
ਅਫ਼ਗ਼ਾਨਿਸਤਾਨ ਵਿਚ ਸਿਆਸੀ ਸਿੱਖ ਨੇਤਾ ਅਵਤਾਰ ਸਿੰਘ ਖ਼ਾਲਸਾ ਘੱਟਗਿਣਤੀ ਸਿੱਖਾਂ ਅਤੇ ਹਿੰਦੂਆਂ ਲਈ ਉਮੀਦ ਬਣਿਆ ਹੈ। ਅਗਲੀਆਂ ਸੰਸਦੀ ਚੋਣਾਂ ਵਿਚ ...
ਕਾਬੁਲ: ਅਫ਼ਗ਼ਾਨਿਸਤਾਨ ਵਿਚ ਸਿਆਸੀ ਸਿੱਖ ਨੇਤਾ ਅਵਤਾਰ ਸਿੰਘ ਖ਼ਾਲਸਾ ਘੱਟਗਿਣਤੀ ਸਿੱਖਾਂ ਅਤੇ ਹਿੰਦੂਆਂ ਲਈ ਉਮੀਦ ਬਣਿਆ ਹੈ। ਅਗਲੀਆਂ ਸੰਸਦੀ ਚੋਣਾਂ ਵਿਚ ਖ਼ਾਲਸਾ ਘੱਟ ਗਿਣਤੀਆਂ ਦੀ ਅਗਵਾਈ ਕਰੇਗਾ। ਖ਼ਾਲਸਾ ਸੰਸਦ ਦੇ ਹੇਠਲੇ ਸਦਨ ਵਿਚ ਉਸ ਸੀਟ ਤੋਂ ਬਿਨਾਂ ਵਿਰੋਧ ਚੁਣੇ ਜਾਣਗੇ ਜਿਸ ਸੀਟ ਨੂੰ 2016 ਵਿਚ ਰਾਸ਼ਟਰਪਤੀ ਦੇ ਹੁਕਮ ਤੋਂ ਬਾਅਦ ਘੱਟ ਗਿਣਤੀਆਂ ਲਈ ਰਾਖਵਾਂ ਕੀਤਾ ਗਿਆ ਸੀ।
ਅਕਤੂਬਰ ਵਿਚ ਚੋਣਾਂ ਤੋਂ ਬਾਅਦ ਉਹ 259 ਸੰਸਦ ਮੈਂਬਰਾਂ ਵਿਚਾਲੇ ਘੱਟ ਗਿਣਤੀਆਂ ਦੀ ਇਕਲੌਤੀ ਆਵਾਜ਼ ਹੋਣਗੇ। ਉਨ੍ਹਾਂ ਆਸ ਪ੍ਰਗਟਾਈ ਕਿ ਅਫ਼ਗ਼ਾਨਿਸਤਾਨ ਦੀ ਫ਼ੌਜ ਵਿਚ 10 ਸਾਲ ਦੀ ਸੇਵਾ ਉਨ੍ਹਾਂ ਨੂੰ ਰਖਿਆ ਅਤੇ ਸੁਰੱਖਿਆ ਕਮੇਟੀ ਵਿਚ ਸਥਾਨ ਦਿਵਾ ਸਕਦੀ ਹੈ। ਕਾਬੁਲ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਸਿਰਫ਼ ਸਿੱਖਾਂ ਅਤੇ ਹਿੰਦੂਆਂ ਦੀ ਹੀ ਸੇਵਾ ਨਹੀਂ ਕਰਨਾ ਚਾਹੁੰਦਾ ਬਲਕਿ ਉਹ ਪੂਰੇ ਅਫ਼ਗ਼ਾਨ ਵਿਚ ਰਹਿਣ ਵਾਲੇ ਲੋਕਾਂ ਦੀ ਸੇਵਾ ਕਰਨਾ ਚਾਹੁੰਦਾ ਹੈ, ਭਾਵੇਂ ਉਹ ਕਿਸੇ ਵੀ ਧਰਮ ਅਤੇ ਜਾਤ ਦੇ ਹੋਣ।
ਚਾਰ ਬੱਚਿਆਂ ਦੇ ਪਿਤਾ ਅਵਤਾਰ ਸਿੰਘ ਨੇ ਅਪਣੀ ਜ਼ਿੰਦਗੀ ਦਾ ਜ਼ਿਆਦਾਤਰ ਸਮਾਂ ਕਾਬੁਲ ਵਿਚ ਬਤੀਤ ਕੀਤਾ ਹੈ। ਉਹ ਸੰਸਦ ਦੇ ਉਚ ਸਦਨ ਵਿਚ ਵੀ ਘੱਟ ਗਿਣਤੀਆਂ ਦੀ ਅਗਵਾਈ ਕਰ ਚੁੱਕੇ ਹਨ। ਅਫ਼ਗ਼ਾਨਿਸਤਾਨ ਵਿਚ ਸਿੱਖ ਅਤੇ ਹਿੰਦੂ ਪੱਖਪਾਤ ਦਾ ਸ਼ਿਕਾਰ ਹੋ ਰਹੇ ਹਨ ਅਤੇ ਕੱਟੜਪੰਥੀ ਉਨ੍ਹਾਂ ਨੂੰ ਨਿਸ਼ਾਨਾ ਬਣਾਉਂਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਉਨ੍ਹਾਂ ਦੇ ਅਧਿਕਾਰ ਦਿਤੇ ਨਹੀਂ ਜਾਂਦੇ ਬਲਕਿ ਇਹ ਲੈਣੇ ਪੈਂਦੇ ਹਨ।
ਉਨ੍ਹਾਂ ਕਿਹਾ ਕਿ ਅਫ਼ਗ਼ਾਨਿਸਤਾਨ ਵਿਚ ਰਹਿ ਰਹੇ ਹਿੰਦੂ-ਸਿੱਖਾਂ ਨੂੰ ਦੇਸ਼ ਦੀਆਂ ਭਲਾਈ ਯੋਜਨਾਵਾਂ 'ਤੇ ਭਰੋਸਾ ਨਹੀਂ ਹੈ ਕਿਉਂਕਿ ਇਥੇ ਕਾਫ਼ੀ ਪੱਖਪਾਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ 1970 ਵਿਚ ਅਫ਼ਗ਼ਾਨਿਸਤਾਨ ਵਿਚ ਸਿੱਖਾਂ ਦੀ ਆਬਾਦੀ ਲਗਭਗ 80 ਹਜ਼ਾਰ ਸੀ ਜੋ ਲਗਾਤਾਰ ਘਟਦੀ-ਘਟਦੀ ਹੁਣ ਸਿਰਫ਼ ਇਕ ਹਜ਼ਾਰ ਤੇ ਪਹੁੰਚ ਗਈ ਹੈ। (ਪੀ.ਟੀ.ਆਈ.)