
ਪ੍ਰਦਰਸ਼ਨਕਾਰੀਆਂ ਨੇ ‘ਨਸਲਕੁਸ਼ੀ ਬੰਦ ਕਰੋ’ ਵਰਗੇ ਨਾਅਰੇ ਲਗਾਏ
ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਲਈ ਮੁਸੀਬਤ ਉਸ ਸਮੇਂ ਵਧ ਗਈ ਜਦੋਂ ਸੈਨੇਟ ਦੀ ਸੁਣਵਾਈ ਦੌਰਾਨ ਦੋ ਪ੍ਰਦਰਸ਼ਨਕਾਰੀਆਂ ਨੇ ਗਾਜ਼ਾ-ਇਜ਼ਰਾਈਲ ਸੰਘਰਸ਼ ਬਾਰੇ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀ ਅਮਰੀਕਾ ਦੇ ਇਜ਼ਰਾਈਲ ਨੂੰ ਸਮਰਥਨ ਦੇਣ ਕਾਰਨ ਗੁੱਸੇ ਵਿਚ ਸਨ। ਨਿਊਜ਼ ਏਜੰਸੀ ਏਐਨਆਈ ਦੇ ਅਨੁਸਾਰ, ਰੂਬੀਓ ਦੀ ਸੁਣਵਾਈ ਦੌਰਾਨ, ਦੋਵਾਂ ਪ੍ਰਦਰਸ਼ਨਕਾਰੀਆਂ ਨੇ ਇਜ਼ਰਾਈਲ ਨੂੰ ਵਾਸ਼ਿੰਗਟਨ ਦੇ ਸਮਰਥਨ ਵਿਰੁਧ ‘ਨਸਲਕੁਸ਼ੀ ਬੰਦ ਕਰੋ’ ਵਰਗੇ ਨਾਅਰੇ ਲਗਾਏ।
ਇਕ ਰਿਪੋਰਟ ਅਨੁਸਾਰ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਰੂਬੀਓ ਸੈਨੇਟ ਦੀ ਵਿਦੇਸ਼ ਸਬੰਧਾਂ ਦੀ ਵੰਡ ਕਮੇਟੀ ਦੇ ਸਾਹਮਣੇ ਪ੍ਰਸਤਾਵਿਤ 2026 ਵਿਦੇਸ਼ ਵਿਭਾਗ ਦਾ ਬਜਟ ਪੇਸ਼ ਕਰ ਰਹੇ ਸਨ। ਫਿਰ ਇਨ੍ਹਾਂ ਕਾਰਕੁਨਾਂ ਨੇ ਇਜ਼ਰਾਈਲ ਪ੍ਰਤੀ ਅਮਰੀਕੀ ਨੀਤੀ ਦੀ ਆਲੋਚਨਾ ਕਰਦੇ ਹੋਏ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿਤੀ। ਇਸ ਦੌਰਾਨ ਸੁਰੱਖਿਆ ਕਰਮਚਾਰੀਆਂ ਨੇ ਤੁਰਤ ਦੋਵਾਂ ਪ੍ਰਦਰਸ਼ਨਕਾਰੀਆਂ ਨੂੰ ਬਾਹਰ ਕੱਢ ਦਿਤਾ।
ਦੱਸਿਆ ਜਾ ਰਿਹਾ ਹੈ ਕਿ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੇ ਸਾਹਮਣੇ ਸੈਨੇਟ ਦੀ ਸੁਣਵਾਈ ਦੌਰਾਨ ਦੋ ਪ੍ਰਦਰਸ਼ਨਕਾਰੀਆਂ ਨੇ ‘ਨਸਲਕੁਸ਼ੀ ਬੰਦ ਕਰੋ’ ਵਰਗੇ ਨਾਅਰੇ ਲਗਾਏ। ਦੋਵੇਂ ਪ੍ਰਦਰਸ਼ਨਕਾਰੀ ਅਮਰੀਕਾ ਦੀ ਇਜ਼ਰਾਈਲ ਨੀਤੀ ਤੋਂ ਨਾਰਾਜ਼ ਸਨ। ਇਸ ਤੋਂ ਬਾਅਦ ਦੋਵਾਂ ਨੂੰ ਸਦਨ ਤੋਂ ਬਾਹਰ ਕੱਢ ਦਿਤਾ ਗਿਆ।
ਦੱਸਣਯੋਗ ਹੈ ਕਿ ਰੂਬੀਓ ਦੇ ਆਉਣ ਤੋਂ ਪਹਿਲਾਂ ਹੀ ਸੈਨੇਟ ਕਮੇਟੀ ਦੀ ਇਮਾਰਤ ਦੇ ਬਾਹਰ ਕਈ ਪ੍ਰਦਰਸ਼ਨ ਇਕੱਠੇ ਹੋਏ ਜਿਸ ਵਿਚ ਸ਼ਾਂਤੀ ਅਤੇ ਮਨੁੱਖੀ ਅਧਿਕਾਰ ਸਮੂਹ ਕੋਡਪਿੰਕ ਦੇ ਕਾਰਕੁਨਾਂ ਨੇ ਨਸਲਕੁਸ਼ੀ ਬੰਦ ਕਰੋ, ਇਜ਼ਰਾਈਲ ’ਤੇ ਪਾਬੰਦੀਆਂ ਲਗਾਉ ਅਤੇ ਬੱਚਿਆਂ ਨੂੰ ਖਾਣਾ ਖੁਆਉਣਾ ਸ਼ੁਰੂ ਕਰੋ ਵਰਗੇ ਨਾਅਰੇ ਲਗਾਏ। ਸੈਨੇਟ ਕਮੇਟੀ ਦੇ ਚੇਅਰਮੈਨ ਜਿਮ ਰਿਸ਼ ਨੇ ਸੈਨੇਟ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਰੋਧ ਪ੍ਰਦਰਸ਼ਨਾਂ ਅਤੇ ਪ੍ਰਦਰਸ਼ਨਾਂ ਸੰਬੰਧੀ ਸਖ਼ਤ ਚੇਤਾਵਨੀ ਜਾਰੀ ਕੀਤੀ ਸੀ।