
ਪੰਜਾਬ ਦੀ ਸਰ-ਜ਼ਮੀਨ ਤੋਂ ਹਜ਼ਾਰਾਂ ਮੀਲ ਦੂਰ ਵੀ ਖਿੜੀ ਹੋਈ ਹੈ ਸਿੱਖੀ
ਜਸਟਿਸ ਪਲਬਿੰਦਰ ਕੌਰ ਸ਼ੇਰਗਿੱਲ ਨੂੰ ਮਿਲਿਆ ਹੈ ਕੈਨੇਡਾ ਦੇ ਪਹਿਲੇ ਦਸਤਾਰਧਾਰੀ ਜੱਜ ਹੋਣ ਦਾ ਮਾਣ
ਬ੍ਰਿਟਿਸ਼ ਕੋਲੰਬੀਆ : ਪੰਜਾਬ ਦੀ ਸਰ-ਜ਼ਮੀਨ ਤੋਂ ਹਜ਼ਾਰਾਂ ਮੀਲ ਦੂਰ ਵੀ ਸਿੱਖੀ ਦਾ ਫੁੱਲ ਖਿੜਿਆ ਹੋਇਆ ਹੈ। ਦੇਸ਼ਾਂ ਵਿਦੇਸ਼ਾਂ ਵਿੱਚ ਪੰਜਾਬੀ ਸਿੱਖ ਵੱਡਾ ਨਾਮਣਾ ਖੱਟ ਰਹੇ ਹਨ।
ਜੇਕਰ ਕੈਨੇਡਾ ਦੀ ਗੱਲ ਕੀਤੀ ਜਾਵੇ ਤਾਂ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ 7 ਪੰਜਾਬਣਾਂ ਤੇ 2 ਹੋਰ ਪੰਜਾਬੀ ਜੱਜ ਸੇਵਾਵਾਂ ਨਿਭਾਅ ਰਹੇ ਹਨ। ਸਭ ਤੋਂ ਵੱਡੀ ਅਤੇ ਮਾਣ ਵਾਲੀ ਗੱਲ ਇਹ ਹੈ ਕਿ ਕੈਨੇਡਾ ਦੀ ਧਰਤੀ 'ਤੇ ਜਸਟਿਸ ਪਲਬਿੰਦਰ ਕੌਰ ਸ਼ੇਰਗਿੱਲ ਪਹਿਲੇ ਦਸਤਾਰਧਾਰੀ ਜੱਜ ਹਨ। ਜਸਟਿਸ ਪਲਬਿੰਦਰ ਕੌਰ ਸ਼ੇਰਗਿਲ, ਜਸਟਿਸ ਬਲਜਿੰਦਰ ਕੌਰ ਗਿਰਨ, ਜਸਟਿਸ ਨੀਨਾ ਸ਼ਰਮਾ ਤੇ ਜਸਟਿਸ ਜਸਵਿੰਦਰ ਸਿੰਘ ਬਸਰਾ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਜੱਜ ਹਨ।
ਜਦਕਿ ਹਰਬੰਸ ਢਿੱਲੋਂ, ਸਤਿੰਦਰ ਸਿੱਧੂ, ਨੀਨਾ ਪੁਰੇਵਾਲ ਤੇ ਸੂਜਨ ਸੰਘਾ ਤੇ ਗੁਰਮੇਲ ਸਿੰਘ ਗਿੱਲ ਢੁਡੀਕੇ ਸੂਬੇ ਦੇ ਵੱਖ-ਵੱਖ ਖੇਤਰਾਂ ਵਿਚ ਬ੍ਰਿਟਿਸ਼ ਕੋਲੰਬੀਆ ਸੂਬਾਈ ਅਦਾਲਤ ਦੇ ਜੱਜ ਹਨ। ਇਸ ਤੋਂ ਇਲਾਵਾ ਤਾਮਿਲਨਾਡੂ ਦੀ ਜੰਮਪਲ ਵਲੀਮਾਈ ਛਟਿਆਰ ਸਰੀ ਸੂਬਾਈ ਅਦਾਲਤ ਵਿਖੇ ਜੱਜ ਹਨ। ਜ਼ਿਕਰਯੋਗ ਹੈ ਕਿ ਸਾਬਕਾ ਕੈਬਨਿਟ ਮੰਤਰੀ ਜਸਟਿਸ ਵਲੀ ਉਪਲ ਪਹਿਲੇ ਪੰਜਾਬੀ ਹਨ, ਜਿਹੜੇ 1985 ਤੋਂ 2003 ਤੱਕ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਦੇ ਜੱਜ ਰਹੇ ਹਨ।