
ਬ੍ਰਿਟੇਨ ਦੇ ਸ਼ਾਹੀ ਪਰਿਵਾਰ ਦੇ ਮੈਂਬਰ ਰਾਜਕੁਮਾਰ ਹੈਰੀ ਅਤੇ ਉਹਨਾਂ ਦੀ ਪਤਨੀ ਮੇਗਨ ਨੇ ਸ਼ਾਹੀ ਪਰਿਵਾਰ ਦੀ ਸ਼ਾਹੀ ਮੈਂਬਰਸ਼ਿਪ ਛੱਡਣ ਦਾ ਫ਼ੈਸਲਾ ਲਿਆ ਹੈ।
ਲੰਡਨ: ਬ੍ਰਿਟੇਨ ਦੇ ਸ਼ਾਹੀ ਪਰਿਵਾਰ ਦੇ ਮੈਂਬਰ ਰਾਜਕੁਮਾਰ ਹੈਰੀ ਅਤੇ ਉਹਨਾਂ ਦੀ ਪਤਨੀ ਮੇਗਨ ਨੇ ਸ਼ਾਹੀ ਪਰਿਵਾਰ ਦੀ ਸ਼ਾਹੀ ਮੈਂਬਰਸ਼ਿਪ ਛੱਡਣ ਦਾ ਫ਼ੈਸਲਾ ਲਿਆ ਹੈ। ਇਸ ਫੈਸਲੇ ਤੋਂ ਬਾਅਦ ਬ੍ਰਿਟੇਨ ਦੇ ਪ੍ਰਿੰਸ ਹੈਰੀ ਅਤੇ ਉਨ੍ਹਾਂ ਦੀ ਪਤਨੀ ਮੇਗਨ ਨਾ ਤਾਂ ਸ਼ਾਹੀ ਉਪਾਧੀ 'ਰਾਇਲ ਹਾਈਨੈਸ' ਦੀ ਵਰਤੋਂ ਕਰਨਗੇ ਅਤੇ ਨਾ ਹੀ ਪਬਲਿਕ ਫੰਡ ਦੀ ਵਰਤੋਂ ਕਰਨਗੇ।
Photo
ਜ਼ਿਕਰਯੋਗ ਹੈ ਕਿ ਪ੍ਰਿੰਸ ਹੈਰੀ ਨੇ ਵਿੱਤੀ ਤੌਰ 'ਤੇ ਸੁਤੰਤਰ ਬਣਨ ਲਈ ਸ਼ਾਹੀ ਪਰਿਵਾਰ ਦੀ ਮੈਂਬਰਸ਼ਿਪ ਛੱਡਣ ਦੀ ਇੱਛਾ ਜ਼ਾਹਰ ਕੀਤੀ ਸੀ। ਪ੍ਰਿੰਸ ਹੈਰੀ ਦੇ ਇਸ ਫੈਸਲੇ ਨੂੰ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ-2 ਦਾ ਸਮਰਥਨ ਮਿਲਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਸਾਲ ਬਸੰਤ ਵਿਚ ਨਵੀਂ ਪ੍ਰਣਾਲੀ ਦੇ ਲਾਗੂ ਹੋਣ ਤੋਂ ਬਾਅਦ ਹੈਰੀ ਅਤੇ ਮੇਗਨ ਦੇ ਸ਼ਾਹੀ ਪਰਿਵਾਰ ਦੇ ਸਰਗਰਮ ਮੈਂਬਰ ਦਾ ਦਰਜਾ ਖ਼ਤਮ ਹੋ ਜਾਵੇਗਾ।
Photo
ਉਹ ਸਿਰਫ ਡਿਊਕ ਆਫ ਸਸੇਕਸ ਹੈਰੀ ਅਤੇ ਡਿਚੇਸ ਆਫ ਸਸੇਕਸ ਮੇਗਨ ਦੇ ਰੂਪ ਵਜੋਂ ਜਾਣੇ ਜਾਣਗੇ ਅਤੇ ਉਹ ਦੋਵੇਂ ‘ਹਿਜ਼ ਰਾਇਲ ਹਾਈਨੇਸ’ ਅਤੇ ‘ਹਰ ਰਾਇਲ ਹਾਈਨੇਸ’ ਦੀ ਉਪਾਧੀ ਦੀ ਵਰਤੋਂ ਨਹੀਂ ਕਰ ਪਾਣਗੇ। ਹਾਲਾਂਕਿ ਹੈਰੀ ਰਾਜਕੁਮਾਰ ਅਤੇ ਬ੍ਰਿਟਿਸ਼ ਸ਼ਾਹੀ ਗੱਦੀ ਦੇ ਛੇਵੇਂ ਵਾਰਿਸ ਬਣੇ ਰਹਿਣਗੇ।
Photo
ਪ੍ਰਿੰਸ ਹੈਰੀ ਤੇ ਮੇਗਨ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਹੁਣ ਉਹ ਬ੍ਰਿਟੇਨ ਤੇ ਉੱਤਰੀ ਅਮਰੀਕਾ ਵਿਚ ਆਪਣਾ ਸਮਾਂ ਬਤੀਤ ਕਰਨਗੇ। ਰਾਜ ਪ੍ਰਸਾਦ ਨੇ ਦੱਸਿਆ ਕਿ ਜੋੜਾ ਵਿੰਡਸਰ ਕੈਸਲ ਸਥਿਤ ਘਰ ਦੀ ਮੁਰੰਮਤ ‘ਤੇ ਖਰਚ ਹੋਈ 24 ਲੱਖ ਪੌਂਡ ਦੀ ਰਾਸ਼ੀ ਵਾਪਸ ਕਰਨਗੇ।
Photo
ਬਕਿੰਘਮ ਪੈਲੇਸ ਵੱਲੋਂ ਜਾਰੀ ਬਿਆਨ ਵਿਚ ਪ੍ਰਿੰਸ ਹੈਰੀ ਤੇ ਮੇਗਨ ਨੇ ਕਿਹਾ ਸੀ ਕਿ ਅਸੀਂ ਸ਼ਾਹੀ ਪਰਿਵਾਰ ਦੇ ਸੀਨੀਅਰ ਮੈਂਬਰਾਂ ਦੀ ਭੂਮਿਕਾ ਤੋਂ ਹਟ ਕੇ ਆਰਥਿਕ ਰੂਪ ਨਾਲ ਆਤਮ ਨਿਰਭਰ ਬਣਨਾ ਚਾਹੁੰਦੇ ਹਾਂ ਅਤੇ ਇਸ ਦੌਰਾਨ ਮਹਾਰਾਣੀ ਨੂੰ ਸਾਡਾ ਪੂਰਾ ਸਹਿਯੋਗ ਮਿਲਦਾ ਰਹੇਗਾ।