
2014 'ਚ ਵਾਪਰਿਆ ਸੀ ਸੜਕ ਹਾਦਸਾ
ਲੰਡਨ - ਗਲਾਸਗੋ ਵਿੱਚ ਇੱਕ 71 ਸਾਲਾ ਵਿਅਕਤੀ ਨੂੰ ਕਾਰ ਦੀ ਟੱਕਰ ਮਾਰ ਕੇ ਜਾਨੋਂ ਮਾਰਨ ਦੇ ਦੋਸ਼ ਹੇਠ ਆਏ ਭਾਰਤੀ ਮੂਲ ਦੇ ਡਰਾਈਵਰ ਨੇ ਆਪਣੇ ਰੈਸਟੋਰੈਂਟ ਕਾਰੋਬਾਰ ਵਿੱਚ ਵਾਧੇ ਦੇ ਹਵਾਲੇ ਤਹਿਤ ਮਦਦ ਵਜੋਂ ਆਪਣਾ ਲਾਇਸੈਂਸ ਜਲਦੀ ਵਾਪਸ ਲੈਣ ਦੀ ਅਪੀਲ ਜਿੱਤ ਲਈ ਹੈ।
ਸੰਦੀਪ ਸਿੰਘ ਇਸ 36 ਸਾਲਾਂ ਦਾ ਹੈ, 20 ਫਰਵਰੀ 2014 ਨੂੰ 30 ਮੀਲ ਪ੍ਰਤੀ ਘੰਟਾ ਖੇਤਰ ਵਿੱਚ ਲਗਭਗ 50 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਕਾਰ ਚਲਾ ਰਿਹਾ ਸੀ, ਜਦੋਂ ਉਸ ਦੀ ਬੀ ਐਮ ਡਬਲਯੂ. ਕਾਰ ਨੇ ਡਾਰਨਲੇ ਖੇਤਰ ਵਿੱਚ ਨਿਟਸ਼ਿੱਲ ਰੋਡ ਵਿੱਚ ਬਿਲੀ ਡਨਲਪ ਨੂੰ ਟੱਕਰ ਦੀ ਲਪੇਟ ਵਿੱਚ ਲੈ ਲਿਆ।
ਉਸ ਨੂੰ ਖਤਰਨਾਕ ਡਰਾਈਵਿੰਗ ਕਰਕੇ ਮੌਤ ਦਾ ਦੋਸ਼ੀ ਠਹਿਰਾਇਆ ਗਿਆ, ਅਤੇ 2016 ਵਿੱਚ ਉਸ ਨੂੰ ਚਾਰ ਸਾਲ ਦੀ ਜੇਲ੍ਹ ਹੋਈ ਸੀ।
ਉਸ ਨੂੰ 10 ਸਾਲਾਂ ਲਈ ਗੱਡੀ ਚਲਾਉਣ ਤੋਂ ਵੀ ਅਯੋਗ ਕਰਾਰ ਦਿੱਤਾ ਗਿਆ ਸੀ।
ਗਲਾਸਗੋ ਹਾਈ ਕੋਰਟ ਨੇ ਸੋਮਵਾਰ ਨੂੰ ਸਿੰਘ 'ਤੇ 10 ਸਾਲ ਦੀ ਪਾਬੰਦੀ ਘਟਾ ਕੇ 7 ਸਾਲਾਂ ਦੀ ਕਰ ਦਿੱਤਾ ਅਤੇ ਉਸ ਦਾ ਡਰਾਈਵਿੰਗ ਲਾਇਸੈਂਸ ਵਾਪਸ ਕਰ ਦਿੱਤਾ, ਕਿਉਂ ਕਿ ਅਦਾਲਤ ਨੂੰ ਇਸ ਗੱਲ ਤੋਂ ਜਾਣੂ ਕਰਵਾਇਆ ਗਿਆ ਕਿ ਉਸ ਦੇ ਮਾਤਾ-ਪਿਤਾ ਦੀ ਸਿਹਤ ਖ਼ਰਾਬ ਹੋਣ ਕਾਰਨ ਉਸ ਲਈ ਆਪਣੇ ਪਰਿਵਾਰ ਦੇ ਰੈਸਟੋਰੈਂਟ ਕਾਰੋਬਾਰ ਦੀ ਦੇਖਭਾਲ ਕਰਨੀ ਬੜੀ ਜ਼ਰੂਰੀ ਹੈ।
ਸਿੰਘ ਦੇ ਵਕੀਲ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਉਸ ਨੂੰ ਆਪਣੇ ਕਾਰੋਬਾਰ ਨਾਲ ਸੰਬੰਧਿਤ ਕੰਮਾਂ ਲਈ ਯੂ.ਕੇ. ਅਤੇ ਅਮਰੀਕਾ ਜਾਣ ਲਈ ਲਾਇਸੈਂਸ ਦੀ ਲੋੜ ਹੈ।
ਅਦਾਲਤ ਨੇ ਇਹ ਵੀ ਹੁਕਮ ਦਿੱਤਾ ਕਿ ਸਿੰਘ ਨੂੰ ਲਾਇਸੈਂਸ ਲੈਣ ਤੋਂ ਪਹਿਲਾਂ ਇੱਕ ਵਿਸਥਾਰਤ ਡਰਾਈਵਿੰਗ ਟੈਸਟ ਪਾਸ ਕਰਨਾ ਹੋਵੇਗਾ।
ਜੱਜ ਲੇਡੀ ਰਾਏ ਨੇ ਸਿੰਘ ਨੂੰ ਕਿਹਾ, "ਇਸ ਨੂੰ ਹਲਕੇ ਵਿੱਚ ਨਹੀਂ ਲਿਆ ਜਾ ਸਕਦਾ। ਵਾਹਨ ਚਲਾਉਂਦੇ ਸਮੇਂ ਤੁਹਾਨੂੰ ਹੋਰ ਜ਼ਿਆਦਾ ਸਾਵਧਾਨ ਰਹਿਣ ਦੀ ਲੋੜ ਹੈ, ਕਿਉਂ ਕਿ ਜੇਕਰ ਕੋਈ ਅਜਿਹੀ ਘਟਨਾ ਦੁਬਾਰਾ ਵਾਪਰੀ ਤਾਂ ਤੁਹਾਨੂੰ ਬਹੁਤ ਗੰਭੀਰ ਸਜ਼ਾਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।"
"ਮੈਨੂੰ ਉਮੀਦ ਹੈ ਕਿ ਅਸੀਂ ਤੁਹਾਨੂੰ ਦੁਬਾਰਾ ਨਹੀਂ ਮਿਲਾਂਗੇ" ਰਾਏ ਨੇ ਅੱਗੇ ਕਿਹਾ।
ਜੱਜ ਨੇ ਸੁਣਵਾਈ ਦੌਰਾਨ ਸਿੰਘ ਅਤੇ ਉਸ ਦੇ ਪਰਿਵਾਰ ਦੇ ਹਾਲਾਤਾਂ ਬਾਰੇ ਹੋਰ ਜਾਣਕਾਰੀ ਦੇਣ ਲਈ ਵੀ ਕਿਹਾ।
ਆਪਣੇ ਬਚਾਅ ਵਿੱਚ, ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਡਨਲੌਪ 'ਪਤਾ ਨਹੀਂ ਕਿੱਥੋਂ' ਆ ਗਿਆ।
ਸਿਰ, ਬਾਹਾਂ ਅਤੇ ਲੱਤਾਂ 'ਤੇ ਗੰਭੀਰ ਸੱਟਾਂ ਲੱਗਣ ਕਾਰਨ ਡਨਲਪ ਦੀ ਮੌਤ ਹੋ ਗਈ ਸੀ।