
‘World Press Photo of the Year’: 9 ਸਾਲਾ ਫ਼ਲਸਤੀਨੀ ਬੱਚੇ ਦੀ ਖਾਮੋਸ਼ ਫ਼ੋਟੋ ਬਿਨਾਂ ਕੁੱਝ ਕਹੇ ਦੰਸ ਰਹੀ ਜੰਗ ਦੀ ਪੂਰੀ ਕਹਾਣੀ
ਮੁਕਾਬਲੇ ਲਈ 141 ਦੇਸ਼ਾਂ ਤੋਂ ਭੇਜੀਆਂ ਗਈਆਂ ਸਨ 59,320 ਤਸਵੀਰਾਂ
‘World Press Photo of the Year’ : ਗਾਜਾ ਵਿਚ ਇਜ਼ਰਾਈਲੀ ਹਵਾਈ ਹਮਲੇ ਵਿਚ ਅਪਣੇ ਦੋਵੇਂ ਹੱਥ ਗੁਆਉਣ ਵਾਲੇ ਇਕ ਫ਼ਲਸਤੀਨੀ ਮੁੰਡੇ ਦੀ ਫ਼ੋਟੋ ਨੂੰ ਵੀਰਵਾਰ ਨੂੰ ‘ਵਰਲਡ ਪ੍ਰੈਸ ਫ਼ੋਟੋ ਆਫ਼ ਦ ਈਅਰ’ ਵਜੋਂ ਚੁਣਿਆ ਗਿਆ। ‘ਦ ਨਿਊਯਾਰਕ ਟਾਈਮਜ਼’ ਲਈ ਕਤਰ ’ਚ ਰਹਿਣ ਵਾਲੀ ਫ਼ਲਸਤੀਨੀ ਫ਼ੋਟੋਗ੍ਰਾਫਰ ਸਮਰ ਅਬੂ ਅਲੂਫ ਦੁਆਰਾ ਇਹ ਤਸਵੀਰ 9 ਸਾਲ ਦੇ ਲੜਕੇ ਮਹਿਮੂਦ ਅਜੂਰ ਦੀ ਹੈ, ਜਿਸ ਦੇ ਹੱਥ ਨਹੀਂ ਹਨ। ਮੁਕਾਬਲੇ ’ਚ 141 ਦੇਸ਼ਾਂ ਤੋਂ 59,320 ਤਸਵੀਰਾਂ ਭੇਜੀਆਂ ਗਈਆਂ ਸਨ ਜਿਸ ਵਿੱਚ ਇਸ ਫੋਟੋ ਨੂੰ ਸਭ ਤੋਂ ਵਧੀਆ ਮੰਨਿਆ ਗਿਆ ਸੀ।
ਵਰਲਡ ਪ੍ਰੈਸ ਫ਼ੋਟੋ ਸੰਗਠਨ ਦੁਆਰਾ ਜਾਰੀ ਕੀਤੇ ਗਏ ਇਕ ਬਿਆਨ ਵਿਚ ਅਲੂਫ਼ ਨੇ ਕਿਹਾ, “ਮਹਿਮੂਦ ਦੀ ਮਾਂ ਨੇ ਮੈਨੂੰ ਇਕ ਦਿਲ ਨੂੰ ਛੂਹ ਲੈਣ ਵਾਲੀ ਗੱਲ ਦੱਸੀ ਕਿ ਜਦੋਂ ਮਹਿਮੂਦ ਨੂੰ ਪਹਿਲੀ ਵਾਰ ਅਹਿਸਾਸ ਹੋਇਆ ਕਿ ਉਸ ਦੀਆਂ ਦੋਵੇਂ ਬਾਹਾਂ ਕੱਟੀਆਂ ਗਈਆਂ ਹਨ, ਤਾਂ ਉਸ ਨੇ ਸੱਭ ਤੋਂ ਪਹਿਲਾਂ ਕਿਹਾ, ‘ਮੈਂ ਤੈਨੂੰ ਕਿਵੇਂ ਜੱਫ਼ੀ ਪਾਵਾਂਗਾ?’’ ਵਰਲਡ ਪ੍ਰੈਸ ਫੋਟੋ ਦੇ ਕਾਰਜਕਾਰੀ ਨਿਰਦੇਸਕ ਜੁਮਾਨਾ ਐਲ ਜੀਨ ਖੌਰੀ ਨੇ ਕਿਹਾ, “ਇਹ ਇਕ ਖਾਮੋਸ਼ ਫ਼ੋਟੋ ਹੈ ਜੋ ਬਿਨਾਂ ਕੁੱਝ ਕਹੇ ਕਹਾਣੀ ਦੱਸਦੀ ਹੈ। ਇਹ ਸਿਰਫ਼ ਇਕ ਮੁੰਡੇ ਦੀ ਕਹਾਣੀ ਨਹੀਂ, ਸਗੋਂ ਇਕ ਵੱਡੇ ਯੁੱਧ ਦੀ ਕਹਾਣੀ ਵੀ ਦੱਸਦੀ ਹੈ ਜਿਸਦਾ ਪ੍ਰਭਾਵ ਪੀੜ੍ਹੀਆਂ ਤਕ ਰਹੇਗਾ।’’
ਸੰਗਠਨ ਨੇ ਇੱਕ ਬਿਆਨ ਵਿਚ ਕਿਹਾ ਕਿ ਅਜੂਰ ਮਾਰਚ 2024 ਵਿਚ ਇਕ ਇਜ਼ਰਾਈਲੀ ਹਮਲੇ ਤੋਂ ਭਜਦੇ ਸਮੇਂ ਜ਼ਖ਼ਮੀ ਹੋ ਗਿਆ ਸੀ। ਵਰਲਡ ਪ੍ਰੈਸ ਫੋਟੋ ਦੇ ਅਨੁਸਾਰ, “ਜਦੋਂ ਉਹ ਅਪਣੇ ਪਰਵਾਰ ਵਲ ਵੇਖਣ ਲਈ ਮੁੜਿਆ, ਇਕ ਧਮਾਕੇ ਨਾਲ ਉਸ ਦੀ ਇਕ ਬਾਂਹ ਵੱਢੀ ਗਈ ਅਤੇ ਦੂਜੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ।’’
ਪੁਰਸਕਾਰ ਜੇਤੂ ਫ਼ੋਟੋਗ੍ਰਾਫਰ ਅਬੂ ਏਲੌਫ ਨੂੰ ਦਸੰਬਰ 2023 ਵਿਚ ਗਾਜਾ ਤੋਂ ਕਢਿਆ ਗਿਆ ਸੀ ਅਤੇ ਹੁਣ ਉਹ ਕਤਰ ਦੀ ਰਾਜਧਾਨੀ ਦੋਹਾ ਵਿਚ ਉਸੇ ਅਪਾਰਟਮੈਂਟ ਵਿਚ ਰਹਿੰਦੀ ਹੈ, ਜਿਥੇ ਅਜੂਰ ਰਹਿੰਦਾ ਹੈ।
(For more news apart from World Press Photo of the Year Latest News, stay tuned to Rozana Spokesman)