ਇਹ ਬ੍ਰਹਿਮੰਡ ਦੀ ਸੱਭ ਤੋਂ ਚਮਕਦਾਰ ਵਸਤੂ ਹੈ, ਜੋ ਸਾਡੇ ਸੂਰਜ ਨਾਲੋਂ 500 ਲੱਖ ਕਰੋੜ ਗੁਣਾ ਵੱਧ ਚਮਕਦਾਰ ਹੈ : ਵਿਗਿਆਨੀ
ਨਵੀਂ ਦਿੱਲੀ: ਪੁਲਾੜ ਵਿਗਿਆਨੀਆਂ ਨੇ ਬ੍ਰਹਿਮੰਡ ਵਿਚ ਹੁਣ ਤਕ ਦੇ ਸੱਭ ਤੋਂ ਤੇਜ਼ੀ ਨਾਲ ਵਧ ਰਹੇ ਬਲੈਕ ਹੋਲ ਦੀ ਖੋਜ ਕਰ ਲਈ ਹੈ, ਜੋ ਹਰ ਰੋਜ਼ ਇਕ ਸੂਰਜ ਦੇ ਆਕਾਰ ਨੂੰ ਨਿਗਲ ਜਾਂਦਾ ਹੈ। ਆਸਟਰੇਲੀਆਈ ਨੈਸ਼ਨਲ ਯੂਨੀਵਰਸਿਟੀ (ਏ.ਐਨ.ਯੂ.) ਦੇ ਖੋਜਕਰਤਾਵਾਂ ਨੇ ਕਿਹਾ ਕਿ ਸੂਰਜ ਨਾਲੋਂ ਲਗਭਗ 17 ਅਰਬ ਗੁਣਾ ਜ਼ਿਆਦਾ ਪੁੰਜ ਵਾਲੇ ਬਲੈਕ ਹੋਲ ਨੇ ਇਕ ਅਜਿਹਾ ਰੀਕਾਰਡ ਕਾਇਮ ਕੀਤਾ ਹੈ ਜੋ ਸ਼ਾਇਦ ਕਦੇ ਨਹੀਂ ਟੁੱਟੇਗਾ।
ਏ.ਐਨ.ਯੂ. ਦੇ ਐਸੋਸੀਏਟ ਪ੍ਰੋਫੈਸਰ ਅਤੇ ਖੋਜ ਰੀਪੋਰਟ ਦੇ ਮੁੱਖ ਲੇਖਕ ਕ੍ਰਿਸ਼ਚੀਅਨ ਵੁਲਫ ਨੇ ਕਿਹਾ, ‘‘ਇਸ ਦੇ ਵਾਧੇ ਦੀ ਸ਼ਾਨਦਾਰ ਦਰ ਦਾ ਮਤਲਬ ਇਹ ਵੀ ਹੈ ਕਿ ਵੱਡੀ ਮਾਤਰਾ ’ਚ ਰੌਸ਼ਨੀ ਅਤੇ ਗਰਮੀ ਨਿਕਲ ਰਹੀ ਹੈ।’’ ਵੁਲਫ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਬ੍ਰਹਿਮੰਡ ਦੀ ਸੱਭ ਤੋਂ ਚਮਕਦਾਰ ਵਸਤੂ ਹੈ, ਜੋ ਸਾਡੇ ਸੂਰਜ ਨਾਲੋਂ 500 ਲੱਖ ਕਰੋੜ ਗੁਣਾ ਵੱਧ ਚਮਕਦਾਰ ਹੈ।
ਜ਼ਿਕਰਯੋਗ ਹੈ ਕਿ ਬਲੈਕ ਹੋਲ ਪੁਲਾੜ ਦਾ ਇਕ ਅਜਿਹਾ ਇਲਾਕਾ ਹੁੰਦਾ ਹੈ ਜਿੱਥੇ ਗੁਰੂਤਾ ਆਕਰਸ਼ਣ ਏਨਾ ਮਜ਼ਬੂਤ ਹੁੰਦੀ ਹੈ ਕਿ ਰੌਸ਼ਨੀ ਸਮੇਤ ਕੁੱਝ ਵੀ ਇਸ ਤੋਂ ਬਚ ਕੇ ਨਿਕਲ ਨਹੀਂ ਸਕਦਾ।
‘ਨੇਚਰ ਐਸਟਰੋਨੋਮੀ’ ਜਰਨਲ ’ਚ ਪ੍ਰਕਾਸ਼ਿਤ ਰੀਪੋਰਟ ਦੇ ਸਹਿ-ਲੇਖਕ ਕ੍ਰਿਸਟੋਫਰ ਓਨਕੇਨ ਨੇ ਕਿਹਾ, ‘‘ਇਹ ਹੈਰਾਨੀ ਦੀ ਗੱਲ ਹੈ ਕਿ ਹੁਣ ਤਕ ਬਲੈਕ ਹੋਲ ਦੀ ਸਚਾਈ ਦਾ ਪਤਾ ਨਹੀਂ ਲੱਗ ਸਕਿਆ ਹੈ। ਜਦਕਿ ਅਸੀਂ ਕਈ ਹੋਰ ਘੱਟ ਅਸਰਦਾਰ ਵਸਤਾਂ ਬਾਰੇ ਜਾਣਦੇ ਹਾਂ।’’ ਮੈਲਬਰਨ ਯੂਨੀਵਰਸਿਟੀ ਦੇ ਪ੍ਰੋਫੈਸਰ ਰਾਚੇਲ ਵੈਬਸਟਰ ਨੇ ਕਿਹਾ ਕਿ ਇਸ ਬਲੈਕ ਹੋਲ ਤੋਂ ਪ੍ਰਕਾਸ਼ ਨੂੰ ਸਾਡੇ ਤਕ ਪਹੁੰਚਣ ਵਿਚ 12 ਅਰਬ ਸਾਲ ਤੋਂ ਵੱਧ ਦਾ ਸਮਾਂ ਲੱਗ ਗਿਆ ਹੈ।