
ਪਲਾਸਟਿਕ ਤੋਂ ਪੈਦਾ ਹੁੰਦਾ ਕੂੜਾ ਵਾਤਾਵਰਣ ਲਈ ਅੱਜ ਦੁਨੀਆ ਭਰ ਵਿਚ ਇਕ ਵੱਡੀ ਚੁਣੌਤੀ
ਯੂਕੇ ਸਰਕਾਰ ਨੇ ਪਲਾਸਟਿਕ ਸਟਰਾਅ, ਕਾਟਨ ਬਡਸ ਅਤੇ ਡਰਿੰਕ ਸਟਿਰਰ ਦੀ ਵਿੱਕਰੀ ਤੇ ਪਾਬੰਦੀ ਲਾਉਣ ਲਈ ਮਤਾ ਰੱਖਿਆ ਹੈ। ਇਹ ਮਤਾ ਜੋ ਸਲਾਹ ਮਸ਼ਵਰੇ ਲਈ ਰੱਖਿਆ ਗਿਆ ਹੈ। ਇਸ ਦੀ ਘੋਸ਼ਣਾ ਵੀਰਵਾਰ ਨੂੰ ਸਰਕਾਰ ਦੇ ਰਾਸ਼ਟਰਮੰਡਲ ਮੁਖੀਆਂ ਦੀ ਮੀਟਿੰਗ ਵਿਚ ਕੀਤੀ ਗਈ। ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਥੇਰੇਸਾ ਮਈ ਨੇ ਕਿਹਾ ਕਿ ਪਲਾਸਟਿਕ ਤੋਂ ਪੈਦਾ ਹੁੰਦਾ ਕੂੜਾ ਵਾਤਾਵਰਣ ਲਈ ਅੱਜ ਦੁਨੀਆ ਭਰ ਵਿਚ ਇਕ ਵੱਡੀ ਚੁਣੌਤੀ ਹੈ ਜਿਸ ਕਰਕੇ ਸਮੁੰਦਰੀ ਵਾਤਾਵਰਣ ਵੀ ਪ੍ਰਦੂਸ਼ਿਤ ਹੋ ਰਿਹਾ ਹੈ, ਅਤੇ ਉਸ ਨੂੰ ਸਾਫ਼ ਬਣਾਈ ਰੱਖਣਾ ਸਾਡਾ ਮੁੱਖ ਟੀਚਾ ਹੈ। ਥੇਰੇਸਾ ਮਈ ਨੇ ਕਿਹਾ ਓਹਨਾ ਦੀ ਸਰਕਾਰ 87.1 ਮਿਲੀਅਨ ਡਾਲਰ ਦਾ ਯੋਗਦਾਨ ਪਾ ਕੇ ਰਾਸ਼ਟਰਮੰਡਲ ਦੇ ਮੁਲਕਾਂ ਨਾਲ ਸਮੁੰਦਰੀ ਪਲਾਸਟਿਕ ਕੂੜੇ ਨੂੰ ਖ਼ਤਮ ਕਰਨ ਵਿਚ ਮਦਦ ਕਰ ਰਹੀ ਹੈ।
Cotton Buds
ਮਹਾਂਸਾਗਰਾਂ ਵਿਚ ਦੀਨੋ ਦਿਨ ਵਧਦੇ ਪਲਾਸਟਿਕ ਕੂੜੇ ਦੀ ਸਮੱਸਿਆ ਗੰਭੀਰ ਅਤੇ ਚਿੰਤਾਜਨਕ ਹੈ। ਮਿਸਾਲ ਦੇ ਤੌਰ ਤੇ ਜੇਕਰ ਯੂਰੋਪੀਅਨ ਕਮਿਸ਼ਨ ਦੀ ਮੰਨੀਏ ਤਾਂ ਯੂਰੋਪ ਹਰ ਸਾਲ 25 ਮਿਲੀਅਨ ਟਨ ਸਮੁੰਦਰੀ ਕੂੜਾ ਪੈਦਾ ਕਰਦਾ ਹੈ ਅਤੇ ਇਸ ਕੂੜੇ ਦਾ 30% ਤੋਂ ਘੱਟ ਹੀ ਰੀਸਾਈਕਲ ਹੋ ਪਾਉਂਦਾ ਹੈ। ਯੂਕੇ ਸਰਕਾਰ ਦਾ ਪਲਾਸਟਿਕ ਸਟਰਾਅ, ਕਾਟਨ ਬਡਸ ਅਤੇ ਡਰਿੰਕ ਸਟਿਰਰ ਤੇ ਪਾਬੰਦੀ ਲਾਉਣਾ ਇਕ ਵੱਡੇ ਸਮਾਜਿਕ ਬਦਲਾਅ ਵੱਲ ਇਸ਼ਾਰਾ ਕਰਦਾ ਹੈ। ਯੂਕੇ ਦਾ ਮੋਹਰੀ ਸੁਪਰ ਬਾਜ਼ਾਰ ਜੋ ਫ਼੍ਰੋਜ਼ਨ ਖਾਣੇ ਲਈ ਪਲਾਸਟਿਕ ਦੀ ਪੈਕਿੰਗ ਵਿਚ ਮਾਹਰ ਹੈ, ਉਸ ਨੇ ਪਲਾਸਟਿਕ ਪੈਕਿੰਗ ਨੂੰ 2023 ਤਕ ਖ਼ਤਮ ਕਰਨ ਦਾ ਫ਼ੈਸਲਾ ਲਿਆ ਹੈ।