
ਛੇ ਦੋਸਤਾਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਨਾਕਾਮ ਰਹੇ
ਰਿਗਾ: ਕੇਰਲ ਦਾ ਇਕ ਨੌਜਵਾਨ ਐਲਬਿਨ ਸ਼ਿੰਟੋ ਲਾਤਵੀਆ ਦੇਸ਼ ਦੀ ਰਾਜਧਾਨੀ ਰਿਗਾ ’ਚ ਡੁੱਬ ਗਿਆ ਹੈ। ਸਵੀਡਨ ਤੇ ਲਾਤਵੀਆ ਸਥਿਤ ਭਾਰਤੀ ਸਫ਼ਾਰਤਖਾਨਿਆਂ ਨੇ ਸ਼ਿੰਟੋ ਦੇ ਪ੍ਰਵਾਰ ਨਾਲ ਸੰਪਰਕ ਕੀਤਾ ਹੈ ਤੇ ਉਨ੍ਹਾਂ ਨੂੰ ਤਾਜ਼ਾ ਜਾਣਕਾਰੀ ਦਿਤੀ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸਾ ਵਾਪਰਨ ਵੇਲੇ ਐਲਬਿਨ ਸ਼ਿੰਟੋ ਆਪਣੇ ਦੋਸਤ ਅਰਹਿਕ ਹੈਰੀਜ਼ ਨਾਲ ਇਕ ਨਹਿਰ ’ਚ ਨਹਾਉਣ ਅਤੇ ਤੈਰਨ ਲਈ ਗਿਆ ਸੀ। ਤਦ ਉਨ੍ਹਾਂ ਨਾਲ ਪੰਜ ਦੋਸਤ ਹੋਰ ਸਨ।
ਦੋਸਤਾਂ ਨੇ ਸ਼ਿੰਟੋ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਨਾਕਾਮ ਰਹੇ ਅਤੇ ਉਹ ਡੂੰਘੇ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹਦਾ ਚਲਾ ਗਿਆ। ਇਸ ਚੱਕਰ ’ਚ ਚਾਰ ਜਣੇ ਹੋਰ ਵੀ ਡੁੱਬ ਚਲੇ ਸਨ ਪਰ ਕੋਲੋਂ ਲੰਘਦੇ ਇਕ ਮਛੇਰੇ ਨੇ ਉਨ੍ਹਾਂ ਦੀ ਮਦਦ ਕਰ ਕੇ ਉਨ੍ਹਾਂ ਨੂੰ ਬਚਾਇਆ।
ਹੈਰੀਜ਼ ਨੇ ਦਸਿਆ ਕਿ ਉਹ ਸ਼ਿੰਟੋ ਨੂੰ ਦੋ-ਤਿੰਨ ਘੰਟੇ ਡੂੰਘੇ ਪਾਣੀਆਂ ’ਚ ਲਭਦੇ ਰਹੇ। ਇਹ ਖ਼ਬਰ ਲਿਖੇ ਜਾਣ ਤਕ ਸ਼ਿੰਟੋ ਦਾ ਕੁਝ ਪਤਾ ਨਹੀਂ ਲਗ ਸਕਿਆ ਸੀ। ਸੋਮਵਾਰ ਨੂੰ ਉਸ ਦੀ ਭਾਲ਼ ਦੋਬਾਰਾ ਸ਼ੁਰੂ ਕੀਤੀ ਜਾਵੇਗੀ।