨ ਦਾ ਬਜਟ ਪੇਸ਼ ਕੀਤਾ ਜਾਣਾ ਹੈ।