
ਪੰਜ ਸਾਲਾਂ ਵਿਚ ਸੱਭ ਤੋਂ ਉੱਚ ਪੱਧਰ 'ਤੇ ਰਿਹਾ ਅੰਕੜਾ, ਐਮਨੈਸਟੀ ਇੰਟਰਨੈਸ਼ਨਲ ਦੀ ਸਾਲਾਨਾ ਰਿਪੋਰਟ 'ਚ ਹੋਇਆ ਖ਼ੁਲਾਸਾ
ਨਵੀਂ ਦਿੱਲੀ : 2022 ਪਿਛਲੇ ਪੰਜ ਸਾਲਾਂ ਵਿਚ ਮੌਤ ਦੀ ਸਜ਼ਾ ਲਈ ਸਭ ਤੋਂ ਕਾਲਾ ਸਾਲ ਸੀ। ਬੀਤੇ ਸਾਲ 883 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ, ਜੋ ਕਿ 2021 ਦੇ ਮੁਕਾਬਲੇ 53 ਫ਼ੀ ਸਦੀ ਜ਼ਿਆਦਾ ਹੈ।
2022 ਦੌਰਾਨ ਦੁਨੀਆਂ ਭਰ 'ਚ 883 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ, ਜੋ 2021 ਦੇ ਮੁਕਾਬਲੇ 53 ਫ਼ੀ ਸਦੀ ਜਦਕਿ ਪੰਜ ਸਾਲਾਂ 'ਚ ਸਭ ਤੋਂ ਜ਼ਿਆਦਾ ਹੈ। ਐਮਨੈਸਟੀ ਇੰਟਰਨੈਸ਼ਨਲ ਦੀ ਸਾਲਾਨਾ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਈਰਾਨ ਅਤੇ ਸਾਊਦੀ ਅਰਬ ਵਿਚ ਮੌਤ ਦੀ ਸਜ਼ਾ ਵਿਚ ਵੱਡੇ ਵਾਧੇ ਕਾਰਨ, ਖ਼ਾਸ ਕਰ ਕੇ ਏਸ਼ੀਆ ਵਿਚ, ਮੌਤ ਦੀ ਸਜ਼ਾ ਵਿਚ ਇੰਨਾ ਜ਼ਿਆਦਾ ਵਾਧਾ ਦੇਖਿਆ ਗਿਆ ਹੈ।
ਐਮਨੈਸਟੀ ਦੀ ਰਿਪੋਰਟ ਅਨੁਸਾਰ ਮੱਧ ਪੂਰਬ ਅਤੇ ਉਤਰੀ ਅਫ਼ਰੀਕਾ ਵਿਚ ਦਿਤੀ ਗਈ ਕੁੱਲ ਮੌਤ ਦੀ ਸਜ਼ਾ ਦਾ 70 ਫ਼ੀ ਸਦੀ ਈਰਾਨ ਵਿਚ ਦਿਤਾ ਗਿਆ ਸੀ, ਜਿਥੇ 2022 ਵਿਚ 576 ਲੋਕਾਂ ਨੂੰ ਫਾਂਸੀ ਦਿਤੀ ਗਈ ਸੀ। ਇਹ 2021 ਦੇ ਮੁਕਾਬਲੇ 83 ਫ਼ੀ ਸਦੀ ਜ਼ਿਆਦਾ ਹੈ ਜਦੋਂ 314 ਲੋਕਾਂ ਨੂੰ ਫਾਂਸੀ ਦਿੱਤੀ ਗਈ ਸੀ। ਇਨ੍ਹਾਂ ਵਿਚੋਂ 255 ਕੇਸ ਨਸ਼ਿਆਂ ਨਾਲ ਸਬੰਧਤ ਸਨ ਜਦਕਿ 279 ਵਿਅਕਤੀ ਕਤਲ ਦੇ ਦੋਸ਼ੀ ਪਾਏ ਗਏ ਸਨ।
ਸਾਊਦੀ ਅਰਬ ਵਿਚ 2021 ਦੇ ਮੁਕਾਬਲੇ 2022 ਵਿਚ ਮੌਤ ਦੀ ਸਜ਼ਾ ਵਿਚ ਤਿੰਨ ਗੁਣਾ ਵਾਧਾ ਹੋਇਆ ਅਤੇ ਉਥੇ 196 ਲੋਕਾਂ ਨੂੰ ਫਾਂਸੀ ਦਿਤੀ ਗਈ। ਇਹ ਪਿਛਲੇ 30 ਸਾਲਾਂ ਵਿਚ ਸਭ ਤੋਂ ਵੱਡੀ ਗਿਣਤੀ ਹੈ। ਅਤਿਵਾਦ ਨਾਲ ਸਬੰਧਤ ਅਪਰਾਧਾਂ ਲਈ 85 ਲੋਕਾਂ ਨੂੰ ਮੌਤ ਦੀ ਸਜ਼ਾ ਦਿਤੀ ਗਈ, ਜੋ ਪਿਛਲੇ ਸਾਲ ਦੇ ਨੌਂ ਗੁਣਾ ਤੋਂ ਵੱਧ ਹੈ। ਇਸ ਤੋਂ ਇਲਾਵਾ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਅਪਰਾਧਾਂ ਵਿਚ 57 ਵਿਅਕਤੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ, ਜਦੋਂ ਕਿ 2021 ਵਿਚ ਇਸ ਅਪਰਾਧ ਤਹਿਤ ਕਿਸੇ ਵੀ ਵਿਅਕਤੀ ਨੂੰ ਮੌਤ ਦੀ ਸਜ਼ਾ ਨਹੀਂ ਦਿਤੀ ਗਈ ਸੀ।
ਇਹ ਵੀ ਪੜ੍ਹੋ: ਸੌਰਵ ਕੈਮੀਕਲ ਫੈਕਟਰੀ ਵਿਚ ਗੈਸ ਲੀਕ, ਲੋਕਾਂ ਨੂੰ ਸਾਹ ਲੈਣ 'ਚ ਪ੍ਰੇਸ਼ਾਨੀ
2021 ਦੇ ਮੁਕਾਬਲੇ, ਕੁਵੈਤ, ਮਿਆਂਮਾਰ, ਫ਼ਲਸਤੀਨ, ਸਿੰਗਾਪੁਰ ਅਤੇ ਅਮਰੀਕਾ ਵਿਚ ਵੀ 2022 ਵਿਚ ਮੌਤ ਦੀ ਸਜ਼ਾ ਦੀ ਗਿਣਤੀ ਵਿਚ ਵੱਡਾ ਵਾਧਾ ਦਰਜ ਕੀਤਾ ਗਿਆ। ਸਾਲ 2021 ਦੌਰਾਨ 18 ਦੇਸ਼ਾਂ ਵਿਚ 579 ਲੋਕਾਂ ਨੂੰ ਮੌਤ ਦੀ ਸਜ਼ਾ ਦਿਤੀ ਗਈ ਸੀ ਜਦੋਂ ਕਿ 2022 ਵਿਚ 20 ਦੇਸ਼ਾਂ ਵਿਚ 883 ਲੋਕਾਂ ਨੂੰ ਮੌਤ ਦੀ ਸਜ਼ਾ ਦਿਤੀ ਗਈ ਸੀ।
ਇਹ ਕੋਈ ਵਿਆਪਕ ਅੰਕੜਾ ਨਹੀਂ ਹੈ ਕਿਉਂਕਿ ਚੀਨ, ਉੱਤਰੀ ਕੋਰੀਆ ਅਤੇ ਵੀਅਤਨਾਮ ਵਰਗੇ ਦੇਸ਼ ਮੌਤ ਦੀ ਸਜ਼ਾ ਦੀ ਗਿਣਤੀ ਨੂੰ ਜਨਤਕ ਨਹੀਂ ਕਰਦੇ ਹਨ। ਐਮਨੈਸਟੀ ਦੇ ਅਨੁਸਾਰ, 2022 ਵਿਚ ਇੰਡੋਨੇਸ਼ੀਆ ਵਿਚ 112 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ, 94 ਫ਼ੀ ਸਦੀ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਅਪਰਾਧਾਂ ਲਈ ਸਨ, ਜੋ ਅੰਤਰਰਾਸ਼ਟਰੀ ਕਾਨੂੰਨ ਦੇ ਤਹਿਤ "ਸਭ ਤੋਂ ਗੰਭੀਰ ਅਪਰਾਧ" ਵਜੋਂ ਯੋਗ ਨਹੀਂ ਹਨ।
ਇੰਡੋਨੇਸ਼ੀਆ ਵਿਚ ਕਤਲ, ਅਤਿਵਾਦ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਰਗੇ ਅਪਰਾਧਾਂ ਲਈ ਮੌਤ ਦੀ ਸਜ਼ਾ ਦਾ ਪ੍ਰਬੰਧ ਹੈ ਅਤੇ ਉਥੇ ਗੋਲੀ ਮਾਰ ਕੇ ਮੌਤ ਦੀ ਸਜ਼ਾ ਦਿਤੀ ਜਾਂਦੀ ਹੈ। 2022 ਤੋਂ ਪਹਿਲਾਂ 2016 'ਚ ਨਸ਼ਾ ਤਸਕਰੀ ਦੇ ਜੁਰਮ 'ਚ ਚਾਰ ਲੋਕਾਂ ਨੂੰ ਗੋਲੀ ਮਾਰੀ ਗਈ ਸੀ। ਇਨ੍ਹਾਂ ਵਿਚੋਂ ਤਿੰਨ ਨਾਈਜੀਰੀਆ ਦੇ ਨਾਗਰਿਕ ਅਤੇ ਇਕ ਇੰਡੋਨੇਸ਼ੀਆਈ ਸੀ। ਇਸ ਸਮੇਂ ਦੇਸ਼ ਵਿਚ 450 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ ਅਤੇ ਉਹ ਅਪਣੀ ਫਾਂਸੀ ਦੀ ਉਡੀਕ ਕਰ ਰਹੇ ਹਨ। 18 ਦੇਸ਼ਾਂ ਦੇ 88 ਵਿਦੇਸ਼ੀ ਨਾਗਰਿਕ ਵੀ ਹਨ।
ਪਿਛਲੇ ਸਾਲ ਬੰਗਲਾਦੇਸ਼ ਵਿਚ 169 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ, ਜੋ ਕਿ ਏਸ਼ੀਆ-ਪ੍ਰਸ਼ਾਂਤ ਖੇਤਰ ਵਿਚ ਸਭ ਤੋਂ ਵੱਧ ਹੈ। ਇਸ ਤੋਂ ਬਾਅਦ ਭਾਰਤ ਦਾ ਨੰਬਰ ਰਿਹਾ, ਜਿਥੇ 165 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਪਾਕਿਸਤਾਨ 127 ਲੋਕਾਂ ਨੂੰ ਮੌਤ ਦੀ ਸਜ਼ਾ ਦੇ ਨਾਲ ਖੇਤਰ ਵਿਚ ਤੀਜੇ ਨੰਬਰ 'ਤੇ ਹੈ। ਅਮਰੀਕਾ 'ਚ ਪਿਛਲੇ ਸਾਲ 18 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ ਜਦਕਿ 2021 'ਚ 11 ਲੋਕਾਂ ਨੂੰ ਮੌਤ ਦੀ ਸਜ਼ਾ ਦਿਤੀ ਗਈ ਸੀ। ਹਾਲਾਂਕਿ ਦੁਨੀਆਂ ਦੇ ਉਨ੍ਹਾਂ 20 ਦੇਸ਼ਾਂ 'ਚ ਜਿਥੇ ਮੌਤ ਦੀ ਸਜ਼ਾ ਦਿਤੀ ਜਾਂਦੀ ਹੈ, ਉਨ੍ਹਾਂ 'ਚ ਅਮਰੀਕਾ ਸਭ ਤੋਂ ਹੇਠਾਂ ਸੀ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਚੀਨ, ਈਰਾਨ, ਸਾਊਦੀ ਅਰਬ ਅਤੇ ਸਿੰਗਾਪੁਰ ਵਿਚ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਮਾਮਲਿਆਂ ਵਿਚ 325 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ, ਜੋ ਕਿ 2021 ਦੇ ਮੁਕਾਬਲੇ ਦੁੱਗਣੇ ਤੋਂ ਵੱਧ ਹੈ। ਐਮਨੈਸਟੀ ਨੇ ਕਿਹਾ ਕਿ ਮੌਤ ਦੀ ਸਜ਼ਾ ਨੂੰ ਖ਼ਤਮ ਕਰਨ ਵਾਲੇ ਦੇਸ਼ਾਂ ਦੀ ਗਿਣਤੀ ਹੁਣ 112 ਹੋ ਗਈ ਹੈ, ਜਿਸ ਵਿਚ ਪਾਪੂਆ ਨਿਊ ਗਿਨੀ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਮਲੇਸ਼ੀਆ ਨੇ ਕਈ ਅਪਰਾਧਾਂ ਵਿਚ ਮੌਤ ਦੀ ਸਜ਼ਾ ਨੂੰ ਖ਼ਤਮ ਕਰਨ ਲਈ ਵੀ ਅਹਿਮ ਕਦਮ ਚੁਕਿਆ ਹੈ।
ਪਿਛਲੇ ਦਸ ਸਾਲਾਂ ਵਿਚ, 2022 ਚੌਥਾ ਸਭ ਤੋਂ ਵੱਧ ਮੌਤ ਦੀ ਸਜ਼ਾ ਵਾਲਾ ਸਾਲ ਸਾਬਤ ਹੋਇਆ। 2015 ਵਿਚ ਸਭ ਤੋਂ ਵੱਧ 1,634 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। 2016 ਵਿਚ 1,032 ਲੋਕਾਂ ਨੂੰ ਮੌਤ ਦੀ ਸਜ਼ਾ ਦਿਤੀ ਗਈ ਅਤੇ 2017 ਵਿਚ ਇਹ ਗਿਣਤੀ 993 ਦਰਜ ਕੀਤੀ ਗਈ ਸੀ।