
‘ਅਦ੍ਰਿਸ਼ ਕਵਚ’ ਦਾ ਪਤਾ ਲਾਉਣ ਨਾਲ ਟੀਕੇ ਦਾ ਇਲਾਜ ਦਾ ਰਾਹ ਹੋ ਸਕਦਾ ਹੈ ਪੱਧਰਾ
ਨਵੀਂ ਦਿੱਲੀ: ਵਿਗਿਆਨੀਆਂ ਨੇ ਇਹ ਪਤਾ ਕਰ ਲਿਆ ਹੈ ਕਿ ਚਿਕਨਗੁਨੀਆ ਬੁਖ਼ਾਰ ਲਈ ਜ਼ਿੰਮੇਵਾਰ ਵਾਇਰਸ ਇਕ ਸੈੱਲ ਤੋਂ ਦੂਜੇ ਸੈੱਲ ’ਚ ਕਿਸ ਤਰ੍ਹਾਂ ਫੈਲਦਾ ਹੈ। ਇਸ ਖੋਜ ਮਗਰੋਂ ਤੇਜ਼ੀ ਨਾਲ ਫੈਲਣ ਵਾਲੀ ਇਸ ਬਿਮਾਰੀ ਦਾ ਅਸਰਦਾਰ ਟੀਕਾ ਜਾਂ ਇਲਾਜ ਵਿਕਸਤ ਕਰਨ ’ਚ ਮਦਦ ਮਿਲ ਸਕਦੀ ਹੈ।
‘ਨੇਚਰ ਮਾਈਕ੍ਰੋਬਾਇਉਲੋਜੀ’ ਰਸਾਲੇ ’ਚ ਪ੍ਰਕਾਸ਼ਤ ਇਸ ਅਧਿਐਨ ਨਾਲ ਲੰਮੇ ਸਮੇਂ ਤੋਂ ਚੱਲੇ ਆ ਰਹੇ ਇਸ ਰਹੱਸ ਦੇ ਹੱਲ ਹੋਣ ਦੀ ਸੰਭਾਵਨਾ ਬਣ ਗਈ ਹੈ ਕਿ ਕਿਸ ਤਰ੍ਹਾਂ ਇਹ ਵਾਇਰਸ ਖ਼ੂਨ ’ਚ ਪ੍ਰਵਾਹਿਤ ਐਂਟਬਾਡੀ ਤੋਂ ਬਚ ਨਿਕਲਦਾ ਹੈ।
ਇਸ ਅਧਿਐਨ ਦੀ ਮੁੱਖ ਲੇਖਕ ਅਮਰੀਕਾ ਦੇ ‘ਐਲਬਰਟ ਆਇੰਸਟਾਈਨ ਕਾਲਜ ਆਫ਼ ਮੈਡੀਸਨ’ ਦੀ ਪ੍ਰੋਫ਼ੈਸਰ ਮਾਰਗਰੇਟ ਕੀਲਿਆਨ ਨੇ ਕਿਹਾ, ‘‘ਪਹਿਲਾਂ ਮੰਨਿਆ ਜਾਂਦਾ ਸੀ ਕਿ ਚਿਕਨਗੁਨੀਆ ਵਾਇਰਸ ਇਕ ਸੈੱਲ ’ਚ ਵੜਦਾ ਹੈ ਅਤੇ ਉਸ ’ਚ ਅਪਣੀ ਕਾਪੀ ਬਣਾ ਕੇ ਖ਼ੂਨ ’ਚ ਭੇਜਦਾ ਹੈ। ਇਸ ਤਰ੍ਹਾਂ ਇਹ ਨਵੇਂ ਸੈੱਲ ਨੂੰ ਵੀ ਪ੍ਰਭਾਵਤ ਕਰਦਾ ਹੈ।’’
ਕੀਲਿਆਨ ਨੇ ਕਿਹਾ, ‘‘ਪਰ ਅਸੀਂ ਵੇਖਿਆ ਹੈ ਕਿ ਇਹ ਵਾਇਰਸ ਮੇਜ਼ਬਾਨ ਸੈੱਲ ਦੇ ਸਾਈਟੋਸਕੈਲਟਨ ਨੂੰ ਕਬਜ਼ੇ ’ਚ ਕਰ ਲੈਂਦਾ ਹੈ। ਸਾਟੀਟੋਸਕੈਲਟਨ ਇਕ ਤਰ੍ਹਾਂ ਦਾ ਪ੍ਰੋਟੀਨ ਹੈ ਜੋ ਸੈੱਲਾਂ ਨੂੰ ਸਹਾਰਾ ਪ੍ਰਦਾਨ ਕਰਦਾ ਹੈ ਅਤੇ ਸੈੱਲ ਨੂੰ ਅਪਣਾ ਆਕਾਰ ਬਣਾਈ ਰੱਖਣ ’ਚ ਸਹਿਯੋਗ ਕਰਦਾ ਹੈ। ਸਾਈਟੋਸਕੈਲਟਨ ’ਤੇ ਕਬਜ਼ਾ ਕਰਨ ਤੋਂ ਬਾਅਦ ਇਹ ਵਾਇਰਸ ਸੈੱਲ ’ਚ ਲੰਮੇ ਤੰਤੂਆਂ ਦਾ ਨਿਰਮਾਣ ਕਰਦਾ ਹੈ ਜੋ ਅਗਲੇ ਸੈੱਲਾਂ ’ਚ ਸੰਪਰਕ ਸਾਧਣ ’ਚ ਮਦਦ ਕਰਦਾ ਹੈ, ਇਸ ਤਰ੍ਹਾਂ ਵਾਇਰਸ ਇਕ ਸੈੱਲ ਤੋਂ ਦੂਜੇ ਸੈੱਲ ਤਕ ਪਹੁੰਚ ਜਾਂਦਾ ਹੈ।’’
ਵਿਗਿਆਨੀਆਂ ਨੇ ਵਾਇਰਸ ਕਾਰਨ ਬਣੀ ਇਸ ਬਣਤਰ ਨੂੰ ਅੰਤਰ-ਸੈੱਲ ਵਿਸਤਾਰ ਨਾਂ ਦਿਤਾ ਹੈ।
ਇਸ ਅਧਿਐਨ ’ਚ ਕੀਲਿਆਨ ਦਾ ਸਹਿਯੋਗ ਦੇਣ ਵਾਲੇ ਸਾਥੀ ਪੀਕੀ ਯਿਨ ਨੇ ਕਿਹਾ, ‘‘ਵਾਇਰਸ ਦੇ ਫੈਲਣ ਦੇ ਇਸ ਤਰੀਕੇ ’ਚ ਨਾ ਸਿਰਫ਼ ਵਾਇਰਸ ਦੀ ਕਾਪੀ ਮੇਜ਼ਬਾਨ ਸੈੱਲ ਦੀ ਖ਼ੁਦ ਨੂੰ ਬਚਾਉਣ ਵਾਲੀ ਕਾਰਵਾਈ ਤੋਂ ਬਚ ਸਕਦੀ ਹੈ ਬਲਕਿ ਇਸ ਤੋਂ ਇਸ ਗੱਲ ਦਾ ਵੀ ਸਪੱਸ਼ਟੀਕਰਨ ਮਿਲਦਾ ਹੈ ਕਿ ਕਿਉਂ ਚਿਕਨਗੁਨੀਆ ਦੇ ਲੱਛਣ ਮਹੀਨਿਆਂ ਜਾਂ ਸਾਲਾਂ ਤਕ ਬਣੇ ਰਹਿ ਸਕਦੇ ਹਨ।’’
ਚਿਕਨਗੁਨੀਆ ਇਸ ਵਾਇਰਸ ਨੂੰ ਢੋਣ ਵਾਲੇ ਮੱਛਰਾਂ ਦੇ ਕੱਟਣ ਨਾਲ ਇਨਸਾਨ ’ਚ ਫੈਲਦਾ ਹੈ। ਇਨ੍ਹਾਂ ਮੱਛਰਾਂ ’ਚ ਵਾਇਰਸ ਪਹਿਲਾਂ ਤੋਂ ਹੀ ਇਸ ਵਾਇਰਸ ਨਾਲ ਪੀੜਤ ਇਨਸਾਨ ਨੂੰ ਡੰਕ ਮਾਰਨ ਨਾਲ ਫੈਲਦਾ ਹੈ। ਇਸ ਬਿਮਾਰੀ ’ਚ ਬੁਖ਼ਾਰ ਤੋਂ ਇਲਾਵਾ ਹੱਡੀਆਂ ’ਚ ਲੰਮੇ ਸਮੇਂ ਤਕ ਦਰਦ ਰਹਿੰਦਾ ਹੈ।