
ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਨੇਟ ਪੀਐਮ ਮੋਦੀ ਦੇ ਸੱਦੇ 'ਤੇ ਅਪ੍ਰੈਲ ਦੇ ਸ਼ੁਰੂਆਤ ਵਿਚ ਭਾਰਤ ਦਾ ਦੌਰਾ ਕਰਨਗੇ।
ਨਵੀਂ ਦਿੱਲੀ: ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਨੇਟ ਪੀਐਮ ਮੋਦੀ ਦੇ ਸੱਦੇ 'ਤੇ ਅਪ੍ਰੈਲ ਦੇ ਸ਼ੁਰੂਆਤ ਵਿਚ ਭਾਰਤ ਦਾ ਦੌਰਾ ਕਰਨਗੇ। ਇਕ ਜਾਣਕਾਰੀ ਮੁਤਾਬਕ ਇਹ ਦੌਰਾ ਇਜ਼ਰਇਲ ਅਤੇ ਭਾਰਤ ਵਿਚਾਲੇ ਸਬੰਧਾਂ ਦੀ ਸਥਾਪਨਾ ਦੀ 30ਵੀਂ ਵਰ੍ਹੇਗੰਢ ਦੇ ਮੌਕੇ 'ਤੇ ਹੋਵੇਗਾ। ਨਫਤਾਲੀ ਬੇਨੇਟ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ 'ਤੇ ਸ਼ਨੀਵਾਰ 2 ਅਪ੍ਰੈਲ 2022 ਨੂੰ ਭਾਰਤ ਦਾ ਦੌਰਾ ਕਰਨਗੇ।
ਇਸ ਦੌਰੇ ਦਾ ਉਦੇਸ਼ ਨਵੀਨਤਾ ਅਤੇ ਤਕਨਾਲੋਜੀ, ਸੁਰੱਖਿਆ ਅਤੇ ਸਾਈਬਰ ਅਤੇ ਖੇਤੀਬਾੜੀ ਅਤੇ ਜਲਵਾਯੂ ਪਰਿਵਰਤਨ ਦੇ ਖੇਤਰਾਂ ਵਿਚ ਦੋਵਾਂ ਦੇਸ਼ਾਂ ਦਰਮਿਆਨ ਸਹਿਯੋਗ ਨੂੰ ਵਧਾਉਣਾ ਹੈ। ਇਜ਼ਰਾਇਲ ਦੇ ਪ੍ਰਧਾਨ ਮੰਤਰੀ ਦੇ ਵਿਦੇਸ਼ੀ ਮੀਡੀਆ ਸਲਾਹਕਾਰ ਨੇ ਇਕ ਬਿਆਨ ਵਿਚ ਕਿਹਾ, "ਪ੍ਰਧਾਨ ਮੰਤਰੀ ਨਫਤਾਲੀ ਬੇਨੇਟ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ 'ਤੇ ਸ਼ਨੀਵਾਰ 2 ਅਪ੍ਰੈਲ 2022 ਨੂੰ ਭਾਰਤ ਦੀ ਆਪਣੀ ਪਹਿਲੀ ਅਧਿਕਾਰਤ ਯਾਤਰਾ ਕਰਨਗੇ।"
ਬਿਆਨ ਵਿਚ ਕਿਹਾ ਗਿਆ ਹੈ ਕਿ ਦੋਵੇਂ ਨੇਤਾ ਪਿਛਲੇ ਸਾਲ ਅਕਤੂਬਰ ਵਿਚ ਗਲਾਸਗੋ ਵਿਚ ਸੰਯੁਕਤ ਰਾਸ਼ਟਰ ਜਲਵਾਯੂ ਪਰਿਵਰਤਨ ਸੰਮੇਲਨ (ਸੀਓਪੀ 26) ਮੌਕੇ ਮਿਲੇ ਸਨ, ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਇਜ਼ਰਾਈਲੀ ਹਮਰੁਤਬਾ ਬੇਨੇਟ ਨੂੰ ਭਾਰਤ ਦੇ ਅਧਿਕਾਰਤ ਦੌਰੇ ਲਈ ਸੱਦਾ ਦਿੱਤਾ ਸੀ। ਸੂਤਰਾਂ ਨੇ ਪੀਟੀਆਈ ਨੂੰ ਦੱਸਿਆ ਕਿ ਇਹ 2 ਤੋਂ 5 ਅਪ੍ਰੈਲ ਤੱਕ ਚਾਰ ਦਿਨਾਂ ਦਾ ਦੌਰਾ ਹੋਵੇਗਾ।
ਬੇਨੇਟ ਆਪਣੀ ਯਾਤਰਾ ਦੌਰਾਨ ਆਪਣੇ ਭਾਰਤੀ ਹਮਰੁਤਬਾ, ਸੀਨੀਅਰ ਸਰਕਾਰੀ ਅਧਿਕਾਰੀਆਂ ਅਤੇ ਸਥਾਨਕ ਯਹੂਦੀ ਭਾਈਚਾਰੇ ਦੇ ਮੈਂਬਰਾਂ ਨਾਲ ਵੀ ਮੁਲਾਕਾਤ ਕਰਨਗੇ। ਬਿਆਨ ਵਿਚ ਕਿਹਾ ਗਿਆ ਹੈ ਕਿ ਯਾਤਰਾ ਦਾ ਪੂਰਾ ਪ੍ਰੋਗਰਾਮ ਅਤੇ ਵਾਧੂ ਵੇਰਵੇ ਵੱਖਰੇ ਤੌਰ 'ਤੇ ਜਾਰੀ ਕੀਤੇ ਜਾਣਗੇ। ਬੇਨੇਟ ਨੇ ਇਕ ਪ੍ਰੈਸ ਬਿਆਨ ਵਿਚ ਕਿਹਾ, "ਮੈਂ ਆਪਣੇ ਦੋਸਤ, ਪ੍ਰਧਾਨ ਮੰਤਰੀ ਮੋਦੀ ਦੇ ਸੱਦੇ 'ਤੇ ਭਾਰਤ ਦੀ ਆਪਣੀ ਪਹਿਲੀ ਅਧਿਕਾਰਤ ਯਾਤਰਾ ਨੂੰ ਲੈ ਕੇ ਖੁਸ਼ ਹਾਂ ਅਤੇ ਅਸੀਂ ਇਕੱਠੇ ਮਿਲ ਕੇ ਆਪਣੇ ਦੇਸ਼ਾਂ ਦੇ ਸਬੰਧਾਂ ਨੂੰ ਅੱਗੇ ਲੈ ਕੇ ਜਾਵਾਂਗੇ।"
ਉਹਨਾਂ ਕਿਹਾ, "ਮੋਦੀ ਨੇ ਭਾਰਤ ਅਤੇ ਇਜ਼ਰਾਇਲ ਵਿਚਕਾਰ ਸਬੰਧਾਂ ਨੂੰ ਮੁੜ ਸ਼ੁਰੂ ਕੀਤਾ ਅਤੇ ਇਸ ਦਾ ਇਤਿਹਾਸਕ ਮਹੱਤਵ ਹੈ। ਸਾਡੀਆਂ ਦੋ ਵਿਲੱਖਣ ਸੰਸਕ੍ਰਿਤੀਆਂ - ਭਾਰਤੀ ਸੰਸਕ੍ਰਿਤੀ ਅਤੇ ਯਹੂਦੀ ਸੰਸਕ੍ਰਿਤੀ ਵਿਚਕਾਰ ਸਬੰਧ ਡੂੰਘੇ ਹਨ।" ਇਜ਼ਰਾਇਲ ਦੇ ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, “ਅਸੀਂ ਭਾਰਤੀਆਂ ਤੋਂ ਬਹੁਤ ਸਾਰੀਆਂ ਚੀਜ਼ਾਂ ਸਿੱਖ ਸਕਦੇ ਹਾਂ ਅਤੇ ਇਹੀ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਇਕੱਠੇ ਮਿਲ ਕੇ ਇਨੋਵੇਸ਼ਨ ਅਤੇ ਟੈਕਨਾਲੋਜੀ, ਸੁਰੱਖਿਆ ਅਤੇ ਸਾਈਬਰ, ਖੇਤੀਬਾੜੀ ਅਤੇ ਜਲਵਾਯੂ ਪਰਿਵਰਤਨ ਵਰਗੇ ਖੇਤਰਾਂ ਵਿਚ ਆਪਣੇ ਸਹਿਯੋਗ ਦਾ ਵਿਸਥਾਰ ਕਰਾਂਗੇ।"