
ਵਧਦੀ ਮਹਿੰਗਾਈ ਨੇ ਲੋਕਾਂ ਦੇ ਨੱਕ ਕੀਤਾ ਦਮ
ਪਾਕਿਸਤਾਨ : ਪਾਕਿਸਤਾਨ ਅੰਦਰ ਡਿਗਦੀ ਅਰਥਵਿਵਸਥਾ ਤੇ ਵਧਦੀ ਮਹਿੰਗਾਈ ਨੇ ਲੋਕਾਂ ਦੇ ਨੱਕ 'ਚ ਦਮ ਕੀਤਾ ਹੋਇਆ ਹੈ। ਇਕ ਪਾਸੇ ਜਿੱਥੇ ਕਮਜ਼ੋਰ ਅਰਥ ਵਿਵਸਥਾ ਨੇ ਲੋਕਾਂ ਦੀਆਂ ਜੇਬਾਂ ਢਿੱਲੀਆਂ ਕਰਨ 'ਚ ਕੋਈ ਕਸਰ ਨਹੀਂ ਛੱਡੀ, ਉੱਥੇ ਬਦਤਰ ਹਾਲਤਾਂ ਕਾਰਨ ਲੋਕਾਂ ਨੂੰ ਹੁਣ ਅਪਣੀ ਥਾਲੀ ਵਿਚੋਂ 'ਰੋਟੀ' ਵੀ ਗਾਇਬ ਹੋਣ ਦਾ ਡਰ ਸਤਾ ਰਿਹਾ ਹੈ।
Photo
ਜਾਣਕਾਰੀ ਅਨੁਸਾਰ ਇਸ ਵਕਤ ਪਾਕਿਸਤਾਨ ਦੀ ਆਟੇ ਦੀ ਕੀਮਤ 70 ਰੁਪਏ ਤਕ ਪਹੁੰਚ ਚੁੱਕੀ ਹੈ। ਲਾਹੌਰ, ਕਰਾਂਚੀ ਸਮੇਤ ਦੂਜੇ ਸ਼ਹਿਰਾਂ ਅੰਦਰ ਕਣਕ ਦੇ ਆਟੇ ਦੀ ਕੀਮਤ ਇਕਦਮ 6 ਰੁਪਏ ਤਕ ਵਧ ਗਈ ਹੈ। ਦ ਐਕਸਪ੍ਰੈੱਸ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਇਮਰਾਨ ਖਾਨ ਦੀ ਸਰਕਾਰ ਬਣਨ ਤੋਂ ਬਾਅਦ ਆਟੇ ਦੀਆਂ ਕੀਮਤਾਂ ਵਿਚ 20 ਰੁਪਏ ਤਕ ਦਾ ਵਾਧਾ ਹੋ ਚੁੱਕਾ ਹੈ।
Photo
ਇਸੇ ਦੌਰਾਨ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਆਟੇ ਦੀਆਂ ਵਧਦੀਆਂ ਕੀਮਤਾਂ 'ਤੇ ਕੰਟਰੋਲ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਇਕ ਦਿਨ ਪਹਿਲਾਂ ਮੀਟਿੰਗ ਦੌਰਾਨ ਜ਼ਰੂਰੀ ਵਸਤਾਂ ਦੀਆਂ ਕੀਮਤਾਂ 'ਚ ਘਟਾਉਣ ਲਈ ਸੁਝਾਅ ਮੰਗੇ ਸਨ।
Photo
ਆਟਾ ਮਿੱਲ ਐਸੋਸੀਏਸ਼ਨ ਨੇ ਆਟੇ ਦੀਆਂ ਕੀਮਤਾਂ ਪਿਛੇ ਕਾਰਨ ਦਸਦਿਆਂ ਕਿਹਾ ਕਿ ਸਰਕਾਰ ਵਲੋਂ ਮਿੱਲ ਮਾਲਕਾਂ ਨੂੰ ਕੋਈ ਸਬਸਿਡੀ ਨਹੀਂ ਦਿਤੀ ਜਾਂਦੀ, ਜੋ ਆਟੇ ਦੀਆਂ ਵਧਦੀਆਂ ਕੀਮਤਾਂ ਲਈ ਜ਼ਿੰਮੇਵਾਰ ਹੈ।
Photo
ਐਸੋਸੀਏਸ਼ਨ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਕਣਕ ਦੀ ਕੀਮਤ ਵਧਣ ਤੋਂ ਬਾਅਦ ਆਟੇ ਦੀ ਕੀਮਤ ਵਧੀ ਹੈ। ਸਰਕਾਰ ਵਲੋਂ ਬਿਜਲੀ ਅਤੇ ਗੈਸ ਦੀਆਂ ਕੀਮਤਾਂ ਵਧਾਉਣ ਕਾਰਨ ਹਾਲਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ।