
ਕਿਸਾਨ ਮਰ ਸਕਦਾ ਹੈ ਪਰ ਕਿਸਾਨ ਵਿਰੋਧੀ ਬਿਲਾਂ ਨੂੰ ਕਦੇ ਵੀ ਲਾਗੂ ਨਹੀਂ ਹੋਣ ਦੇਣਗੇ।
ਵਾਸ਼ਿੰਗਟਨ (ਗਿੱਲ): ਐਨ. ਆਰ. ਆਈਜ਼ ਫ਼ਾਰ ਫ਼ਾਰਮਰਜ਼ ਅਧੀਨ ਅਮਰੀਕਾ ਵਸਦੇ ਕਿਸਾਨ ਹਮਾਇਤੀ ਵ੍ਹਾਈਟ ਹਾਊਸ ਦੇ ਸਾਹਮਣੇ ਲੜੀਵਾਰ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਹਨ। ਇਹ ਪ੍ਰਦਰਸ਼ਨ ਸਫ਼ਲਤਾ ਪੂਰਵਕ 11 ਵੇਂ ਦਿਨ ਵਿਚ ਦਾਖ਼ਲ ਹੋ ਗਿਆ ਹੈ। ਅੱਜ ਦੇ ਅੰਦੋਲਨ ਦੀ ਸੁਚੱਜੀ ਅਗਵਾਈ ਦੁੱਲਾ ਭੱਟੀ ਦੇ ਪ੍ਰਸਿੱਧ ਲੇਖਕ ਧਰਮ ਸਿੰਘ ਗੁਰਾਇਆ ਨੇ ਕੀਤੀ। ਸ. ਧਰਮ ਸਿੰਘ ਗੁਰਾਇਆ ਨੇ ਆਖਿਆ ਕਿ ਮੋਦੀ ਸਰਕਾਰ ਨੂੰ ਇਨ੍ਹਾਂ ਕਨੂੰਨਾਂ ਨੂੰ ਵਾਪਸ ਲੈਣ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਹੈ, ਕਿਉਂਕਿ ਕਿਸਾਨ ਪਿੱਛੇ ਹਟਣ ਵਾਲਾ ਨਹੀਂ ਹੈ। ਜ਼ਮੀਨ ਕਿਸਾਨਾਂ ਦੀ ਮਾਂ ਹੈ। ਮਾਂ ਨਾਲ ਛੇੜ-ਛਾੜ ਕਦਾਚਿਤ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਕਿਸਾਨ ਮਰ ਸਕਦਾ ਹੈ ਪਰ ਕਿਸਾਨ ਵਿਰੋਧੀ ਬਿਲਾਂ ਨੂੰ ਕਦੇ ਵੀ ਲਾਗੂ ਨਹੀਂ ਹੋਣ ਦੇਣਗੇ।
Farmers Protest
ਕੁਲਵੰਤ ਸਿੰਘ ਸਰਪੰਚ ਨੇ ਕਿਹਾ ਕਿ ਮੋਦੀ ਅਪਣੀਆਂ ਹਿਟਲਰਸ਼ਾਹੀ ਨੀਤੀਆਂ ਕਰ ਕੇ ਹੰਕਾਰ ਦੀ ਸਿਖਰ ’ਤੇ ਜਾ ਪੁੱਜਾ ਹੈ, ਪਹਿਲਾਂ ਨੋਟਬੰਦੀ ਕੀਤੀ ਉਦੋਂ ਕੋਈ ਨਹੀਂ ਬੋਲਿਆ, ਜੀ.ਐਸ.ਟੀ. ਲਾਗੂ ਕੀਤੀ ਉਦੋਂ ਕੋਈ ਨਹੀਂ ਬੋਲਿਆ, ਪਰ ਕਿਸਾਨ ਅਪਣੇ ਹੱਕਾਂ ਲਈ ਹਮੇਸ਼ਾ ਅੜ ਜਾਂਦਾ ਹੈ, ਸੋ ਮੋਦੀ ਨੂੰ ਹਰ ਹਾਲ ਝੁਕਣਾ ਪਵੇਗਾ। ਇਸ ਮੌਕੇ ਅਜੀਤ ਸਿੰਘ ਮਾਂਗਟ ਨੇ ਬੋਲਦਿਆਂ ਕਿਹਾ ਕਿ ਮੋਦੀ ਸਰਕਾਰ ਬੰਗਾਲ ਤੇ ਪੰਜਾਬ ਦੇ ਇਤਿਹਾਸ ਤੋਂ ਅਣਜਾਣ ਹੈ। ਖ਼ਾਸ ਕਰ ਕੇ ਕਿਸਾਨਾਂ ਦੇ ਇਤਿਹਾਸ ਤੋਂ ਮੋਦੀ ਸਰਕਾਰ ਨੂੰ ਇਤਿਹਾਸ ਪੜ੍ਹ ਕੇ ਇਹ ਜਾਣ ਲੈਣਾ ਚਾਹੀਦਾ ਹੈ ਕਿ ਕਿਸਾਨ ਕਦੇ ਵੀ ਪਿੱਛੇ ਨਹੀਂ ਹਟੇ। ਸੋ ਜਿੰਨਾ ਛੇਤੀ ਹੋ ਸਕੇ ਇਨ੍ਹਾਂ ਕਾਲੇ ਕਿਸਾਨੀ ਕਾਨੂੰਨਾਂ ਨੂੰ ਵਾਪਸ ਕਰ ਕੇ ਕਿਸਾਨਾਂ ਨੂੰ ਖ਼ੁਸ਼ੀ-ਖ਼ੁਸ਼ੀ ਘਰ ਤੋਰਨਾ ਚਾਹੀਦਾ ਹੈ।
ਅੱਜ ਦਾ ਵ੍ਹਾਈਟ ਹਾਊਸ ਸਾਹਮਣੇ ਅੰਦੋਲਨ ਲੋਕਾਂ ਵਿਚ ਖੇਤੀ ਕਨੂੰਨਾਂ ਦੇ ਵਿਰੋਧ ਵਿਚ ਅਪਣੀ ਗੱਲ ਪਹੁੰਚਾਉਣ ਵਿਚ ਸਫ਼ਲ ਰਿਹਾ। ਅੱਜ ਦੇ ਅੰਦੋਲਨ ਵਿਚ ਕੁਲਵੰਤ ਸਿੰਘ ਸਰਪੰਚ, ਧਰਮ ਸਿੰਘ ਗੁਰਇਆ, ਅਜੀਤ ਸਿੰਘ ਮਾਂਗਟ, ਕੁਲਬੀਰ ਸਿੰਘ ਗੁਰਇਆ, ਗੁਰਚਰਨ ਸਿੰਘ ਬੋਪਾਰਾਏ ,ਪਰਮਿੰਦਰ ਸਿਘ ਗਿੱਲ ਨੇ ਹਿੱਸਾ ਲਿਆ।