
ਆਈਐਸ ਅਤਿਵਾਦੀਆਂ ਨੇ ਸਾਰਿਆਂ ਨੂੰ ਸਮੂਹਕ ਕਬਰ ਵਿਚ ਦਫ਼ਨਾਇਆ ਸੀ : ਸੁਸ਼ਮਾ
ਨਵੀਂ ਦਿੱਲੀ, 20 ਮਾਰਚ : ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਸੰਸਦ ਵਿਚ ਦਸਿਆ ਕਿ ਇਰਾਕ ਵਿਚ ਤਿੰਨ ਸਾਲ ਪਹਿਲਾਂ ਅਗ਼ਵਾ ਕੀਤੇ ਗਏ ਸਾਰੇ 39 ਭਾਰਤੀ ਮਾਰੇ ਜਾ ਚੁਕੇ ਹਨ ਅਤੇ ਉਨ੍ਹਾਂ ਦੀਆਂ ਲਾਸ਼ਾਂ ਮਿਲ ਗਈਆਂ ਹਨ। ਸੁਸ਼ਮਾ ਨੇ ਰਾਜ ਸਭਾ ਵਿਚ ਰਸਮੀ ਬਿਆਨ ਦਿੰਦਿਆਂ ਦਸਿਆ ਕਿ ਹਾਲੇ ਇਹ ਪਤਾ ਨਹੀਂ ਲੱਗਾ ਕਿ ਇਹ ਭਾਰਤੀ ਕਦੋਂ ਮਾਰੇ ਗਏ? ਉਨ੍ਹਾਂ ਦਸਿਆ ਕਿ ਪੰਜਾਬ, ਹਿਮਾਚਲ ਪ੍ਰਦੇਸ਼, ਬਿਹਾਰ ਅਤੇ ਪਛਮੀ ਬੰਗਾਲ ਦੇ ਵਾਸੀ ਇਨ੍ਹਾਂ ਭਾਰਤੀਆਂ ਦੀਆਂ ਲਾਸ਼ਾਂ ਮੋਸੂਲ ਸ਼ਹਿਰ ਦੇ ਉੱਤਰ ਪੱਛਮ ਵਿਚ ਪੈਂਦੇ ਬਦੁਸ਼ ਪਿੰਡ ਤੋਂ ਮਿਲੀਆਂ ਹਨ। ਮਰਨ ਵਾਲਿਆਂ ਵਿਚ 27 ਜਣੇ ਪੰਜਾਬ ਨਾਲ ਸਬੰਧਤ ਹਨ ਅਤੇ ਬਾਕੀਆਂ ਵਿਚੋਂ ਛੇ ਬਿਹਾਰ ਦੇ, ਚਾਰ ਹਿਮਾਚਲ ਦੇ ਅਤੇ ਦੋ ਪਛਮੀ ਬੰਗਾਲ ਦੇ ਹਨ। ਵਿਦੇਸ਼ ਮੰਤਰੀ ਨੇ ਦਸਿਆ ਕਿ ਬਦੁਸ਼ ਵਿਚ ਸਮੂਹਕ ਕਬਰ ਪੁੱਟ ਕੇ ਕੱਢੀਆਂ ਗਈਆਂ ਇਨ੍ਹਾਂ ਲਾਸ਼ਾਂ ਦੀ ਡੀਐਨਏ ਜਾਂਚ ਕੀਤੀ ਗਈ ਜਿਸ ਮਗਰੋਂ ਇਨ੍ਹਾਂ ਭਾਰਤੀਆਂ ਦੀ ਪਛਾਣ ਹੋ ਸਕੀ। ਉਨ੍ਹਾਂ ਦਸਿਆ ਕਿ ਵਿਸ਼ੇਸ਼ ਜਹਾਜ਼ ਜ਼ਰੀਏ ਇਨ੍ਹਾਂ ਲਾਸ਼ਾਂ ਨੂੰ ਭਾਰਤ ਲਿਆਂਦਾ ਜਾਵੇਗਾ ਅਤੇ ਇਨ੍ਹਾਂ ਦੇ ਮਾਪਿਆਂ ਨੂੰ ਸੌਂਪਿਆ ਜਾਵੇਗਾ।
Abducted in Iraq
ਉੱਚ ਸਦਨ ਦੀ ਬੈਠਕ ਸ਼ੁਰੂ ਹੋਣ ਮਗਰੋਂ ਸੁਸ਼ਮਾ ਨੇ ਦਸਿਆ, 'ਮੈਂ ਪਿਛਲੀ ਵਾਰ ਇਨ੍ਹਾਂ ਭਾਰਤੀਆਂ ਬਾਰੇ ਸਦਨ ਵਿਚ ਚਰਚਾ ਦੌਰਾਨ ਕਿਹਾ ਸੀ ਕਿ ਜਦ ਤਕ ਠੋਸ ਸਬੂਤ ਨਹੀਂ ਮਿਲਣਗੇ, ਮੈਂ ਕਿਸੇ ਨੂੰ ਵੀ ਮ੍ਰਿਤਕ ਨਹੀਂ ਐਲਾਨਾਂਗੀ। ਅੱਜ ਮੈਂ ਉਸੇ ਪ੍ਰਤੀਬੱਧਤਾ ਨੂੰ ਪੂਰੀ ਕਰ ਰਹੀ ਹਾਂ। ਮੈਂ ਕਿਹਾ ਸੀ ਕਿ ਸਬੂਤ ਮਿਲਣ 'ਤੇ ਹੀ ਅਸੀਂ ਪੂਰੀ ਗੱਲ ਰੱਖਾਂਗੇ। ਜਦ ਅਸੀਂ ਇਨ੍ਹਾਂ 39 ਭਾਰਤੀਆਂ ਦੀਆਂ ਲਾਸ਼ਾਂ ਨੂੰ ਉਨ੍ਹਾਂ ਦੇ ਮਾਪਿਆਂ ਦੇ ਸਪੁਰਦ ਕਰਾਂਗੇ, ਤਦ ਇਹ ਖੋਜ ਬੰਦ ਹੋਵੇਗੀ।' ਸੁਸ਼ਮਾ ਨੇ ਕਿਹਾ ਕਿ 39 ਭਾਰਤੀਆਂ ਨੂੰ ਬਦੁਸ਼ ਪਿੰਡ ਲਿਜਾਏ ਜਾਣ ਬਾਰੇ ਵਿਦੇਸ਼ ਰਾਜ ਮੰਤਰੀ ਵੀ ਕੇ ਸਿੰਘ ਨੂੰ ਉਸੇ ਕਪੜਾ ਫ਼ੈਕਟਰੀ ਤੋਂ ਪਤਾ ਲੱਗਾ ਜਿਥੇ ਪਹਿਲਾਂ ਭਾਰਤੀਆਂ ਨੂੰ ਰਖਿਆ ਗਿਆ ਸੀ। ਵਿਦੇਸ਼ ਰਾਜ ਮੰਤਰੀ ਵੀ ਕੇ ਸਿੰਘ ਲਾਸ਼ਾਂ ਨੂੰ ਭਾਰਤ ਲਿਆਉਣ ਲਈ ਇਰਾਕ ਜਾਣਗੇ। ਉਨ੍ਹਾਂ ਦਸਿਆ ਕਿ ਜਦ ਆਈਐਸ ਨੇ ਕਬਜ਼ਾ ਕੀਤਾ ਸੀ ਤਾਂ ਬਹੁਤੇ ਲੋਕ ਇਰਾਕੀ ਸ਼ਹਿਰ ਵਿਚੋਂ ਚਲੇ ਗਏ ਪਰ ਭਾਰਤੀ ਤੇ ਬੰਗਲਾਦੇਸ਼ੀ ਉਥੇ ਹੀ ਰਹੇ। ਕਰੀਬ ਤਿੰਨ ਸਾਲ ਪਹਿਲਾਂ 40 ਭਾਰਤੀ ਕਾਮਿਆਂ ਨੂੰ ਮੋਸੂਲ ਵਿਚ ਅਤਿਵਾਦੀ ਸੰਗਠਨ ਆਈਐਸਆਈਐਸ ਨੇ ਬੰਧਕ ਬਣਾ ਲਿਆ ਸੀ। ਬੰਧਕ ਬਣਾਏ ਗਏ ਲੋਕਾਂ ਵਿਚ ਕੁੱਝ ਬੰਗਲਾਦੇਸ਼ੀ ਵੀ ਸਨ। ਭਾਰਤੀਆਂ ਵਿਚੋਂ ਹਰਜੀਤ ਮਸੀਹ ਨਾਮਕ ਵਿਅਕਤੀ ਕਿਸੇ ਤਰ੍ਹਾਂ ਬਚ ਨਿਕਲਿਆ ਸੀ। ਉਸ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਹੋਰ ਭਾਰਤੀਆਂ ਨੂੰ ਆਈਐਸ ਦੇ ਲੜਾਕਿਆਂ ਦੇ ਹੱਥੋਂ ਮਰਦਿਆਂ ਨੂੰ ਵੇਖਿਆ ਹੈ ਪਰ ਕੇਂਦਰ ਸਰਕਾਰ ਨੇ ਉਸ ਦਾ ਇਹ ਦਾਅਵਾ ਰੱਦ ਕਰ ਦਿਤਾ ਸੀ। (ਏਜੰਸੀ)