
ਟਰੱਕ 'ਚ ਸਵਾਰ 2 ਫਾਇਰਫਾਈਟਰਾਂ ਦੀ ਹੋਈ ਮੌਕੇ 'ਤੇ ਮੌਤ
ਪੇਰੂ ਦੀ ਰਾਜਧਾਨੀ ਲੀਮਾ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇੱਕ ਭਿਆਨਕ ਹਵਾਈ ਹਾਦਸਾ ਵਾਪਰਿਆ, ਜਿਸ ਵਿੱਚ ਲੈਂਡਿੰਗ ਦੌਰਾਨ ਇੱਕ ਫਲਾਈਟ ਰਨਵੇਅ 'ਤੇ ਇੱਕ ਫਾਇਰਟਰੱਕ ਨਾਲ ਟਕਰਾ ਗਈ, ਜਿਸ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਗਈ। ਇਸ ਭਿਆਨਕ ਹਾਦਸੇ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਸ 'ਚ ਫਲਾਈਟ ਨੂੰ ਇਕ ਟਰੱਕ ਨਾਲ ਟਕਰਾਉਣ ਤੋਂ ਬਾਅਦ ਅੱਗ ਦੀ ਲਪੇਟ 'ਚ ਆਉਂਦਿਆ ਦੇਖਿਆ ਜਾ ਸਕਦਾ ਹੈ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਟਰੱਕ ਨਾਲ ਟਕਰਾਉਣ ਤੋਂ ਬਾਅਦ ਜਹਾਜ਼ ਧੂੰਏਂ 'ਚ ਘਿਰ ਗਿਆ ਹੈ।
ਰਿਪੋਰਟ ਮੁਤਾਬਕ ਇਹ ਘਟਨਾ ਲੀਮਾ ਇੰਟਰਨੈਸ਼ਨਲ ਏਅਰਪੋਰਟ 'ਤੇ ਉਸ ਸਮੇਂ ਵਾਪਰੀ ਜਦੋਂ ਫਲਾਈਟ ਟੇਕ ਆਫ ਕਰਨ ਲਈ ਰਨਵੇਅ 'ਤੇ ਚੱਲ ਰਹੀ ਸੀ ਅਤੇ ਫਿਰ ਫਲਾਈਟ ਫਾਇਰ ਟਰੱਕ ਨਾਲ ਟਕਰਾ ਗਈ।
ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਫਾਇਰ ਟਰੱਕ ਰਨਵੇ 'ਤੇ ਜਹਾਜ਼ ਦੀ ਦਿਸ਼ਾ 'ਚ ਜਾ ਰਿਹਾ ਹੈ, ਇਸ ਲਈ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਟਰੱਕ ਰਨਵੇ 'ਤੇ ਕਿਵੇਂ ਪਹੁੰਚਿਆ ਅਤੇ ਉਸ ਨੂੰ ਰਨਵੇ 'ਤੇ ਕਿਵੇਂ ਪਹੁੰਚਣ ਦਿੱਤਾ ਗਿਆ।
ਇਸ ਦੇ ਨਾਲ ਹੀ ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਦੇ ਯਾਤਰੀ ਅਤੇ ਚਾਲਕ ਦਲ ਸਾਰੇ ਸੁਰੱਖਿਅਤ ਹਨ, ਪਰ ਅੱਗ ਬੁਝਾਉਣ ਵਾਲੇ ਟਰੱਕ ਵਿਚ ਸਵਾਰ ਦੋ ਫਾਇਰਫਾਈਟਰਾਂ ਦੀ ਮੌਤ ਹੋ ਗਈ ਹੈ।