
ਯਿਆਨ ਕਾਉਂਟੀ ਵਿਚ ਹੋਏ ਟ੍ਰੇਨ ਹਾਦਸੇ ਚਿ 18 ਲੋਕਾਂ ਦੀ ਮੌਤ ਹੋ ਗਈ ਅਤੇ 160 ਲੋਕ ਜ਼ਖ਼ਮੀ ਹੋ ਗਏ।
ਯਿਆਨ, (ਭਾਸ਼ਾ) : ਤਾਈਵਾਨ ਦੇ ਮਸ਼ਹੂਰ ਤੱਟੀ ਰੇਲਮਾਰਗ ਤੇ ਐਕਸਪ੍ਰੈਸ ਟ੍ਰੇਨ ਪਟੜੀ ਤੋਂ ਉਤਰ ਕੇ ਪਲਟ ਗਈ ਜਿਸ ਨਾਲ ਘੱਟ ਤੋਂ ਘੱਟ 17 ਲੋਕਾਂ ਦੀ ਮੌਤ ਹੋ ਗਈ। ਤਾਈਵਾਨ ਰੇਲ ਪ੍ਰਸ਼ਾਸਨ ਨੇ ਪੁਸ਼ਟੀ ਕੀਤੀ ਕਿ ਯਿਆਨ ਕਾਉਂਟੀ ਵਿਚ ਹੋਏ ਟ੍ਰੇਨ ਹਾਦਸੇ ਵਿਚ 18 ਲੋਕਾਂ ਦੀ ਮੌਤ ਹੋ ਗਈ ਅਤੇ 160 ਲੋਕ ਜ਼ਖ਼ਮੀ ਹੋ ਗਏ। ਪ੍ਰਸ਼ਾਸਨ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਅਜੇ ਵੀ ਕੋਈ ਸ਼ਖਸ ਟ੍ਰੇਨ ਦੇ ਅੰਦਰ ਫਸਿਆ ਹੋਇਆ ਤਾਂ ਨਹੀਂ ਹੈ। ਹਾਦਸੇ ਕਾਰਨ ਟ੍ਰੇਨ ਦੀਆਂ ਕਈ ਬੋਗੀਆਂ ਟੁੱਟ ਕੇ ਦੱਬ ਗਈਆਂ ਹਨ।
President Tsai Ing-wen
ਉਨ੍ਹਾਂ ਵਿਚੋਂ ਹੋਰ ਵੀ ਲਾਸ਼ਾਂ ਕੱਢੀਆਂ ਜਾ ਰਹੀਆਂ ਹਨ। ਪਿਊਮਾ ਐਕਸਪ੍ਰੈਸ ਟ੍ਰੇਨ ਪਟੜੀਆਂ ਤੇ ਵਿੰਗੀ ਟੇਢੀ ਪਈ ਹੋਈ ਨਜ਼ਰ ਆ ਰਹੀ ਹੈ। ਰੇਲ ਪ੍ਰਸ਼ਾਸਨ ਨੇ ਦੱਸਿਆ ਕਿ ਸ਼ਿਨਮਾ ਸਟੇਸ਼ਨ ਤੇ ਰੇਲਗੱਡੀ ਦੀਆਂ 8 ਬੋਗੀਆਂ ਪਟੜੀ ਤੋਂ ਉਤਰ ਗਈਆਂ ਅਤੇ ਪਲਟ ਗਈਆਂ। ਇਕ ਯਾਤਰੀ ਨੇ ਦੱਸਿਆ ਕਿ ਸਫਰ ਦੌਰਾਨ ਰੇਲਗੱਡੀ ਅਜੀਬ ਤਰੀਕੇ ਨਾਲ ਹਿਲ ਰਹੀ ਸੀ।
ਰੇਲ ਪ੍ਰਸ਼ਾਸਨ ਮੁਤਾਬਕ ਰੇਲਗੱਡੀ ਤਾਈਤੁੰਗ ਜਾ ਰਹੀ ਸੀ ਅਤੇ ਇਸ ਵਿਚ 366 ਲੋਕ ਸਵਾਰ ਸਨ। ਹਾਦਸਾ ਸਥਾਨਕ ਸਮੇਂ ਮੁਤਾਬਕ ਅੱਜ ਸ਼ਾਮ 4.50 ਮਿੰਟ ਤੇ ਹੋਇਆ। ਤਾਈਵਾਨ ਦੀ ਰਾਸ਼ਟਰਪਤੀ ਤਸਾਈ ਇੰਗ-ਵੇਨ ਨੇ ਟਵੀਟ ਰਾਹੀ ਅਪਣੇ ਸੁਨੇਹੇ ਵਿਚ ਇਸ ਨੂੰ ਵੱਡਾ ਹਾਦਸਾ ਕਰਾਰ ਦਿਤਾ। ਰੱਖਿਆ ਮੰਤਰਾਲਾ ਨੇ ਬਚਾਅ ਕੰਮਾਂ ਵਿਚ ਮਦਦ ਲਈ 120 ਫ਼ੌਜੀ ਭੇਜੇ ਹਨ।