
ਪਰ ਵਿਦੇਸ਼ੀ ਯਾਤਰਾ ਅਜੇ ਵੀ ਵਰਜਿਤ
ਪਰਥ, 18 ਅਪ੍ਰੈਲ (ਪਿਆਰਾ ਸਿੰਘ ਨਾਭਾ): ਆਸਟਰੇਲੀਆ ਵਿਚ ਕੋਰੋਨਾ ਵਾਇਰਸ ਦੀ ਲਾਗ ਦਰ ਘਾਤਕ ਪ੍ਰਕੋਪ ਨੂੰ ਰੋਕਣ ਲਈ ਸਖ਼ਤ ਉਪਾਵਾਂ ਦੀ ਲੜੀ ਤੋਂ ਬਾਅਦ ਲਗਾਤਾਰ ਘੱਟ ਰਹੀ ਹੈ। ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਕਿਹਾ ਕਿ ਰਾਸ਼ਟਰੀ ਕੈਬਨਿਟ ਨੇ ਫ਼ੈਸਲਾ ਕੀਤਾ ਹੈ ਕਿ ਸੰਘੀ ਸਰਕਾਰ ਦੁਆਰਾ ਨਿਰਧਾਰਤ ਕੋਵਿਡ-19 ਪਾਬੰਦੀਆਂ ਚਾਰ ਹਫ਼ਤਿਆਂ ਲਈ ਨਹੀਂ ਬਦਲੀਆਂ ਜਾਣਗੀਆਂ।
File photo
ਇਸ ਦਾ ਅਰਥ ਹੈ ਕਿ ਪੱਬਾਂ, ਰੈਸਟੋਰੈਂਟਾਂ ਅਤੇ ਜਿੰਮਾਂ ਨੂੰ ਬੰਦ ਰਖਿਆ ਜਾਵੇਗਾ, ਵੱਡੇ ਇਕੱਠਾਂ ਉਤੇ ਪਾਬੰਦੀ ਰਹੇਗੀ ਅਤੇ ਜਿੱਥੇ ਵੀ ਸੰਭਵ ਹੋਵੇ ਘਰ ਤੋਂ ਕੰਮ ਕਰਨ ਲਈ ਉਤਸ਼ਾਹਤ ਕੀਤਾ ਜਾਵੇਗਾ। ਵਿਆਹ ਅਜੇ ਵੀ ਪੰਜ ਲੋਕਾਂ ਤਕ ਸੀਮਿਤ ਹਨ ਅਤੇ ਅੰਤਮ ਸਸਕਾਰ ਦੱਸ ਲੋਕਾਂ ਤਕ। ਪਰ ਸੂਬਿਆਂ ਅਤੇ ਪ੍ਰਦੇਸ਼ਾਂ, ਜਿਨ੍ਹਾਂ ਨੇ ਅਪਣੇ ਖ਼ੁਦ ਦੇ ਵਾਧੂ ਉਪਾਅ ਅਤੇ ਵਾਧੂ ਪੁਲਿਸ ਤੈਨਾਤ ਕੀਤੇ ਹਨ। ਆਉਣ ਵਾਲੇ ਹਫ਼ਤਿਆਂ ਵਿਚ ਪਾਬੰਦੀਆਂ ਨੂੰ ਢਿੱਲ੍ਹ ਕਰਨਾ ਚੁਣ ਸਕਦੇ ਹਨ। ਮੌਰਿਸਨ ਨੇ ਕਿਹਾ ਕਿ ਉਹ ਅਪਣੇ ਫ਼ੈਸਲੇ ਖ਼ੁਦ ਲੈਣਗੇ ਕਿ ਕੀ ਉਹ ਅਪਣੇ ਹਾਲਾਤਾਂ ਉਤੇ ਇਨ੍ਹਾਂ ਪ੍ਰਬੰਧਾਂ ਵਿਚੋਂ ਕਿਸੇ ਨੂੰ ਬਦਲਣਾ ਚਾਹੁੰਦੇ ਹਨ।
ਸਕੂਲ ਖੁੱਲੇ੍ਹ ਰਹਿਣ ਦੀ ਸੰਭਾਵਨਾ ਹੈ ਅਤੇ ਰੈਸਟੋਰੈਂਟਾਂ ਨੂੰ ਗ੍ਰਾਹਕਾਂ ਦੀਆਂ ਸੀਮਾਵਾਂ ਨਾਲ ਟੇਬਲ ਸੇਵਾ ਪ੍ਰਦਾਨ ਕਰਨ ਦੀ ਆਗਿਆ ਦਿਤੀ ਜਾ ਸਕਦੀ ਹੈ, ਪਰ ਵਿਦੇਸ਼ੀ ਯਾਤਰਾ ਅਜੇ ਵੀ ਵਰਜਿਤ ਰਹੇਗੀ। ਸੰਭਾਵਤ ਤੌਰ ਉਤੇ ਸਮਾਜਕ ਦੂਰੀਆਂ ਮਹੀਨਿਆਂ ਤਕ ਜ਼ਿੰਦਗੀ ਜੀਉਣ ਦਾ ਤਰੀਕਾ ਬਣੀਆਂ ਰਹਿਣਗੀਆਂ, ਨੈਸ਼ਨਲ ਕੈਬਨਿਟ ਦੀ ਬੈਠਕ ਤੋਂ ਬਾਅਦ ਬੋਲਦਿਆਂ ਮੌਰਿਸਨ ਨੇ ਮੰਨਿਆ ਕਿ ਆਸਟਰੇਲੀਆਈ ਲੋਕਾਂ ਕੋਲ ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਦੂਰ ਕਰਨ ਲਈ ਅਜੇ ਵੀ ਔਖਾ ਰਾਹ ਹੈ।