ਗੰਭੀਰ ਜ਼ਖ਼ਮੀ ਹਰਮਨਪ੍ਰੀਤ ਸਿੰਘ ਨੂੰ ਹਸਪਤਾਲ ਗੁਜ਼ਾਰਨੀ ਪਈ ਰਾਤ
ਜੀਲੌਂਗ : ਆਸਟ੍ਰੇਲੀਆ ਦੇ ਜੀਲੌਂਗ ਸ਼ਹਿਰ ਦੇ ਕੋਰਿਓ ਇਲਾਕੇ ਵਿਚ 22 ਸਾਲ ਦੇ ਇਕ ਭਾਰਤੀ ਮੂਲ ਦੇ ਸਿੱਖ ਨਰਸ ਹਰਮਨਪ੍ਰੀਤ ਸਿੰਘ ’ਤੇ ਨਸਲੀ ਹਮਲਾ ਹੋਇਆ। ਜਿਮ ਤੋਂ ਬਾਹਰ ਨਿਕਲਦੇ ਸਮੇਂ ਤਿੰਨ ਲੋਕਾਂ ਨੇ ਉਸਨੂੰ ਘੇਰ ਲਿਆ ਅਤੇ ਗਾਲਾਂ ਕਢਦਿਆਂ ‘ਇੰਡੀਆਨ ਡੌਗ’ ਕਿਹਾ।
ਇਕ ਵਿਅਕਤੀ ਨੇ ਉਸ ਦੇ ਚਿਹਰੇ ਦੇ ਬਹੁਤ ਨੇੜੇ ਆ ਕੇ ਉਸ ਦੀ ਨੱਕ ’ਤੇ ਸਿਰ ਮਾਰਿਆ, ਜਿਸ ਨਾਲ ਉਹ ਜ਼ਖਮੀ ਹੋ ਗਿਆ ਅਤੇ ਖੂਨ ਵਗਣ ਲੱਗ ਪਿਆ। ਹਰਮਨਪ੍ਰੀਤ ਸਿੰਘ ਨੇ ਕਿਹਾ, ‘‘ਮੈਂ ਅਪਣਾ ਕੰਮ ਕਰ ਰਿਹਾ ਸੀ, ਪਰ ਉਹ ਮੇਰੇ ਪਿੱਛੇ ਪੈ ਗਏ। ਹਮਲੇ ਤੋਂ ਬਾਅਦ ਮੈਨੂੰ ਹਸਪਤਾਲ ਵਿਚ ਰਾਤ ਬਿਤਾਉਣੀ ਪਈ। ਹੁਣ ਮੈਨੂੰ ਵੱਡੇ ਡਾਕਟਰ ਕੋਲ ਜਾਣਾ ਪਵੇਗਾ ਅਤੇ ਸ਼ਾਇਦ ਸਰਜਰੀ ਵੀ ਕਰਵਾਉਣੀ ਪਵੇ।’’ ਉਸ ਨੇ ਅੱਗੇ ਕਿਹਾ, ‘‘ਮੈਂ ਕੋਸ਼ਿਸ਼ ਕਰਦਾ ਹਾਂ ਕਿ ਮਜ਼ਬੂਤ ਰਹਾਂ ਅਤੇ ਇਨ੍ਹਾਂ ਗੱਲਾਂ ਦੀ ਪਰਵਾਹ ਨਾ ਕਰਾਂ, ਪਰ ਇਹ ਚੋਟ ਅੰਦਰੋਂ ਬਹੁਤ ਦੁੱਖ ਦਿੰਦੀ ਹੈ। ਹੁਣ ਮੈਨੂੰ ਨਹੀਂ ਪਤਾ ਕਿ ਮੈਂ ਮੁੜ ਜਿਮ ਜਾਵਾਂਗਾ ਜਾਂ ਅਪਣੇ ਘੰਟੇ ਬਦਲਾਂਗਾ, ਕਿਉਂਕਿ ਸੁਰੱਖਿਅਤ ਮਹਿਸੂਸ ਨਹੀਂ ਕਰਦਾ।’’
ਹਰਮਨਪ੍ਰੀਤ ਸਿੰਘ ਦੀ ਭੈਣ ਖੁਸ਼ੀ ਕੌਰ ਨੇ ਕਿਹਾ ਕਿ ਪਰਵਾਰ ਇਸ ਘਟਨਾ ਨਾਲ ਬਹੁਤ ਹਿਲ ਗਿਆ ਹੈ। ਭਾਰਤੀ ਭਾਈਚਾਰਾ, ਜੋ ਆਸਟ੍ਰੇਲੀਆ ਵਿਚ ਦੂਜਾ ਸੱਭ ਤੋਂ ਵੱਡਾ ਪਰਵਾਸੀ ਸਮੂਹ ਹੈ, ਇਸ ਤਰ੍ਹਾਂ ਦੇ ਹਮਲਿਆਂ ਨਾਲ ਚਿੰਤਿਤ ਹੈ। ਇਹ ਘਟਨਾ ਸਿਰਫ਼ ਨਸਲੀ ਪੱਖਪਾਤ ਦੀ ਨਿਸ਼ਾਨੀ ਨਹੀਂ, ਸਗੋਂ ਪਰਵਾਸੀਆਂ ਦੀ ਸੁਰੱਖਿਆ ’ਤੇ ਵੀ ਵੱਡਾ ਸਵਾਲ ਖੜਾ ਕਰਦੀ ਹੈ। (ਏਜੰਸੀ)
