
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਨਾਗਰਿਕਤਾ ਪਾਉਣ ਵਾਲੇ ਪੰਜ ਨਵੇਂ ਮੈਂਬਰਾਂ ਦਾ ਸਵਾਗਤ ਪੂਰੇ ਧੂਮਧਾਮ ਨਾਲ ਕੀਤਾ.......
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਨਾਗਰਿਕਤਾ ਪਾਉਣ ਵਾਲੇ ਪੰਜ ਨਵੇਂ ਮੈਂਬਰਾਂ ਦਾ ਸਵਾਗਤ ਪੂਰੇ ਧੂਮਧਾਮ ਨਾਲ ਕੀਤਾ। ਸਵਾਗਤ ਪ੍ਰੋਗਰਾਮ ਦਾ ਆਯੋਜਨ ਵ੍ਹਾਈਟ ਹਾਊਸ ਦੇ ਓਵਲ ਦਫ਼ਤਰ ਵਿਚ ਕੀਤਾ ਗਿਆ। ਪ੍ਰੋਗਰਾਮ ਦਾ ਆਯੋਜਨ ਸਨਿਚਰਵਾਰ ਨੂੰ ਹੋਇਆ ਜਿਸ ਦੀ ਸ਼ੁਰੂਆਤ ਵਾਇਲਨ ਦੀ ਧੁਨ ਨਾਲ ਅਤੇ ਸਮਾਪਤੀ ਰਾਸ਼ਟਰੀ ਗੀਤ ਨਾਲ ਹੋਈ। ਅਮਰੀਕੀ ਨਾਗਰਿਕਤਾ ਪਾਉਣ ਵਾਲੇ ਇਹ ਪੰਜ ਮੈਂਬਰ ਮੂਲ ਰੂਪ ਨਾਲ ਇਰਾਕ, ਬ੍ਰਿਟੇਨ, ਦਖਣੀ ਕੋਰੀਆ, ਜਮੈਕਾ ਅਤੇ ਬੋਲੀਵੀਆ ਤੋਂ ਹਨ।
ਟਰੰਪ ਨੇ ਕਿਹਾ ਕਿ ਮਹਾਨ ਅਮਰੀਕੀ ਪਰਿਵਾਰ ਵਿਚ 5 ਨਵੇਂ ਮੈਂਬਰਾਂ ਦਾ ਸਵਾਗਤ ਕਰਦਿਆਂ ਸਾਨੂੰ ਖੁਸ਼ੀ ਹੋ ਰਹੀ ਹੈ। ਇਸ ਲਈ ਤੁਸੀਂ ਸਾਰਿਆਂ ਨੇ ਬਹੁਤ ਸਖਤ ਮਿਹਨਤ ਕੀਤੀ ਹੈ। ਤੁਸੀਂ ਨਿਯਮਾਂ ਦੀ ਪਾਲਣਾ ਕੀਤੀ ਸਾਡੇ ਕਾਨੂੰਨ ਨੂੰ ਮੰਨਿਆ। ਰਾਸ਼ਟਰਪਤੀ ਟਰੰਪ ਨੇ ਇਸ ਗੱਲ 'ਤੇ ਵੀ ਜ਼ੋਰ ਦਿਤਾ ਕਿ ਸਾਰੇ ਕਾਨੂੰਨੀ ਤਰੀਕਿਆਂ ਨਾਲ ਦੇਸ਼ ਵਿਚ ਆਏ। ਟਰੰਪ ਨੇ ਸਾਰੇ ਨਵੇਂ ਅਮਰੀਕੀ ਨਾਗਰਿਕਾਂ ਦੀ ਲੋਕਾਂ ਨਾਲ ਜਾਣ-ਪਛਾਣ ਕਰਵਾਉਂਦਿਆਂ ਕਿਹਾ ਕਿ ਇਨ੍ਹਾਂ ਵਿਚੋਂ ਕੁਝ ਅਮਰੀਕੀ ਜੀਵਨਸਾਥੀ ਦੇ ਨਾਲ ਆਏ ਅਤੇ ਕੁਝ ਦੇ ਬੱਚਿਆਂ ਦਾ ਜਨਮ ਇਥੇ ਹੋਇਆ। (ਪੀਟੀਆਈ)