
ਪ੍ਰਸਿੱਧ ਗਾਇਕ ਬੀਰ ਸਿੰਘ ਨੇ ਵੀ ਦੋ ਸੁੰਦਰ ਰਚਨਾਵਾਂ ਪੇਸ਼ ਕੀਤੀਆਂ
ਲਾਹੌਰ (ਹਰਜਿੰਦਰ ਸਿੰਘ ਬਸਿਆਲਾ): ‘ਦੂਸਰੀ ਅੰਤਰਰਾਸ਼ਟਰੀ ਪੰਜਾਬੀ ਕਾਨਫ਼ਰੰਸ’ ਲਾਹੌਰ ਦਾ ਕੱਲ੍ਹ ਦੂਜਾ ਦਿਨ ਸੀ। ਉਪਰ ਲਿਖੇ ਮੁੱਖ ਉਦੇਸ਼ ਕਿ ‘ਆਉ ਪੰਜਾਬ ਤੇ ਪੰਜਾਬੀ ਦੀ ਗੱਲ ਕਰੀਏ’ ਵਲ ਨੂੰ ਵਧਦਿਆਂ ਬਹੁਤ ਹੀ ਡੂੰਘੀਆਂ ਵਿਚਾਰਾਂ ਹੋਈਆਂ। ਕਾਨਫ਼ਰੰਸ ਦਾ ਆਗ਼ਾਜ਼ ਇਨਾਮ ਜੇਤੂ ਗਵੱਈਏ ਬੱਚਿਆਂ ਨੇ ਉਸਤਾਦੀ ਸੁਰਾਂ ਦੇ ਸੰਗ ਕੀਤਾ। ਗਵਰਨਰ ਸਾਹਿਬ ਪਹੁੰਚੇ, ਰਸਮੀ ਸ਼ੁਰੂਆਤ ਹੋਈ।
ਸ੍ਰੀ ਐਸ. ਅਸ਼ੌਕ ਭੌਰਾ, ਨਾਸਿਰ ਢਿੱਲੋਂ, ਫ਼ਰਹਾਦ ਇਕਬਾਲ ਨੇ ਸਵਾਗਤੀ ਸ਼ਬਦਾਂ ਦੇ ਨਾਲ ਗੱਲ ਅੱਗੇ ਤੋਰੀ। ਡਾ. ਸੁਰਿੰਦਰ ਸਿੰਘ ਗਿੱਲ ਹੋਰਾਂ ਦੀ ਕਿਤਾਬ ਜਾਰੀ ਕੀਤੀ ਗਈ। ਉਨ੍ਹਾਂ ਇਥੇ ਪੰਜਾਬੀ ਸਕੂਲ ਖੋਲ੍ਹਣ ਦਾ ਐਲਾਨ ਕਰ ਕੇ ਪੰਜਾਬੀ ਮਾਂ ਬੋਲੀ ਨੂੰ ਵੱਡਾ ਹੁਲਾਰਾ ਦਿਤਾ ਅਤੇ ਭਾਈ ਮਰਦਾਨਾ ਸੰਗੀਤ ਵਿਦਿਆਲਾ ਖੋਲ੍ਹਣ ਦੀ ਵੀ ਗੱਲ ਕੀਤੀ। ਪਹਿਲੀ ਵਿਚਾਰ ਚਰਚਾ ਵਿਚ ਬਾਬਾ ਫ਼ਰੀਦ, ਬਾਬਾ ਨਾਨਕ, ਬੁੱਲ੍ਹੇ ਸ਼ਾਹ ਅਤੇ ਅਜੋਕੇ ਸਮਾਜ ਦੇ ਵਿਸ਼ੇ ਨੂੰ ਛੋਹਿਆ ਗਿਆ। ਪੈਨਲ ਵਿਚ ਮੌਜੂਦ ਖਾਲਿਦ, ਮੰਜੂਰ ਸ਼ਾਹ, ਪ੍ਰੋ. ਕਲਿਆਣ ਸਿੰਘ ਕਲਿਆਣ ਅਤੇ ਸੁਗਰਾ ਸੈਦਫ਼ ਸ਼ਾਮਲ ਹੋਏ।
ਦੂਜੀ ਵਿਚਾਰ ਚਰਚਾ ਵਿਚ ਪੰਜਾਬੀ ਸਿਨਮੇ ਦੇ ਬਦਲਦੇ ਰੂਪ ’ਤੇ ਵਿਚਾਰ ਹੋਈ। ਪੈਨਲ ਵਿਚ ਸੋਹੇਲ ਅਹਿਮਦ, ਮੈਡਮ ਗੁਰਪ੍ਰੀਤ ਕੌਰ ਭੰਗੂ ਅਤੇ ਸ. ਮਲਕੀਤ ਸਿੰਘ ਰੌਣੀ ਬੈਠੇ। ਸ. ਰੌਣੀ ਨੇ ਫ਼ਿਲਮਾਂ ਨੂੰ ਦੂਰਦਰਸ਼ੀ ਨਜ਼ਰੀਏ ਤੋਂ ਵੇਖਣ ਅਤੇ ਬਣਾਉਣ ਦੀ ਗੱਲ ਕੀਤੀ ਅਤੇ ਕਿਹਾ ਕਿ ਬਹੁਤੀਆਂ ਫ਼ਿਲਮਾਂ ਅਖ਼ੀਰ ਵਿਚ ਕਹਾਣੀ ਸਮੇਟਣ ਤਕ ਰਹਿ ਜਾਂਦੀਆਂ ਹਨ, ਪਰ ਉਸ ਤੋਂ ਬਾਅਦ ਦੀ ਕਹਾਣੀ ਕਿੰਝ ਹੁੰਦੀ ਹੈ, ਉਥੇ ਤਕ ਪਹੁੰਚ ਨਹੀਂ ਹੁੰਦੀ।
ਪਰ ਉਨ੍ਹਾਂ ਖ਼ੁਸ਼ੀ ਪ੍ਰਗਟ ਕੀਤੀ ਕਿ ਅਜੋਕੀਆਂ ਪੰਜਾਬੀ ਫ਼ਿਲਮਾਂ ਹੁਣ ਮਨੋਰਥ ਭਰਪੂਰ ਬਣਨ ਲੱਗੀਆਂ ਹਨ। ਮੈਡਮ ਗੁਰਪ੍ਰੀਤ ਕੌਰ ਭੰਗੂ ਹੋਰਾਂ ਵੀ ਇਸ ਗੱਲ ’ਤੇ ਜ਼ੋਰ ਦਿਤਾ ਕਿ ਪੰਜਾਬੀ ਸਿਨੇਮਾ ਬੱਚਿਆਂ ਨੂੰ ਪੰਜਾਬੀ ਭਾਸ਼ਾ ਨਾਲ ਜੋੜਨ ਦਾ ਜ਼ਰੀਆ ਬਣ ਰਿਹਾ ਹੈ। ਉਨ੍ਹਾਂ ਵੀ ਚੰਗੀਆਂ ਫ਼ਿਲਮਾਂ ਬਣਨ ਦੀ ਪ੍ਰੋੜਤਾ ਉਤੇ ਜ਼ੋਰ ਦਿਤਾ।
ਇਸ ਤੋਂ ਬਾਅਦ ਪੰਜਾਬ ਦੇ ਮੁੱਖ ਮੁੱਦੇ, ਸੁਰ-ਸੰਗੀਤ ਤੇ ਪੰਜਾਬੀ ਦੇ ਮਹਾਨ ਗਾਇਕਾਂ ਦੀ ਗੱਲ ਹੋਈ। ਅੱਜ ਚੜ੍ਹਦੇ ਪੰਜਾਬ ਤੋਂ ਪੁੱਜੇ ਫ਼ਿਲਮ ਐਕਟਰ ਕਰਮਜੀਤ ਅਨਮੋਲ ਹੋਰਾਂ ਨੇ ਵੀ ਸੰਬੋਧਨ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇ ਇਥੇ ਪੁੱਜਣ ’ਤੇ ਬੇਅੰਤ ਖ਼ੁਸ਼ੀ ਹੋਈ ਹੈ। ਉਨ੍ਹਾਂ ਅਪਣਾ ਮਸ਼ਹੂਰ ਗੀਤ ‘ਮੈਂ ਚਾਦਰ ਕਢਦੀ ਨੀ’ ਗਾ ਕੇ ਖ਼ੂਬ ਰੰਗ ਬੰਨਿ੍ਹਆ। ਪ੍ਰਸਿੱਧ ਗਾਇਕ ਬੀਰ ਸਿੰਘ ਨੇ ਵੀ ਬਹੁਤ ਹੀ ਦੋ ਸੁੰਦਰ ਰਚਨਾਵਾਂ ਪੇਸ਼ ਕੀਤੀਆਂ ਅਤੇ ਤਾੜੀਆਂ ਦਾ ਮੀਂਹ ਪੈ ਗਿਆ।
ਇੰਗਲੈਂਡ ਤੋਂ ਪੁੱਜੇ ਪ੍ਰਸਿੱਧ ਗੀਤਕਾਰ ਅਤੇ ਪੇਸ਼ੇ ਵਜੋਂ ਡਾਕਟਰ ਬੱਲ ਸਿੱਧੂ ਹੋਰਾਂ ਨੇ ਅਪਣੇ ਲਿਖੇ ਇਕ-ਦੋ ਗੀਤ ਗਾ ਕੇ ਮਾਹੌਲ ਖ਼ੁਸ਼ਗਵਾਰ ਕਰ ਦਿਤਾ। ਸਥਾਨਕ ਕਲਾਕਾਰਾਂ ਨੇ ਸਟੇਜ ਉਤੇ ਕਈ ਤਰ੍ਹਾਂ ਦੇ ਰੰਗ ਬੰਨ੍ਹੇ ਅਤੇ ਦਰਸ਼ਕਾਂ ਅਤੇ ਪੰਜਾਬੀ ਪ੍ਰੇਮੀਆਂ ਨੂੰ ਰਿਝਾਈ ਰਖਿਆ। ਕਲ ਆਖ਼ਰੀ ਦਿਨ ਦੀ ਕਾਨਫ਼ਰੰਸ ਹੈ ਅਤੇ ਨਾਮ ਕਲਾਕਾਰ ਅਤੇ ਹੋਰ ਵਿਦਵਾਨ ਕਲ ਵੀ ਪਹੁੰਚ ਰਹੇ ਹਨ।