
ਆਸਟਰੇਲੀਆ ਦੇ ਸ਼ਹਿਰ ਮੈਲਬਰਨ 'ਚ ਹੋ ਰਹੀਆਂ 32 ਵੀਆਂ ਸਿੱਖ ਖੇਡਾਂ ਦਾ ਦੂਜਾ ਦਿਨ ਰਸਮੀ ਉਦਘਾਟਨ ਵਜੋਂ ਮਨਾਇਆ ਗਿਆ।
ਮੈਲਬਰਨ (ਪਰਮਵੀਰ ਸਿੰਘ ਆਹਲੂਵਾਲੀਆ): ਆਸਟਰੇਲੀਆ ਦੇ ਸ਼ਹਿਰ ਮੈਲਬਰਨ 'ਚ ਹੋ ਰਹੀਆਂ 32 ਵੀਆਂ ਸਿੱਖ ਖੇਡਾਂ ਦਾ ਦੂਜਾ ਦਿਨ ਰਸਮੀ ਉਦਘਾਟਨ ਵਜੋਂ ਮਨਾਇਆ ਗਿਆ। ਇਸ ਮੌਕੇ ਵਿਕਟੋਰੀਆ ਪ੍ਰਾਂਤ ਦੇ ਪ੍ਰੀਮੀਅਰ ਡੈਨੀਅਲ ਐਡਰਿਉ (ਮੁੱਖ ਮੰਤਰੀ) ਨੇ ਸਿਰ ਉੱਤੇ ਦਸਤਾਰ ਸਜਾ ਕੇ ਦਰਸ਼ਕਾਂ ਨੂੰ ਸਬੋਧਨ ਕਰਦੇ ਹੋਏ ਕਿਹਾ ਕਿ ਸਿੱਖ ਭਾਈਚਾਰਾ ਆਸਟਰੇਲੀਆ ਦੀ ਤਰੱਕੀ ਵਿਚ ਆਪਣਾ ਵੱਡਮੁੱਲਾ ਯੋਗਦਾਨ ਪਾ ਰਿਹਾ ਹੈ ਅਤੇ ਅਸੀ ਇਹਨਾਂ ਦੀ ਦਿਲੋਂ ਕਦਰ ਕਰਦੇ ਹਾਂ।
Books Exhibition Melbourne
ਪ੍ਰੀਮੀਅਰ ਡੈਨੀਅਲ ਐਡਰਿਉ ਨੇ ਕਿਹਾ ਕਿ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਵੀ ਇਸ ਵਾਰ ਬਹੁਤ ਹੀ ਧੂਮਧਾਮ ਤੇ ਸ਼ਰਧਾ ਨਾਲ ਮਨਾਉਣ ਜਾ ਰਹੇ ਹਾਂ। ਇਸ ਦੌਰਾਨ ਹੋਰ ਵੀ ਬਹੁਤ ਸਾਰੀਆਂ ਰਾਜਨੀਤਿਕ ਸ਼ਖ਼ਸੀਅਤਾਂ ਨੇ ਆਪਣੇ ਵਿਚਾਰ ਵੀ ਰੱਖੇ। ਇਸਦੇ ਨਾਲ ਹੀ ਪੰਜਾਬੀ ਸੱਭਿਆਚਾਰ ਦੀਆਂ ਵੰਨਗੀਆਂ ਵੀ ਦਰਸ਼ਕਾਂ ਦੀ ਖਿੱਚ ਦਾ ਵਿਸ਼ੇਸ਼ ਕੇਂਦਰ ਰਹੀਆਂ।
Victoria cm Daniel Andrews
ਦੱਸ ਦਈਏ ਕਿ ਇਹ ਖੇਡਾਂ ਤਿੰਨ ਦਿਨ (19 ਅਪ੍ਰੈਲ ਤੋਂ 21 ਅਪ੍ਰੈਲ) ਤੱਕ ਚੱਲਣਗੀਆਂ। ਇਸ ਮੌਕੇ ਕਿਤਾਬਾਂ ਦੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ ਅਤੇ ਇਸ ਪ੍ਰਦਰਸ਼ਨੀ ਜ਼ਰੀਏ ਲੋਕਾਂ ਨੂੰ ਇਤਿਹਾਸ ਅਤੇ ਸੱਭਿਆਚਾਰ ਨਾਲ ਜਾਣੂ ਕਰਵਾਇਆ ਜਾਵੇਗਾ।
ਜ਼ਿਕਰਯੋਗ ਹੈ ਕਿ ਇਹਨਾਂ ਖੇਡਾਂ ਦੌਰਾਨ ਆਸਟ੍ਰੇਲੀਆ ਤੋਂ ਇਲਾਵਾ ਨਿਊਜ਼ੀਲੈਂਡ, ਸਿੰਗਾਪੁਰ ਅਤੇ ਮਲੇਸ਼ੀਆ ਤੋਂ ਖਿਡਾਰੀ ਅਤੇ ਦਰਸ਼ਕ ਵੀ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰ ਰਹੇ ਹਨ। ਇਹਨਾਂ ਖੇਡਾਂ ਵਿਚ ਕਬੱਡੀ, ਵਾਲੀਵਾਲ, ਫ਼ੁੱਟਬਾਲ, ਟੱਚ ਰਗਬੀ, ਬਾਸਕਟਬਾਲ, ਗੌਲਫ ਆਦਿ ਦੇ ਖਿਡਾਰੀ ਸ਼ਾਮਿਲ ਹਨ। ਇਹਨਾਂ ਖੇਡਾਂ ਦੌਰਾਨ 150 ਤੋਂ ਜ਼ਿਆਦਾ ਖਿਡਾਰੀ ਅਪਣੀ ਕਲਾ ਦਾ ਪ੍ਰਦਰਸ਼ਨ ਦਿਖਾ ਰਹੇ ਹਨ।