
ਦੋਵਾਂ ਦੇਸ਼ਾਂ ਵਿਚਾਲੇ ਹੋਏ ਸਮਝੌਤੇ 'ਚ ਪੰਜਾਬ- ਚੰਡੀਗੜ੍ਹ ਦਾ ਨਹੀਂ ਹੈ ਨਾਂ ਸ਼ਾਮਲ
ਨਵੀਂ ਦਿੱਲੀ: ਭਾਰਤ ਕੈਨੇਡਾ ਦਾ ਚੌਥਾ ਸਭ ਤੋਂ ਵੱਡਾ ਅੰਤਰਰਾਸ਼ਟਰੀ ਹਵਾਈ ਯਾਤਰਾ ਬਾਜ਼ਾਰ ਹੈ, ਜਿੱਥੇ ਪੰਜਾਬੀ ਮੂਲ ਦੇ ਯਾਤਰੀਆਂ ਦੀ ਸਭ ਤੋਂ ਵੱਡੀ ਗਿਣਤੀ ਹੈ ਪਰ ਕੈਨੇਡਾ ਸਰਕਾਰ ਵੱਲੋਂ ਕੀਤੇ ਸਮਝੌਤੇ ਵਿੱਚ ਪੰਜਾਬ ਅਤੇ ਚੰਡੀਗੜ੍ਹ ਨੂੰ ਪਾਸੇ ਕਰ ਦਿੱਤਾ ਗਿਆ ਹੈ। ਭਾਵੇਂ ਐਸਜੀਪੀਸੀ ਤੋਂ ਸੀਐਮ ਮਾਨ ਅਤੇ ‘ਆਪ’ ਦੇ ਸੰਸਦ ਮੈਂਬਰ ਵਿਕਰਮਜੀਤ ਸਾਹਨੀ ਮੰਗ ਕਰ ਰਹੇ ਸਨ ਕਿ ਕੈਨੇਡਾ ਤੋਂ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਚਲਾਈਆਂ ਜਾਣ ਪਰ ਦੋ ਦਿਨ ਪਹਿਲਾਂ ਹੋਏ ਸਮਝੌਤੇ ਵਿੱਚ ਬੈਂਗਲੁਰੂ, ਚੇਨਈ, ਦਿੱਲੀ, ਹੈਦਰਾਬਾਦ, ਕੋਲਕਾਤਾ ਅਤੇ ਮੁੰਬਈ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਸਹਿਮਤੀ ਹੋ ਗਈ ਸੀ। ਇਹ ਉਡਾਣਾਂ ਟੋਰਾਂਟੋ, ਮਾਂਟਰੀਅਲ, ਐਡਮਿੰਟਨ, ਵੈਨਕੂਵਰ ਲਈ ਸਿੱਧੀਆਂ ਜਾਣਗੀਆਂ।
ਕੈਨੇਡੀਅਨ ਮੰਤਰੀ ਉਮਰ ਅਲਗਬਰਾ ਦਾ ਕਹਿਣਾ ਹੈ ਕਿ ਇਹ ਸਮਝੌਤਾ ਦੋਵਾਂ ਦੇਸ਼ਾਂ ਵਿਚਾਲੇ ਸਕਾਰਾਤਮਕ ਵਿਕਾਸ ਹੈ। ਭਾਰਤ-ਕੈਨੇਡਾ ਏਅਰ ਟਰਾਂਸਪੋਰਟ ਸਮਝੌਤੇ ਕਾਰਨ ਵੱਖ-ਵੱਖ ਏਅਰਲਾਈਨਜ਼ ਲਈ ਪੰਜਾਬ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨਾ ਸੰਭਵ ਨਹੀਂ ਸੀ, ਜਿਸ ਕਾਰਨ ਪੰਜਾਬ ਆਉਣ ਵਾਲੇ ਸੈਲਾਨੀਆਂ ਦੀ ਮੰਗ ਲਗਾਤਾਰ ਲਟਕ ਰਹੀ ਸੀ।
ਇਸ ਦੌਰਾਨ ਰਾਇਲ ਕੈਨੇਡੀਅਨ ਏਅਰਲਾਈਨਜ਼ ਦੇ ਪ੍ਰਧਾਨ ਵਸੀਮ ਜਾਵੇਦ ਨੇ ਐਲਾਨ ਕੀਤਾ ਸੀ ਕਿ ਛੇਤੀ ਹੀ ਮੱਧ ਪੂਰਬ ਲਈ ਉਡਾਣਾਂ ਸ਼ੁਰੂ ਕਰਨ ਦੀ ਯੋਜਨਾ ਹੈ। ਇਸ ਦੇ ਲਈ ਕੰਪਨੀ ਏਅਰਪੋਰਟ ਅਥਾਰਟੀ ਆਫ ਪੰਜਾਬ ਦੇ ਸੰਪਰਕ ਵਿੱਚ ਹੈ। ਸ਼ੁਰੂ ਵਿੱਚ ਟੋਰਾਂਟੋ ਤੋਂ ਅੰਮ੍ਰਿਤਸਰ, ਚੰਡੀਗੜ੍ਹ ਅਤੇ ਪਾਕਿਸਤਾਨ ਦੇ ਲਾਹੌਰ ਲਈ ਉਡਾਣਾਂ ਚਲਾਉਣ ਦੀ ਯੋਜਨਾ ਸੀ।
ਭਵਿੱਖ ਵਿੱਚ ਇਸ ਯੋਜਨਾ ਤਹਿਤ ਵੈਨਕੂਵਰ ਸਮੇਤ ਕੈਨੇਡਾ ਦੇ ਵੱਡੇ ਸ਼ਹਿਰਾਂ ਤੋਂ ਪੰਜਾਬ ਲਈ ਚਾਰਟਰਡ ਉਡਾਣਾਂ ਸ਼ੁਰੂ ਕਰਨ ਦਾ ਖਾਕਾ ਤਿਆਰ ਕੀਤਾ ਜਾ ਰਿਹਾ ਸੀ ਪਰ ਦੋ ਦਿਨ ਪਹਿਲਾਂ ਹੋਏ ਸਮਝੌਤੇ ’ਤੇ ਪਾਣੀ ਫੇਰ ਦਿੱਤਾ ਗਿਆ ਹੈ। ਇਸ ਕਾਰਨ ਪੰਜਾਬੀਆਂ ਵਿੱਚ ਨਿਰਾਸ਼ਾ ਫੈਲ ਗਈ ਹੈ। ਇਸ ਨੂੰ ਲੈ ਕੇ ਕੈਨੇਡਾ ਅਤੇ ਪੰਜਾਬ ਵਿੱਚ ਗੁੱਸਾ ਪਾਇਆ ਜਾ ਰਿਹਾ ਹੈ।