
ਲਿਬਰਲ ਪਾਰਟੀ ਦੇ ਨੇਤਾ ਜਸਟਿਨ ਟਰੂਡੋ ਨੇ 6 ਜਨਵਰੀ ਨੂੰ ਪ੍ਰਧਾਨ ਮੰਤਰੀ ਤੇ ਪਾਰਟੀ ਨੇਤਾ ਦੇ ਅਹੁਦੇ ਤੋਂ ਦਿਤਾ ਸੀ ਅਸਤੀਫ਼ਾ
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਮਗਰੋਂ ਕੈਨੇਡਾ ਵਿਚ ਨਵੇਂ ਪ੍ਰਧਾਨ ਮੰਤਰੀ ਲਈ ਕਈ ਨਾਂ ਅੱਗੇ ਆਏ ਹਨ। ਇਨ੍ਹਾਂ ਵਿਚ ਵਿਰੋਧੀ ਧਿਰ ਦੇ ਪਿਅਰੇ ਪੋਇਲੀਵਰੇ ਵੀ ਸ਼ਾਮਲ ਹਨ। ਲਿਬਰਲ ਪਾਰਟੀ ਦੇ ਨੇਤਾ ਜਸਟਿਨ ਟਰੂਡੋ ਨੇ 6 ਜਨਵਰੀ ਨੂੰ ਪ੍ਰਧਾਨ ਮੰਤਰੀ ਅਤੇ ਪਾਰਟੀ ਨੇਤਾ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਸੀ। ਉਦੋਂ ਤੋਂ ਹੀ ਇਸ ਅਹੁਦੇ ਲਈ ਕੱੁਝ ਨਾਵਾਂ ’ਤੇ ਚਰਚਾ ਹੋ ਰਹੀ ਹੈ।
ਵਿਰੋਧੀ ਕੰਜ਼ਰਵੇਟਿਵ ਪਾਰਟੀ ਦੇ 45 ਸਾਲਾ ਨੇਤਾ ਪੀਅਰੇ ਪੋਇਲੀਵਰੇ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ਵਿਚ ਅੱਗੇ ਮੰਨਿਆ ਜਾ ਰਿਹਾ ਹੈ। ਉਨ੍ਹਾਂ ਮੌਜੂਦਾ ਸਰਕਾਰ ਦੀਆਂ ਇਮੀਗ੍ਰੇਸ਼ਨ ਨੀਤੀਆਂ ਦੀ ਆਲੋਚਨਾ ਕੀਤੀ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਵਿਚ ਆਮ ਚੋਣਾਂ ਇਸ ਸਾਲ ਅਕਤੂਬਰ ਵਿੱਚ ਜਾਂ ਉਸ ਤੋਂ ਪਹਿਲਾਂ ਹੋਣੀਆਂ ਹਨ।
ਪੋਇਲੀਵਰੇ ਨੇ ਸੁਝਾਅ ਦਿਤਾ ਹੈ ਕਿ ਜੇਕਰ ਉਹ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਉਹ ਵੱਡੇ ਸੁਧਾਰ ਪੇਸ਼ ਕਰ ਸਕਦੇ ਹਨ ਕਿਉਂਕਿ ਭਾਰਤ ਤੋਂ ਵੱਡੀ ਗਿਣਤੀ ਵਿਚ ਲੋਕ ਸਿੱਖਿਆ ਅਤੇ ਰੁਜ਼ਗਾਰ ਦੇ ਮੌਕਿਆਂ ਲਈ ਕੈਨੇਡਾ ਜਾਂਦੇ ਹਨ।
ਇਸ ਲਈ ਭਾਰਤੀਆਂ ਲਈ ਇਮੀਗ੍ਰੇਸ਼ਨ ਬਾਰੇ ਪੀਅਰੇ ਪੋਇਲੀਵਰੇ ਦੇ ਰੁਖ਼ ਨੂੰ ਜਾਣਨਾ ਮਹੱਤਵਪੂਰਨ ਹੋ ਜਾਂਦਾ ਹੈ। ਪਿਛਲੇ ਕੱੁਝ ਸਾਲਾਂ ਵਿਚ ਇਮੀਗ੍ਰੇਸ਼ਨ ਬਾਰੇ ਪੋਇਲੀਵਰੇ ਦੇ ਬਿਆਨ ਇਸ ਮੁੱਦੇ ’ਤੇ ਉਸ ਦੇ ਰੁਖ਼ ਨੂੰ ਦਰਸਾਉਂਦੇ ਹਨ। ਅੱਜ ਅਸੀਂ ਤੁਹਾਨੂੰ ਇਸ ਮੁੱਦੇ ’ਤੇ ਉਨ੍ਹਾਂ ਦੀ ਰਾਏ ਬਾਰੇ ਦੱਸਣ ਜਾ ਰਹੇ ਹਾਂ। ਸੀ.ਆਈ.ਸੀ ਨਿਊਜ਼ ਦੀ ਰਿਪੋਰਟ ਅਨੁਸਾਰ ਅਗੱਸਤ 2023 ਦੀ ਇਕ ਪ੍ਰੈੱਸ ਕਾਨਫ਼ਰੰਸ ਵਿਚ ਪੋਇਲੀਵਰੇ ਨੇ ਕਿਹਾ ਕਿ ਕੈਨੇਡਾ ਦਾ ਇਮੀਗ੍ਰੇਸ਼ਨ ਸਿਸਟਮ ਟੁੱਟਿਆ ਹੋਇਆ ਹੈ। ਉਨ੍ਹਾਂ ਐਲਾਨ ਕੀਤਾ ਸੀ ਕਿ ਕੰਜ਼ਰਵੇਟਿਵ ਸਰਕਾਰ ਅਪਣੀ ਇਮੀਗ੍ਰੇਸ਼ਨ ਨੀਤੀ ਨੂੰ ਮਾਲਕਾਂ ਦੀਆਂ ਜ਼ਰੂਰਤਾਂ ਵਰਗੇ ਕਾਰਕਾਂ ’ਤੇ ਆਧਾਰਤ ਕਰੇਗੀ।
ਉਸ ਸਮੇਂ ਉਸ ਨੇ ਇਮੀਗ੍ਰੇਸ਼ਨ ਟੀਚਿਆਂ ਨੂੰ ਘਟਾਉਣ ਬਾਰੇ ਸਵਾਲਾਂ ਨੂੰ ਟਾਲ ਦਿਤਾ ਸੀ। ਪੋਇਲੀਵਰੇ ਨੇ ਇਮੀਗ੍ਰੇਸ਼ਨ ਪੱਧਰਾਂ ਨੂੰ ਘਰੇਲੂ ਉਸਾਰੀ ਨਾਲ ਜੋੜਨ ਦਾ ਵਿਚਾਰ ਪੇਸ਼ ਕਰਨਾ ਸ਼ੁਰੂ ਕੀਤਾ। ਰਿਪੋਰਟ ਅਨੁਸਾਰ 12 ਜਨਵਰੀ, 2024 ਨੂੰ ਵਿਨੀਪੈਗ, ਮੈਨੀਟੋਬਾ ਵਿਚ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਉਸ ਨੇ ਕਿਹਾ, ‘ਸਾਨੂੰ ਬਣਾਏ ਗਏ ਘਰਾਂ ਦੀ ਗਿਣਤੀ ਅਤੇ ਨਵੇਂ ਕੈਨੇਡੀਅਨਾਂ ਵਜੋਂ ਸੱਦੇ ਗਏ ਲੋਕਾਂ ਦੀ ਗਿਣਤੀ ਵਿਚਕਾਰ ਇਕ ਸਬੰਧ ਸਥਾਪਤ ਕਰਨ ਦੀ ਲੋੜ ਹੈ।’ ਅਗਲੇ ਮਹੀਨਿਆਂ ਵਿੱਚ ਪੋਇਲੀਵਰੇ ਨੇ ਇਹ ਵੀ ਕਿਹਾ ਕਿ ਜੇਕਰ ਉਹ ਪ੍ਰਧਾਨ ਮੰਤਰੀ ਬਣ ਜਾਂਦੇ ਹਨ ਤਾਂ ਇਮੀਗ੍ਰੇਸ਼ਨ ਦਰਾਂ ਵਿਚ ਕਾਫ਼ੀ ਕਮੀ ਆ ਜਾਵੇਗੀ।