
ਕਿਹਾ, ਜੇਕਰ ਸਾਡੇ 'ਤੇ ਕੋਈ ਜ਼ਿਆਦਾ ਟੈਕਸ ਲਾਉਂਦਾ ਹੈ ਤਾਂ ਅਸੀਂ ਵੀ ਉਨ੍ਹਾਂ 'ਤੇ ਉਹੀ ਟੈਕਸ ਲਗਾਵਾਂਗੇ
International News: ਅਮਰੀਕਾ ਦੇ ਅਗਲੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਹੁਦਾ ਸੰਭਾਲਣ ਤੋਂ ਪਹਿਲਾਂ ਭਾਰਤ ਨੂੰ ਲੈ ਕੇ ਵੱਡਾ ਬਿਆਨ ਦਿਤਾ ਹੈ। ਉਨ੍ਹਾਂ ਨੇ ਅਮਰੀਕਾ ਵਲੋਂ ਭਾਰਤ ਭੇਜੇ ਜਾਣ ਵਾਲੇ ਸਮਾਨ 'ਤੇ ਲਗਾਏ ਗਏ ਟੈਕਸ ਨੂੰ ਲੈ ਕੇ ਅਜਿਹੀ ਰਣਨੀਤੀ ਬਣਾਈ ਹੈ, ਜਿਸ ਨਾਲ ਭਾਰਤ ਸਰਕਾਰ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਭਾਰਤੀ ਸਮਾਨ 'ਤੇ ਉਹੀ ਟੈਕਸ ਲਗਾਏਗਾ, ਜਿਹੋ ਜਿਹਾ ਭਾਰਤ ਅਮਰੀਕੀ ਸਮਾਨ 'ਤੇ ਟੈਕਸ ਲਵੇਗਾ।
ਡੋਨਾਲਡ ਟਰੰਪ ਦਾ ਟੈਕਸ-ਸਬੰਧਤ ਬਿਆਨ ਚੀਨ, ਮੈਕਸੀਕੋ ਅਤੇ ਕੈਨੇਡਾ ਸਮੇਤ ਪ੍ਰਮੁੱਖ ਅਮਰੀਕੀ ਭਾਈਵਾਲਾਂ ਨਾਲ ਵਪਾਰਕ ਸਬੰਧਾਂ 'ਤੇ ਵਿਆਪਕ ਗੱਲਬਾਤ ਦੇ ਦੌਰਾਨ ਆਇਆ ਹੈ। ਇਹ ਵੀ ਸਪੱਸ਼ਟ ਹੈ ਕਿ ਟੈਰਿਫ਼ ਦਾ ਮੁੱਦਾ ਲੰਮੇਂ ਸਮੇਂ ਤੋਂ ਅਮਰੀਕਾ-ਭਾਰਤ ਵਪਾਰਕ ਸਬੰਧਾਂ ਵਿਚ ਚਰਚਾ ਦਾ ਵਿਸ਼ਾ ਰਿਹਾ ਹੈ। ਅਜਿਹੇ 'ਚ ਟਰੰਪ ਦਾ ਇਹ ਬਿਆਨ ਉਨ੍ਹਾਂ ਦੇ ਨਵੇਂ ਕਾਰਜਕਾਲ ਦੌਰਾਨ ਸਖ਼ਤ ਰੁਖ ਦੇ ਸੰਕੇਤ ਦੇ ਰਿਹਾ ਹੈ।
ਇਸ ਦੌਰਾਨ, ਉਨ੍ਹਾਂ ਅਮਰੀਕੀ ਵਸਤੂਆਂ ਦੀ ਦਰਾਮਦ 'ਤੇ ਲਗਾਏ ਗਏ ਉੱਚ ਟੈਕਸ (ਉੱਚ ਟੈਰਿਫ਼) ਦੇ ਜਵਾਬ ਵਿਚ ਸਾਰੇ ਦੇਸ਼ਾਂ ਦੁਆਰਾ ਅਮਰੀਕੀ ਵਸਤੂਆਂ ਦੀ ਦਰਾਮਦ 'ਤੇ ਇਕ ਸਮਾਨ ਉੱਚ ਟੈਕਸ ਲਗਾਉਣ ਦੇ ਅਪਣੇ ਇਰਾਦੇ ਨੂੰ ਦੁਹਰਾਇਆ। ਮੀਡੀਆ ਨਾਲ ਗੱਲਬਾਤ ਦੌਰਾਨ ਟਰੰਪ ਨੇ ਕਿਹਾ ਕਿ ਜੇਕਰ ਕੋਈ ਸਾਡੇ 'ਤੇ ਟੈਕਸ ਲਾਉਂਦਾ ਹੈ ਤਾਂ ਅਸੀਂ ਵੀ ਉਨ੍ਹਾਂ 'ਤੇ ਉਹੀ ਟੈਕਸ ਲਗਾਵਾਂਗੇ। ਜੇਕਰ ਭਾਰਤ ਸਾਡੇ 'ਤੇ ਟੈਕਸ ਲਵੇਗਾ ਤਾਂ ਅਸੀਂ ਵੀ ਉਨ੍ਹਾਂ 'ਤੇ ਟੈਕਸ ਲਗਾਵਾਂਗੇ। ਉਹ ਲਗਭਗ ਹਰ ਚੀਜ਼ 'ਤੇ ਟੈਕਸ ਲਗਾਉਂਦੇ ਹਨ ਪਰ ਅਸੀਂ ਉਨ੍ਹਾਂ 'ਤੇ ਟੈਕਸ ਨਹੀਂ ਲਗਾ ਰਹੇ ਹਾਂ।