
ਕਿਹਾ, ਚੀਨ ਦੁਨੀਆਂ ਦੇ ਨਕਸ਼ੇ ਨੂੰ ਅਪਣੇ ਹਿਸਾਬ ਨਾਲ ਤਿਆਰ ਕਰਨ ਦੀ ਕੋਸ਼ਿਸ਼ ਕਰ ਰਿਹੈ
ਵਾਸ਼ਿੰਗਟਨ, 19 ਜੂਨ : ਇਕ ਸੀਨੀਅਰ ਅਮਰੀਕੀ ਸਾਂਸਦ ਨੇ ਭਾਰਤ ਅਤੇ ਚੀਨ ਵਿਚਾਲੇ ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿਚ ਹੋਈ ਝੜਪ ਬਾਰੇ ਕਿਹਾ ਹੈ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐਲ.ਏ.) ਨੇ ਭਾਰਤੀ ਖੇਤਰ 'ਤੇ ਕਬਜ਼ਾ ਕਰਨ ਦੇ ਇਰਾਦੇ ਨਾਲ ਝੜਪ ਸ਼ੁਰੂ ਕੀਤੀ। ਸੈਨੇਟ ਵਿਚ ਬਹੁਮਤ ਦੇ ਨੇਤਾ ਮਿਚ ਮੈਕੋਨੇਲ ਨੇ ਵੀਰਵਾਰ ਨੂੰ ਵਿਦੇਸ਼ ਨੀਤੀ 'ਤੇ ਸਦਨ 'ਚ ਕਿਹਾ, ''ਅਜਿਹਾ ਪ੍ਰਤੀਤ ਹੁੰਦਾ ਹੈ ਕਿ ਚੀਨੀ ਫ਼ੌਜ ਨੇ ਜ਼ਮੀਨੀ ਖੇਤਰ ਹੜਪਣ ਦੇ ਮਕਸਦ ਨਾਲ ਚੀਨ ਅਤੇ ਭਾਰਤ ਵਿਚਾਲੇ 1962 ਵਿਚ ਹੋਈ ਜੰਗ ਦੇ ਬਾਅਦ ਦੀ ਸੱਭ ਤੋਂ ਹਿੰਸਕ ਝੜਪ ਲਈ ਉਕਸਾਇਆ। ''
ਮੈਕੋਨਲ ਨੇ ਕਿਹਾ, ''ਦੁਨੀਆ ਨੂੰ ਇਸ ਤੋਂ ਵੱਧ ਉਦਹਾਰਣ ਨਹੀਂ ਮਿਲ ਸਕਦਾ ਹੈ ਕਿ ਚੀਨ ਅਪਣੀ ਸਰਹੱਦ ਦੇ ਅੰਦਰ ਲੋਕਾਂ ਨਾਲ ਦਰਿੰਦਗੀ ਕਰ ਰਿਹਾ ਹੈ ਅਤੇ ਦੁਨੀਆ ਦੇ ਨਕਸ਼ੇ ਨੂੰ ਫਿਰ ਤੋਂ ਤਿਆਰ ਕਰ ਕੇ ਕੌਮਾਤਰੀ ਵਿਵਸਥਾ ਨੂੰ ਚੁਣੌਤੀ ਦੇ ਰਿਹਾ ਹੈ ਅਤੇ ਅਪਣੇ ਹਿਸਾਬ ਨਾਲ ਉਸ ਨੂੰ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹੈ।''
File Photo
ਸੀਨੀਅਰ ਰਿਪਲਿਕਨ ਸੈਨੇਟਰ ਨੇ ਕਿਹਾ ਕਿ 'ਕਮਿਊਨਿਸਟ ਪਾਰਟੀ ਆਫ਼ ਚਾਈਨਾ' ਨੇ ਕੋਰੋਨਾ ਵਾਇਰਸ ਦਾ ਇਸਤੇਮਾਲ ਹਾਂਗਕਾਂਗ ਵਿਚ ਅਪਣੇ ਵਿਨਾਸ਼ਕਾਰੀ ਕਦਮਾਂ ਨੂੰ ਲੁਕਾਉਣ ਅਤੇ ਖੇਤਰ ਵਿਚ ਅਪਣਾ ਕੰਟਰੋਲ ਤੇ ਦਬਦਬਾ ਵਧਾਉਣ ਲਈ ਕੀਤਾ ਹੈ। ਇਸ ਵਿਚਾਲੇ, ਸਾਂਸਦ ਜਿਮ ਬੈਂਕਸ ਨੇ ਭਾਰਤੀ ਟੈਲੀਕਾਮ ਨੈੱਟਵਰਕ ਤੋਂ ਹੁਆਵੇਈ ਅਤੇ ਜੈਡਟੀਈ 'ਤੇ ਪਾਬੰਦੀ ਲਾਉਣ ਲਈ ਭਾਰਤ ਦੇ ਫ਼ੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ, ''ਭਾਰਤ ਡਰੇਗਾ ਨਹੀਂ। ਇਹ ਸਮਝਦਾਰੀ ਨਾਲ ਲਿਆ ਗਿਆ ਮਜ਼ਬੂਤ ਫ਼ੈਸਲਾ ਹੈ।'' (ਪੀਟੀਆਈ)