
ਕਿਹਾ, ਭਾਰਤ ਕਦੇ ਵੀ ਸੁਆਰਥੀ, ਵਿਸਥਾਰਵਾਦੀ ਰਵੱਈਏ ਨਾਲ ਅੱਗੇ ਨਹੀਂ ਵਧਿਆ ਅਤੇ ਸਰੋਤਾਂ ’ਤੇ ਕਬਜ਼ਾ ਕਰਨ ਦੀ ਭਾਵਨਾ ਤੋਂ ਹਮੇਸ਼ਾ ਦੂਰ ਰਿਹਾ
ਜਾਰਜਟਾਊਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਕਲਿਆਣ ਲਈ ‘ਲੋਕਤੰਤਰ ਪਹਿਲਾਂ, ਮਨੁੱਖਤਾ ਪਹਿਲਾਂ’ ਦਾ ਮੰਤਰ ਦਿੰਦੇ ਹੋਏ ਵੀਰਵਾਰ ਨੂੰ ਕਿਹਾ ਕਿ ਪੁਲਾੜ ਅਤੇ ਸਮੁੰਦਰ ‘ਵਿਸ਼ਵ ਵਿਆਪੀ ਟਕਰਾਅ’ ਦਾ ਵਿਸ਼ਾ ਨਹੀਂ ਹੋਣਾ ਚਾਹੀਦਾ, ਬਲਕਿ ‘ਵਿਸ਼ਵ ਵਿਆਪੀ ਸਹਿਯੋਗ’ ਦਾ ਵਿਸ਼ਾ ਹੋਣਾ ਚਾਹੀਦਾ ਹੈ।
ਗੁਆਨਾ ਸੰਸਦ ਦੇ ਵਿਸ਼ੇਸ਼ ਇਜਲਾਸ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਇਹ ਵੀ ਕਿਹਾ ਕਿ ਭਾਰਤ ਕਦੇ ਵੀ ਸੁਆਰਥੀ, ਵਿਸਥਾਰਵਾਦੀ ਰਵੱਈਏ ਨਾਲ ਅੱਗੇ ਨਹੀਂ ਵਧਿਆ ਅਤੇ ਸਰੋਤਾਂ ’ਤੇ ਕਬਜ਼ਾ ਕਰਨ ਦੀ ਭਾਵਨਾ ਤੋਂ ਹਮੇਸ਼ਾ ਦੂਰ ਰਿਹਾ ਹੈ। ਤਿੰਨ ਦੇਸ਼ਾਂ ਦੀ ਯਾਤਰਾ ਦੇ ਆਖਰੀ ਪੜਾਅ ’ਚ ਗੁਆਨਾ ਪਹੁੰਚੇ ਮੋਦੀ 50 ਸਾਲਾਂ ’ਚ ਦੇਸ਼ ਦਾ ਦੌਰਾ ਕਰਨ ਵਾਲੇ ਪਹਿਲੇ ਭਾਰਤੀ ਸਰਕਾਰ ਮੁਖੀ ਹਨ।
ਉਨ੍ਹਾਂ ਕਿਹਾ, ‘‘ਦੁਨੀਆਂ ਦੀ ਤਰੱਕੀ ਦਾ ਸੱਭ ਤੋਂ ਵੱਡਾ ਮੰਤਰ ਲੋਕਤੰਤਰ ਪਹਿਲਾਂ, ਮਨੁੱਖਤਾ ਪਹਿਲਾਂ ਹੈ। ਲੋਕਤੰਤਰ ਦੀ ਭਾਵਨਾ ਸੱਭ ਤੋਂ ਪਹਿਲਾਂ ਸਾਨੂੰ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਅਤੇ ਸਾਰਿਆਂ ਦੇ ਵਿਕਾਸ ’ਚ ਹਿੱਸਾ ਲੈਣਾ ਸਿਖਾਉਂਦੀ ਹੈ। ‘ਹਿਊਮੈਨਿਟੀ ਫਸਟ’ ਸਾਡੇ ਫੈਸਲੇ ਲੈਣ ਦਾ ਮਾਰਗ ਦਰਸ਼ਨ ਕਰਦੀ ਹੈ। ਜਦੋਂ ਸਾਡੇ ’ਚ ‘ਮਨੁੱਖਤਾ ਪਹਿਲਾਂ’ ਦੀ ਭਾਵਨਾ ਹੁੰਦੀ ਹੈ, ਫਿਰ ਸਾਡੇ ਫੈਸਲੇ ਲੈਣ ਦਾ ਅਧਾਰ ਹੁੰਦਾ ਹੈ, ਨਤੀਜੇ ਵੀ ਉਹ ਹੁੰਦੇ ਹਨ ਜੋ ਮਨੁੱਖਤਾ ਨੂੰ ਲਾਭ ਪਹੁੰਚਾਉਂਦੇ ਹਨ।’’
ਅਪਣੇ ਸੰਬੋਧਨ ’ਚ ਮੋਦੀ ਨੇ ਇਹ ਵੀ ਕਿਹਾ ਕਿ ਇਹ ‘ਗਲੋਬਲ ਸਾਊਥ’ ਦੇ ਜਾਗਣ ਦਾ ਸਮਾਂ ਹੈ ਅਤੇ ਇਸ ਦੇ ਮੈਂਬਰਾਂ ਨੂੰ ਇਕ ਨਵੀਂ ਗਲੋਬਲ ਵਿਵਸਥਾ ਬਣਾਉਣ ਲਈ ਇਕੱਠੇ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ, ‘‘ਇਹ ਦੁਨੀਆਂ ਲਈ ਟਕਰਾਅ ਦਾ ਸਮਾਂ ਨਹੀਂ ਹੈ। ਇਹ ਉਨ੍ਹਾਂ ਸਥਿਤੀਆਂ ਦੀ ਪਛਾਣ ਕਰਨ ਅਤੇ ਖਤਮ ਕਰਨ ਦਾ ਸਮਾਂ ਹੈ ਜੋ ਟਕਰਾਅ ਦਾ ਕਾਰਨ ਬਣਦੀਆਂ ਹਨ।’’
ਮੋਦੀ ਨੇ ਕਿਹਾ, ‘‘ਮੇਰਾ ਮੰਨਣਾ ਹੈ ਕਿ ਪੁਲਾੜ ਅਤੇ ਸਮੁੰਦਰ ਵਿਸ਼ਵ ਵਿਆਪੀ ਸਹਿਯੋਗ ਦੇ ਵਿਸ਼ੇ ਹੋਣੇ ਚਾਹੀਦੇ ਹਨ, ਨਾ ਕਿ ਵਿਸ਼ਵਵਿਆਪੀ ਟਕਰਾਅ ਦੇ।’’ ਡੇਢ ਸਦੀ ਤੋਂ ਵੱਧ ਪੁਰਾਣੇ ਸਭਿਆਚਾਰਕ ਸਬੰਧਾਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ-ਗੁਆਨਾ ਦੇ ‘ਮਿੱਟੀ’ ਨਾਲ ਦੋਸਤਾਨਾ ਸਬੰਧ ਹਨ।
ਉਨ੍ਹਾਂ ਕਿਹਾ, ‘‘ਭਾਰਤ ਕਹਿੰਦਾ ਹੈ ਕਿ ਹਰ ਦੇਸ਼ ਮਹੱਤਵਪੂਰਨ ਹੈ। ਮੋਦੀ ਨੇ ਇਸ ਗੱਲ ’ਤੇ ਜ਼ੋਰ ਦਿਤਾ ਕਿ ਭਾਰਤ ਟਾਪੂ ਦੇਸ਼ਾਂ ਨੂੰ ਛੋਟੇ ਦੇਸ਼ਾਂ ਵਜੋਂ ਨਹੀਂ, ਬਲਕਿ ਵੱਡੇ ਸਮੁੰਦਰੀ ਦੇਸ਼ਾਂ ਵਜੋਂ ਵੇਖਦਾ ਹੈ। ਮੋਦੀ ਨੇ ਕਿਹਾ ਕਿ ‘ਲੋਕਤੰਤਰ ਪਹਿਲਾਂ, ਮਨੁੱਖਤਾ ਪਹਿਲਾਂ’ ਦੀ ਭਾਵਨਾ ਨਾਲ ਭਾਰਤ ‘ਵਿਸ਼ਵ ਬੰਧੂ‘ ਵਜੋਂ ਵੀ ਅਪਣਾ ਫਰਜ਼ ਨਿਭਾ ਰਿਹਾ ਹੈ ਅਤੇ ਸੰਕਟ ਦੇ ਸਮੇਂ ਸੱਭ ਤੋਂ ਪਹਿਲਾਂ ਜਵਾਬ ਦੇਣ ਵਾਲੇ ਵਜੋਂ ਕੰਮ ਕਰ ਰਿਹਾ ਹੈ।’’