
ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਨੇ ਭਲੇ ਹੀ ਪਾਕਿਸਤਾਨ ਜਾਣ ਵਾਲੀਆਂ ਤਿੰਨ ਨਦੀਆਂ ਦਾ ਪਾਣੀ ਰੋਕਣ ਦੀ ਗੱਲ...
ਇਸਲਾਮਾਬਾਦ : ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਨੇ ਭਲੇ ਹੀ ਪਾਕਿਸਤਾਨ ਜਾਣ ਵਾਲੀਆਂ ਤਿੰਨ ਨਦੀਆਂ ਦਾ ਪਾਣੀ ਰੋਕਣ ਦੀ ਗੱਲ ਕਹੀ ਹੈ ਪਰ ਭਾਰਤ ਦੇ ਇਸ ਕਦਮ ਨਾਲ ਪਾਕਿਸਤਾਨ ਉਤੇ ਕੋਈ ਅਸਰ ਨਹੀਂ ਪਵੇਗਾ। ਇਹ ਕਹਿਣਾ ਹੈ ਪਾਕਿਸਤਾਨ ਪਾਣੀ ਸੰਸਾਧਨ ਮੰਤਰਾਲੇ ਦੇ ਸਕੱਤਰ ਖਵਾਜਾ ਸ਼ੁਮੈਲ ਦਾ। ਪਾਕਿਸਤਾਨੀ ਅਖ਼ਬਾਰ ਡਾਨ ਨੂੰ ਦਿਤੇ ਇੰਟਰਵਿਊ ਵਿਚ ਖਵਾਜਾ ਸ਼ੁਮੈਲ ਨੇ ਕਿਹਾ ਕਿ ਭਾਰਤ ਪੂਰਬੀ ਨਦੀਆਂ ਦਾ ਪਾਣੀ ਜੇਕਰ ਰੋਕੇਗਾ ਤਾਂ ਉਸ ਦਾ ਪਾਕਿਸਤਾਨ ਉਤੇ ਕੋਈ ਅਸਰ ਨਹੀਂ ਪਵੇਗਾ ਕਿਉਂਕਿ ਇਹ ਨਦੀਆਂ ਸਿੰਧੂ ਸਮਝੌਤੇ ਦੇ ਤਹਿਤ ਭਾਰਤ ਦੇ ਅਧਿਕਾਰ ਵਿਚ ਆਉਂਦੀਆਂ ਹਨ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਭਾਰਤ ਤਿੰਨਾਂ ਨਦੀਆਂ ਦੇ ਪਾਣੀ ਨੂੰ ਡਾਇਵਰਟ ਕਰਕੇ ਅਪਣੇ ਲੋਕਾਂ ਲਈ ਇਸਤੇਮਾਲ ਕਰਦਾ ਹੈ ਤਾਂ ਇਸ ਕਦਮ ਉਤੇ ਪਾਕਿਸਤਾਨ ਨੂੰ ਕੋਈ ਵੀ ਪ੍ਰੇਸ਼ਾਨੀ ਨਹੀਂ ਹੋਵੇਗੀ। ਸਿੰਧੂ ਪਾਣੀ ਸਮਝੌਤੇ ਦੇ ਤਹਿਤ ਰਾਵੀ, ਸਤਲੁਜ ਅਤੇ ਬਿਆਸ ਦੇ ਪਾਣੀ ਉਤੇ ਭਾਰਤ ਦਾ ਅਧਿਕਾਰ ਹੈ। ਦੱਸ ਦਈਏ ਕਿ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਇਕ ਪ੍ਰੋਗਰਾਮ ਵਿਚ ਇਹ ਕਿਹਾ ਸੀ ਕਿ ਸਿੰਧੂ ਪਾਣੀ ਸਮਝੌਤੇ ਦੇ ਤਹਿਤ ਆਉਣ ਵਾਲੀਆਂ ਨਦੀਆਂ ਰਾਵੀ, ਬਿਆਸ ਅਤੇ ਸਤਲੁਜ ਦਾ ਪਾਣੀ ਡਾਇਵਰਟ ਕਰਕੇ ਯਮੁਨਾ ਵਿਚ ਲਿਆਂਦਾ ਜਾਵੇਗਾ।
ਜੋ ਹੁਣ ਤੱਕ ਪਾਕਿਸਤਾਨ ਵਿਚ ਜਾ ਰਿਹਾ ਸੀ। ਪਾਣੀ ਨੂੰ ਡਾਇਵਰਟ ਕਰਨ ਨਾਲ ਜੰਮੂ-ਕਸ਼ਮੀਰ, ਪੰਜਾਬ, ਹਰਿਆਣਾ ਸਮੇਤ ਕਈ ਰਾਜਾਂ ਵਿਚ ਸਿੰਚਾਈ ਲਈ ਪਾਣੀ ਮਿਲੇਗਾ ਅਤੇ ਕਿਸਾਨ ਕਈ ਕਿਸਮ ਦੀ ਫ਼ਸਲ ਉਗਾ ਸਕਣਗੇ। ਇਨ੍ਹਾਂ ਤਿੰਨਾਂ ਪ੍ਰਾਜੈਕਟਾਂ ਉਤੇ ਪਹਿਲਾਂ ਹੀ ਕੰਮ ਸ਼ੁਰੂ ਹੋ ਚੁੱਕਿਆ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਅੱਗੇ ਕਿਹਾ ਕਿ ਤਿੰਨਾਂ ਨਦੀਆਂ ਦਾ ਪਾਣੀ ਡਾਇਵਰਟ ਕਰਨ ਦੀ ਯੋਜਨਾ ਲੰਮੀ ਹੈ, ਜਿਸ ਦਾ ਕੋਈ ਅਸਰ ਸਿੰਧੂ ਪਾਣੀ ਸਮਝੌਤੇ ਉਤੇ ਨਹੀਂ ਪਵੇਗਾ। ਆਉਣ ਵਾਲੇ 6 ਸਾਲਾਂ ਵਿਚ ਇਹ ਯੋਜਨਾ ਪੂਰੀ ਹੋਵੇਗੀ। ਨਦੀਆਂ ਉਤੇ ਬੰਨ੍ਹ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ।
ਦੱਸ ਦਈਏ ਕਿ ਨਿਤਿਨ ਗਡਕਰੀ ਪਾਕਿਸਤਾਨ ਜਾ ਰਹੇ ਭਾਰਤ ਦੇ ਹਿੱਸੇ ਦੇ ਪਾਣੀ ਨੂੰ ਡਾਇਵਰਟ ਕਰਨ ਦੀ ਗੱਲ ਪਹਿਲਾਂ ਵੀ ਕਹਿ ਚੁੱਕੇ ਹਨ। ਹਾਲਾਂਕਿ, ਉਨ੍ਹਾਂ ਦਾ ਇਹ ਬਿਆਨ ਅਜਿਹੇ ਸਮੇਂ ਤੇ ਆਇਆ ਹੈ ਜਦੋਂ ਪੁਲਵਾਮਾ ਨੂੰ ਲੈ ਕੇ ਭਾਰਤ ਪਾਕਿਸਤਾਨ ਦੇ ਵਿਚ ਤਨਾਅ ਹੈ।