
ਕੰਬੋਡੀਆ ਦੀ ਰਾਜਕੁਮਾਰੀ ਨੋਰਡੋਮ ਬੋਫਾ ਦੇਵੀ ਜੋ ਕਿ ਸੱਭਿਆਚਾਰਕ ਮਾਮਲਿਆਂ ਦੀ ਸਾਬਕਾ ਮੰਤਰੀ...
ਕੰਬੋਡੀਆ: ਕੰਬੋਡੀਆ ਦੀ ਰਾਜਕੁਮਾਰੀ ਨੋਰਡੋਮ ਬੋਫਾ ਦੇਵੀ ਜੋ ਕਿ ਸੱਭਿਆਚਾਰਕ ਮਾਮਲਿਆਂ ਦੀ ਸਾਬਕਾ ਮੰਤਰੀ ਵੀ ਸੀ ਦਾ 76 ਸਾਲ ਦੀ ਉਮਰ 'ਚ ਥਾਈਲੈਂਡ ਦੇ ਇਕ ਹਸਪਤਾਲ ਵਿਚ ਦੇਹਾਂਤ ਹੋ ਗਿਆ। ਸ਼ਾਹੀ ਪੈਲੇਸ ਅਨੁਸਾਰ ਰਾਜਕੁਮਾਰੀ ਦੀ ਮੌਤ ਕੁਦਰਤੀ ਸੀ। 1970 'ਚ ਖਮੇਰ ਰੌਗ ਸ਼ਾਸਨ ਸਮੇਂ ਉਨ੍ਹਾਂ ਰਵਾਇਤੀ ਅਪਸਰਾ ਡਾਂਸ ਨੂੰ ਬਚਾਉਣ ਲਈ ਅਹਿਮ ਯੋਗਦਾਨ ਪਾਇਆ ਸੀ। ਰਾਜਕੁਮਾਰੀ ਦੀ ਮੌਤ ਬਾਰੇ ਸ਼ਾਹੀ ਪੈਲੇਸ ਨੇ ਫੇਸਬੁੱਕ ਪੋਸਟ ਰਾਹੀਂ ਜਾਣਕਾਰੀ ਦਿੱਤੀ।
ਕੰਬੋਡੀਆ ਦੇ ਸਾਬਕਾ ਰਾਜਾ ਨੋਰਡੋਮ ਸਿਹਾਨੌਕ ਦੀ ਧੀ ਅਤੇ ਮੌਜੂਦਾ ਰਾਜਾ ਨੋਰਡੋਮ ਸਿਹਾਮੋਨੀ ਦੀ ਮਤਰੇਈ ਭੈਣ ਬੋਫਾ ਦੇਵੀ ਜਵਾਨੀ 'ਚ ਕੰਬੋਡੀਅਨ ਬੈਲੇਟ ਦੀ ਡਾਂਸਰ ਬਣ ਗਈ ਸੀ। ਖਮੇਰ ਰੌਗ ਦੇ ਪਤਨ ਤੇ ਦੇਸ਼ ਦੀ ਸਿਵਲ ਵਾਰ ਪਿੱਛੋਂ ਉਹ 1998 ਤੋਂ 2004 ਤਕ ਦੇਸ਼ ਦੀ ਸੱਭਿਆਚਾਰਕ ਮਾਮਲਿਆਂ ਦੀ ਮੰਤਰੀ ਰਹੀ। ਬੋਫਾ ਦੇਵੀ ਦੇ ਰਿਸ਼ਤੇਦਾਰ ਪਿ੍ਰੰਸ ਸਿਸੋਵਾਥ ਥੋਮਿਕੋ ਨੇ ਦੱਸਿਆ ਕਿ 1990 ਦੇ ਸ਼ੁਰੂ ਵਿਚ ਕੰਬੋਡੀਆ ਪਰਤਣ 'ਤੇ ਰਾਜਕੁਮਾਰੀ ਨੇ ਰਾਇਲ ਬੈਲੇਟ ਗਰੁੱਪ ਦੀ ਸਥਾਪਨਾ ਕੀਤੀ। ਕੰਬੋਡੀਆ ਦੇ ਰਾਇਲ ਬੈਲੇਟ ਨੂੰ ਵਿਸ਼ਵ ਦੀ ਵਿਰਾਸਤ ਵਜੋਂ ਦਰਜਾ ਹਾਸਲ ਹੈ।