
ਓਲੀ ਵਲੋਂ ਪੇਸ਼ ਕੀਤੇ ਗਏ ਭਰੋਸੇ ਦੇ ਮਤੇ ਦੇ ਹੱਕ ’ਚ 188 ਵੋਟਾਂ ਪਈਆਂ ਅਤੇ ਵਿਰੋਧ ’ਚ 74 ਵੋਟਾਂ ਪਈਆਂ
ਕਾਠਮੰਡੂ: ਨੇਪਾਲ ਦੇ ਨਵੇਂ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਨੇ ਐਤਵਾਰ ਨੂੰ ਸੰਸਦ ’ਚ ਭਰੋਸੇ ਦਾ ਵੋਟ ਜਿੱਤ ਲਿਆ। ਲਗਭਗ ਇਕ ਹਫਤਾ ਪਹਿਲਾਂ ਉਨ੍ਹਾਂ ਨੇ ਦੇਸ਼ ਵਿਚ ਇਕ ਹੋਰ ਗਠਜੋੜ ਸਰਕਾਰ ਦੀ ਅਗਵਾਈ ਕਰਨ ਲਈ ਸਹੁੰ ਚੁਕੀ ਸੀ।
ਓਲੀ ਵਲੋਂ ਪੇਸ਼ ਕੀਤੇ ਗਏ ਭਰੋਸੇ ਦੇ ਮਤੇ ਦੇ ਹੱਕ ’ਚ 188 ਵੋਟਾਂ ਪਈਆਂ ਅਤੇ ਵਿਰੋਧ ’ਚ 74 ਵੋਟਾਂ ਪਈਆਂ। ਪ੍ਰਤੀਨਿਧੀ ਸਭਾ ’ਚ ਮੌਜੂਦ 263 ਮੈਂਬਰਾਂ ’ਚੋਂ ਇਕ ਗੈਰ ਹਾਜ਼ਰ ਰਿਹਾ।
ਸਰਕਾਰ ਬਣਾਉਣ ਲਈ 275 ਮੈਂਬਰੀ ਪ੍ਰਤੀਨਿਧੀ ਸਭਾ ’ਚ ਘੱਟੋ-ਘੱਟ 138 ਮੈਂਬਰਾਂ ਦੇ ਸਮਰਥਨ ਦੀ ਲੋੜ ਹੁੰਦੀ ਹੈ। ਪ੍ਰਤੀਨਿਧੀ ਸਭਾ ਦੇ ਸਪੀਕਰ ਦੇਵ ਰਾਜ ਘਿਮੀਰੇ ਨੇ ਵੋਟਾਂ ਦੀ ਗਿਣਤੀ ਤੋਂ ਬਾਅਦ ਐਲਾਨ ਕੀਤਾ ਕਿ ਪ੍ਰਧਾਨ ਮੰਤਰੀ ਓਲੀ (72) ਨੇ ਹੇਠਲੇ ਸਦਨ ’ਚ ਭਰੋਸੇ ਦਾ ਵੋਟ ਹਾਸਲ ਕਰ ਲਿਆ ਹੈ।
ਸੰਸਦ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਪ੍ਰਧਾਨ ਮੰਤਰੀ ਓਲੀ ਨੇ ਸਦਨ ’ਚ ਵਿਸ਼ਵਾਸ ਪ੍ਰਸਤਾਵ ਪੇਸ਼ ਕੀਤਾ। ਸਪੀਕਰ ਘਿਮੀਰੇ ਨੇ ਸਦਨ ਦੇ ਮੈਂਬਰਾਂ ਅਤੇ ਸੱਤਾਧਾਰੀ ਅਤੇ ਵਿਰੋਧੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਪ੍ਰਸਤਾਵ ’ਤੇ ਚਰਚਾ ਕਰਨ ਲਈ ਲਗਭਗ ਦੋ ਘੰਟੇ ਬਿਤਾਉਣ ਦੀ ਆਗਿਆ ਦਿਤੀ । ਇਸ ਤੋਂ ਬਾਅਦ ਉਨ੍ਹਾਂ ਨੇ ਸਦਨ ਦੇ ਮੈਂਬਰਾਂ ਵਲੋਂ ਉਠਾਏ ਗਏ ਮੁੱਦਿਆਂ ਦਾ ਜਵਾਬ ਦੇਣ ਲਈ ਪ੍ਰਧਾਨ ਮੰਤਰੀ ਨੂੰ ਸਮਾਂ ਦਿਤਾ।
ਪ੍ਰਧਾਨ ਮੰਤਰੀ ਦੇ ਸੰਬੋਧਨ ਤੋਂ ਬਾਅਦ ਵੋਟਿੰਗ ਪ੍ਰਕਿਰਿਆ ਸ਼ੁਰੂ ਹੋਈ। ਓਲੀ ਨੇ ਪ੍ਰਤੀਨਿਧੀ ਸਭਾ ਦੇ ਮੈਂਬਰਾਂ ਵਲੋਂ ਉਠਾਏ ਗਏ ਮੁੱਦਿਆਂ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਮੈਂ ਭ੍ਰਿਸ਼ਟਾਚਾਰ ’ਚ ਸ਼ਾਮਲ ਨਹੀਂ ਸੀ ਅਤੇ ਨਾ ਹੀ ਕਦੇ ਸ਼ਾਮਲ ਹੋਵਾਂਗਾ ਅਤੇ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਮੈਂ ਇਸ ਨੂੰ ਬਰਦਾਸ਼ਤ ਨਹੀਂ ਕਰਾਂਗਾ। ’’
ਉਨ੍ਹਾਂ ਕਿਹਾ ਕਿ ਨੇਪਾਲੀ ਕਾਂਗਰਸ ਅਤੇ ਕਮਿਊਨਿਸਟ ਪਾਰਟੀ ਆਫ ਨੇਪਾਲ-ਯੂਨੀਫਾਈਡ ਮਾਰਕਸਵਾਦੀ-ਲੈਨਿਨਿਸਟ (ਸੀਪੀਐਨ-ਯੂਐਮਐਲ) ਸਿਆਸੀ ਸਥਿਰਤਾ ਬਣਾਈ ਰੱਖਣ, ਭ੍ਰਿਸ਼ਟਾਚਾਰ ਨੂੰ ਰੋਕਣ ਅਤੇ ਚੰਗੇ ਸ਼ਾਸਨ ਲਿਆਉਣ ਲਈ ਇਕੱਠੇ ਹੋਏ ਹਨ। ’’
ਓਲੀ ਨੇ ਕਿਹਾ ਕਿ ਇਹ ਗਠਜੋੜ ਸਰਕਾਰ ਸਥਿਰਤਾ, ਵਿਕਾਸ ਅਤੇ ਚੰਗੇ ਸ਼ਾਸਨ ਲਈ ਭਰੋਸੇਯੋਗ ਵਾਤਾਵਰਣ ਪ੍ਰਣਾਲੀ ਤਿਆਰ ਕਰੇਗੀ। ’’ ਸੱਤਾਧਾਰੀ ਗਠਜੋੜ ਨੇਪਾਲੀ ਕਾਂਗਰਸ, ਸੀਪੀਐਨ-ਯੂਐਮਐਲ, ਲੋਕਤੰਤਰਿਕ ਸਮਾਜਵਾਦੀ ਪਾਰਟੀ ਅਤੇ ਜਨਤਾ ਸਮਾਜਵਾਦੀ ਪਾਰਟੀ ਨੇਪਾਲ ਦੇ ਮੈਂਬਰਾਂ ਨੇ ਓਲੀ ਦੇ ਵਿਸ਼ਵਾਸ ਪ੍ਰਸਤਾਵ ਦੇ ਹੱਕ ’ਚ ਵੋਟ ਪਾਈ।
ਵਿਰੋਧੀ ਪਾਰਟੀਆਂ ਸੀਪੀਐਨ-ਮਾਉਵਾਦੀ ਸੈਂਟਰ, ਸੀਪੀਐਨ-ਯੂਨੀਫਾਈਡ ਸੋਸ਼ਲਿਸਟ, ਕੌਮੀ ਸੁਤੰਤਰ ਪਾਰਟੀ ਅਤੇ ਕੌਮੀ ਪ੍ਰਜਾਤੰਤਰ ਪਾਰਟੀ ਸਮੇਤ ਹੋਰ ਪਾਰਟੀਆਂ ਨੇ ਵਿਸ਼ਵਾਸ ਮਤ ਦੌਰਾਨ ਓਲੀ ਦੇ ਵਿਰੁਧ ਵੋਟ ਪਾਈ। ਸੀਨੀਅਰ ਕਮਿਊਨਿਸਟ ਨੇਤਾ ਨੇ ਸੋਮਵਾਰ ਨੂੰ ਚੌਥੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁਕੀ। ਓਲੀ ਨੇ ਕੈਬਨਿਟ ਦੇ 21 ਹੋਰ ਮੈਂਬਰਾਂ ਨਾਲ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕੀ।
ਨੇਪਾਲ ਦੇ ਸੰਵਿਧਾਨ ਮੁਤਾਬਕ ਓਲੀ ਨੂੰ ਅਪਣੀ ਨਿਯੁਕਤੀ ਦੇ 30 ਦਿਨਾਂ ਦੇ ਅੰਦਰ ਸੰਸਦ ’ਚ ਭਰੋਸੇ ਦਾ ਵੋਟ ਲੈਣਾ ਜ਼ਰੂਰੀ ਸੀ। ਨੇਪਾਲ ਦੀ ਸੱਭ ਤੋਂ ਵੱਡੀ ਕਮਿਊਨਿਸਟ ਪਾਰਟੀ ਸੀਪੀਐਨ-ਯੂਐਮਐਲ ਦੇ ਚੇਅਰਮੈਨ ਨੂੰ ਰਾਸ਼ਟਰਪਤੀ ਰਾਮ ਚੰਦਰ ਪੌਡੇਲ ਨੇ ਪਿਛਲੇ ਐਤਵਾਰ ਨੂੰ ਗਠਜੋੜ ਸਰਕਾਰ ਦੀ ਅਗਵਾਈ ਕਰਨ ਲਈ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਸੀ। ਸੰਸਦ ਦੀ ਸੱਭ ਤੋਂ ਵੱਡੀ ਪਾਰਟੀ ਨੇਪਾਲੀ ਕਾਂਗਰਸ ਅਤੇ ਹੋਰ ਛੋਟੀਆਂ ਪਾਰਟੀਆਂ ਵੀ ਗਠਜੋੜ ਸਰਕਾਰ ਦਾ ਹਿੱਸਾ ਹਨ।
ਓਲੀ ਪੁਸ਼ਪ ਕਮਲ ਦਹਲ ‘ਪ੍ਰਚੰਡ‘ ਦੀ ਥਾਂ ਲੈਣਗੇ, ਜੋ ਪਿਛਲੇ ਹਫਤੇ ਭਰੋਸੇ ਦਾ ਵੋਟ ਨਹੀਂ ਜਿੱਤ ਸਕੇ ਸਨ, ਜਿਸ ਦੇ ਨਤੀਜੇ ਵਜੋਂ ਨਵੀਂ ਸਰਕਾਰ ਦਾ ਗਠਨ ਹੋਇਆ ਸੀ। ਨੇਪਾਲ ਨੂੰ ਲਗਾਤਾਰ ਸਿਆਸੀ ਉਥਲ-ਪੁਥਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ 16 ਸਾਲਾਂ ’ਚ ਦੇਸ਼ ’ਚ 14 ਸਰਕਾਰਾਂ ਆਈਆਂ ਹਨ।