
ਫਲੋਰਿਡਾ ਦੇ 50 ਸਾਲ ਦੇ ਸਟੀਵ ਸ਼ੈਂਡ ’ਤੇ 11 ਪ੍ਰਵਾਸੀਆਂ ਲਈ ਟਰੱਕ ’ਚ ਉਡੀਕ ਕਰਨ ਦਾ ਦੋਸ਼ ਲਗਾਇਆ ਗਿਆ ਹੈ
ਫਰਗਸ ਫਾਲਜ਼, ਕੈਲੀਫੋਰਨੀਆ, 18 ਨਵੰਬਰ : ਇਕ ਨਵੇਂ ਅਧਿਐਨ ਮੁਤਾਬਕ ਬਿਹਤਰ ਜ਼ਿੰਦਗੀ ਦੀ ਭਾਲ ਕਰ ਰਹੇ ਪਰਵਾਰਾਂ ਦੀ ਭਾਰਤ ਤੋਂ ਕੈਨੇਡਾ ਤਕ ਫੈਲੇ ਅਪਰਾਧਕ ਨੈੱਟਵਰਕ ਰਾਹੀਂ ਅਮਰੀਕਾ ਵਿਚ ਤਸਕਰੀ ਕੀਤੀ ਜਾਂਦੀ ਹੈ, ਜਿਨ੍ਹਾਂ ਵਿਚੋਂ ਕਈਆਂ ਨੂੰ ਭਿਆਨਕ ਘਟਨਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਦੋ ਸਾਲ ਪਹਿਲਾਂ ਭਾਰੀ ਬਰਫਬਾਰੀ ਅਤੇ ਠੰਢ ਕਾਰਨ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਇਸੇ ਤਰ੍ਹਾਂ ਦੇ ਇਕ ਭਾਰਤੀ ਪਰਵਾਰ ਦੀ ਮੌਤ ਹੋ ਗਈ ਸੀ। ਪਰਵਾਰ ਦੇ ਪੁਰਸ਼ ਮੈਂਬਰ ਜਗਦੀਸ਼ ਪਟੇਲ ਨੇ ਅਪਣੇ ਤਿੰਨ ਸਾਲ ਦੇ ਬੇਟੇ ਨੂੰ ਗੋਦ ’ਚ ਫੜ ਕੇ ਅਪਣੀ ਜਾਨ ਗੁਆ ਦਿਤੀ । ਉਸ ਦੀ ਪਤਨੀ ਅਤੇ ਧੀ ਵੀ ਬਚ ਨਹੀਂ ਸਕੀਆਂ। ਫੈਡਰਲ ਵਕੀਲ ਸੋਮਵਾਰ ਨੂੰ ਮਿਨੇਸੋਟਾ ਵਿਚ ਇਕ ਮੁਕੱਦਮੇ ਵਿਚ ਦਲੀਲ ਦੇਣਗੇ।
ਸਰਕਾਰੀ ਵਕੀਲਾਂ ਨੇ ਭਾਰਤੀ ਨਾਗਰਿਕ ਹਰਸ਼ਕੁਮਾਰ ਰਮਨਲਾਲ ਪਟੇਲ (29) ’ਤੇ ਇਸ ਤਰ੍ਹਾਂ ਦੀ ਸਾਜ਼ਸ਼ ਨੂੰ ਅੰਜਾਮ ਦੇਣ ਅਤੇ ਫਲੋਰਿਡਾ ਦੇ 50 ਸਾਲ ਦੇ ਸਟੀਵ ਸ਼ੈਂਡ ’ਤੇ 11 ਪ੍ਰਵਾਸੀਆਂ ਲਈ ਟਰੱਕ ’ਚ ਉਡੀਕ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਪ੍ਰਵਾਸੀਆਂ ਵਿਚ ਪਟੇਲ ਅਤੇ ਉਨ੍ਹਾਂ ਦੇ ਦੋ ਬੱਚੇ ਸ਼ਾਮਲ ਹਨ ਜੋ ਸਰਹੱਦ ਪਾਰ ਕਰ ਕੇ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹੋਏ ਮਾਰੇ ਗਏ ਸਨ।
ਸਰਕਾਰੀ ਵਕੀਲਾਂ ਦਾ ਕਹਿਣਾ ਹੈ ਕਿ ਹਰਸ਼ ਪਟੇਲ ਨੇ ਓਰਲੈਂਡੋ ਦੇ ਉੱਤਰ ਵਿਚ ਸਥਿਤ ਫਲੋਰੀਡਾ ਦੇ ਡੇਲਟੋਨਾ ਵਿਚ ਅਪਣੇ ਘਰ ਦੇ ਨੇੜੇ ਇਕ ਕੈਸੀਨੋ ਦੇ ਸ਼ੈਂਡ ਨੂੰ ਇਸ ਕੰਮ ਲਈ ਚੁਣਿਆ ਸੀ।
ਇਸ ਹਾਦਸੇ ’ਚ ਜਗਦੀਸ਼ ਪਟੇਲ (39), ਉਸ ਦੀ ਪਤਨੀ ਵੈਸ਼ਾਲੀਬੇਨ, 11 ਸਾਲ ਦੀ ਬੇਟੀ ਵਿਹੰਗੀ ਅਤੇ ਉਨ੍ਹਾਂ ਦੇ ਤਿੰਨ ਸਾਲ ਦੇ ਬੇਟੇ ਧਾਰਮਿਕ ਦੀ ਮੌਤ ਹੋ ਗਈ। ਜਗਦੀਸ਼ ਦਾ ਹਰਸ਼ਕੁਮਾਰ ਪਟੇਲ ਨਾਲ ਕੋਈ ਸਬੰਧ ਨਹੀਂ ਹੈ। ਹਰਸ਼ ਨੇ ਇਸ ਮਾਮਲੇ ’ਚ ਬੇਕਸੂਰ ਹੋਣ ਦੀ ਗੱਲ ਕਹੀ ਹੈ। ਸ਼ੈਂਡ ਨੇ ਵੀ ਬੇਕਸੂਰ ਹੋਣ ਦੀ ਗੱਲ ਕਹੀ ਹੈ।
ਮੰਨਿਆ ਜਾਂਦਾ ਹੈ ਕਿ ਗੁਜਰਾਤ ਰਾਜ ਦੇ ਡਿੰਗੂਚਾ ਪਿੰਡ ਦੇ ਰਹਿਣ ਵਾਲੇ ਜਗਦੀਸ਼ ਪਟੇਲ ਦੇ ਪਰਵਾਰ ਨੇ ਬਰਫੀਲੇ ਮੌਸਮ ’ਚ ਖੇਤਾਂ ’ਚ ਘੰਟਿਆਂ ਬੱਧੀ ਘੁੰਮਦੇ ਹੋਏ ਬਿਤਾਏ, ਜਿੱਥੇ ਤਾਪਮਾਨ ਮਨਫ਼ੀ 36 ਫਾਰਨਹਾਈਟ ਤਕ ਪਹੁੰਚ ਗਿਆ। ਕੈਨੇਡੀਅਨ ਅਧਿਕਾਰੀਆਂ ਨੇ 19 ਜਨਵਰੀ 2022 ਦੀ ਸਵੇਰ ਨੂੰ ਪਟੇਲ ਪਰਵਾਰ ਦੇ ਮੈਂਬਰਾਂ ਦੀਆਂ ਜੰਮੀਆਂ ਲਾਸ਼ਾਂ ਬਰਾਮਦ ਕੀਤੀਆਂ ਸਨ।
ਜਗਦੀਸ਼ ਪਟੇਲ ਨੇ ਕੰਬਲ ’ਚ ਲਪੇਟ ਕੇ ਧਾਰਮਕ ਨੂੰ ਫੜਿਆ ਹੋਇਆ ਸੀ। ਫੈਡਰਲ ਵਕੀਲਾਂ ਦਾ ਕਹਿਣਾ ਹੈ ਕਿ ਪਟੇਲ ਅਤੇ ਸ਼ੈਂਡ ਉਸ ਮੁਹਿੰਮ ਦਾ ਹਿੱਸਾ ਸਨ ਜੋ ਭਾਰਤ ਵਿਚ ਗਾਹਕਾਂ ਦੀ ਭਾਲ ਕਰਦੀ ਸੀ, ਉਨ੍ਹਾਂ ਨੂੰ ਕੈਨੇਡੀਅਨ ਵਿਦਿਆਰਥੀ ਵੀਜ਼ਾ ਪ੍ਰਦਾਨ ਕਰਦੀ ਸੀ, ਆਵਾਜਾਈ ਦਾ ਪ੍ਰਬੰਧ ਕਰਦੀ ਸੀ ਅਤੇ ਜ਼ਿਆਦਾਤਰ ਵਾਸ਼ਿੰਗਟਨ ਜਾਂ ਮਿਨੇਸੋਟਾ ਰਾਹੀਂ ਉਨ੍ਹਾਂ ਦੀ ਤਸਕਰੀ ਕਰਦੀ ਸੀ।
ਅਮਰੀਕੀ ਸਰਹੱਦੀ ਗਸ਼ਟੀ ਟੁਕੜੀ ਨੇ 30 ਸਤੰਬਰ ਨੂੰ ਖਤਮ ਹੋਏ ਸਾਲ ਵਿਚ ਕੈਨੇਡੀਅਨ ਸਰਹੱਦ ਤੋਂ 14,000 ਤੋਂ ਵੱਧ ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਸੀ। ਪਿਊ ਰੀਸਰਚ ਸੈਂਟਰ ਦਾ ਅਨੁਮਾਨ ਹੈ ਕਿ 2022 ਤਕ ਅਮਰੀਕਾ ’ਚ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਭਾਰਤੀਆਂ ਦੀ ਗਿਣਤੀ 7,25,000 ਤੋਂ ਵੱਧ ਹੋ ਜਾਵੇਗੀ ਅਤੇ ਇਸ ਮਾਮਲੇ ’ਚ ਸਿਰਫ ਮੈਕਸੀਕੋ ਅਤੇ ਅਲ ਸਲਵਾਡੋਰ ਹੀ ਭਾਰਤੀਆਂ ਤੋਂ ਜ਼ਿਆਦਾ ਹਨ।
ਹਰਸ਼ਕੁਮਾਰ ਪਟੇਲ ਦੇ ਵਕੀਲ ਥਾਮਸ ਲੀਨੇਨਵੇਬਰ ਨੇ ਦਸਿਆ ਕਿ ਉਨ੍ਹਾਂ ਦਾ ਮੁਵੱਕਿਲ ਗਰੀਬੀ ਤੋਂ ਬਚਣ ਅਤੇ ਅਪਣੇ ਲਈ ਬਿਹਤਰ ਜ਼ਿੰਦਗੀ ਦੀ ਭਾਲ ਕਰਨ ਲਈ ਅਮਰੀਕਾ ਆਇਆ ਸੀ ਅਤੇ ਉਸ ’ਤੇ ਇਸ ਭਿਆਨਕ ਅਪਰਾਧ ਵਿਚ ਹਿੱਸਾ ਲੈਣ ਦਾ ਗਲਤ ਦੋਸ਼ ਲਗਾਇਆ ਗਿਆ ਸੀ। ਲੀਨੇਨਵੇਬਰ ਨੇ ਕਿਹਾ ਕਿ ਉਨ੍ਹਾਂ ਦੇ ਮੁਵੱਕਿਲ ਨੂੰ ਇਸ ਦੇਸ਼ ਦੀ ਨਿਆਂ ਪ੍ਰਣਾਲੀ ’ਤੇ ਭਰੋਸਾ ਹੈ ਅਤੇ ਉਨ੍ਹਾਂ ਨੂੰ ਭਰੋਸਾ ਹੈ ਕਿ ਮੁਕੱਦਮੇ ਦੀ ਸੱਚਾਈ ਸਾਹਮਣੇ ਆਵੇਗੀ। ਸ਼ੈਂਡ ਦੇ ਵਕੀਲਾਂ ਨੇ ਟਿਪਣੀ ਲਈ ਭੇਜੇ ਗਏ ਸੰਦੇਸ਼ ਦਾ ਜਵਾਬ ਨਹੀਂ ਦਿਤਾ। (ਪੀਟੀਆਈ)